ਲੁਧਿਆਣਾ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸੋਮਵਾਰ ਨੂੰ ਮਾਡਲ ਟਾਊਨ ਐਕਸਟੈਨਸ਼ਨ ਸ਼ਮਸ਼ਾਨਘਾਟ ਵਿਖੇ ਉੱਘੇ ਪੰਜਾਬੀ ਕਵੀ ਡਾ. ਸੁਰਜੀਤ ਪਾਤਰ ਦੇ ਅੰਤਮ ਸੰਸਕਾਰ ਵਿੱਚ ਸ਼ਾਮਲ ਹੋਏ। ਪਾਤਰ ਦਾ ਪੂਰੇ ਰਾਜਕੀ ਸਨਮਾਨ ਨਾਲ ਅੰੰਤਮ ਸੰਸਕਾਰ ਕੀਤਾ ਗਿਆ।
ਮੁੱਖ ਮੰਤਰੀ ਨੇ ਡਾਕਟਰ ਪਾਤਰ ਦੀ ਅੰਤਮ ਯਾਤਰਾ ਵਿਚ ਪਹੁੰਚ ਕੇ ਉਨ੍ਹਾ ਦੀ ਅਰਥੀ ਨੂੰ ਮੋਢਾ ਦਿੱਤਾ। ਡਾਕਟਰ ਪਾਤਰ ਦੇ ਪਰਵਾਰਿਕ ਮੈਂਬਰਾਂ ਨਾਲ ਭਗਵੰਤ ਮਾਨ ਨੇ ਮੁਲਾਕਾਤ ਕੀਤੀ ਅਤੇ ਉਨ੍ਹਾਂ ਨਾਲ ਦੁੱਖ ਸਾਂਝਾ ਕੀਤਾ।
ਮੀਡੀਆ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਪੰਜਾਬ ਸਰਕਾਰ ਸੂਬੇ ਵਿੱਚ ‘ਪਾਤਰ ਐਵਾਰਡ’ ਸ਼ੁਰੂ ਕਰੇਗੀ।ਇਸ ਪੁਰਸਕਾਰ ਵਿੱਚ ਇਨਾਮੀ ਰਾਸ਼ੀ ਵੀ ਦਿੱਤੀ ਜਾਵੇਗੀ। ਪੰਜਾਬ ਸਰਕਾਰ ਵੱਲੋਂ ਪ੍ਰਸਿੱਧ ਪੰਜਾਬੀ ਕਵੀ ਸੁਰਜੀਤ ਪਾਤਰ ਦੀ ਯਾਦ ਵਿੱਚ ਹਰ ਸਾਲ ਉੱਭਰਦੇ ਕਵੀਆਂ ਨੂੰ ਇੱਕ ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਇਹ ਪੁਰਸਕਾਰ 8ਵੀਂ ਜਮਾਤ ਤੋਂ ਲੈ ਕੇ ਗ੍ਰੈਜੂਏਟ ਪੱਧਰ ਤੱਕ ਦੇ ਵਿਦਿਆਰਥੀਆਂ ਲਈ ਹੋਵੇਗਾ।
ਇਸ ‘ਪਾਤਰ ਐਵਾਰਡ’ ਲਈ ਇੱਕ ਪੈਨਲ ਬਣਾਇਆ ਜਾਵੇਗਾ, ਜਿਸ ’ਚ ਸਾਹਿਤਕਾਰਾਂ ਨੂੰ ਸ਼ਾਮਲ ਕੀਤਾ ਜਾਵੇਗਾ ਅਤੇ ਉੱਭਰਦੇ ਕਵੀ ਇਨਾਮ ਜਿੱਤਣ ਲਈ ਮੁਕਾਬਲੇ ਵਿੱਚ ਹਿੱਸਾ ਲੈਣਗੇ। ਇਸ ਤੋਂ ਇਲਾਵਾ ਗ੍ਰੈਜੂਏਟ ਪੱਧਰ ਦੇ ਵਿਦਿਆਰਥੀਆਂ ਲਈ ਵੀ ਇੱਕ ਮੁਕਾਬਲਾ ਕਰਵਾਇਆ ਜਾਵੇਗਾ। ਮਾਨ ਨੇ ਕਿਹਾ ਕਿ ਇਸ ਐਵਾਰਡ ਦਾ ਉਦੇਸ਼ ਨੌਜਵਾਨਾਂ ਨੂੰ ਡਾ. ਸੁਰਜੀਤ ਪਾਤਰ ਨੂੰ ਪੜ੍ਹਨ, ਸਾਹਿਤ ਵਿੱਚ ਰੁਚੀ ਲੈਣ ਲਈ ਪ੍ਰੇਰਿਤ ਕਰਨਾ ਹੈ, ਤਾਂ ਜੋ ਉਹ ਵੀ ਉਨ੍ਹਾਂ ਵਾਂਗ ਲੇਖਕ ਅਤੇ ਕਵੀ ਬਣ ਸਕਣ।
ਉਨ੍ਹਾ ਕਿਹਾ ਕਿ ਡਾਕਟਰ ਪਾਤਰ ਕਹਿੰਦੇ ਸਨ ਕਿ ਪੰਜਾਬੀ ਭਾਸ਼ਾ ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਹਿੱਸਾ ਨਹੀਂ, ਅਸੀਂ ਆਪਣੀ ਮਾਂ ਬੋਲੀ ਨੂੰ ਹਰ ਖੇਤਰ ਵਿੱਚ ਅੱਗੇ ਲੈ ਕੇ ਜਾਣ ਦੀ ਪੂਰੀ ਕੋਸ਼ਿਸ਼ ਕਰਾਂਗੇ। ਉਨ੍ਹਾ ਕਿਹਾ ਕਿ ਪੰਜਾਬੀ ਮਾਂ ਬੋਲੀ ਦੇ ਇਸ ਮਾਣਮੱਤੇ ਪੁੱਤ ਦੇ ਸਨਮਾਨ ਲਈ ਜੋ ਵੀ ਕੀਤਾ ਜਾਵੇਗਾ, ਉਹ ਪੰਜਾਬੀ ਮਾਂ ਬੋਲੀ ਦੀ ਹੀ ਸੇਵਾ ਹੋਵੇਗੀ।