ਰਾਏ ਬਰੇਲੀ : ਰਾਹੁਲ ਗਾਂਧੀ ਨੇ ਆਪਣੇ ਚੋਣ ਹਲਕੇ ਰਾਏ ਬਰੇਲੀ ਵਿਚ ਸੋਮਵਾਰ ਪਹਿਲੀ ਰੈਲੀ ਵਿਚ ਜਜ਼ਬਾਤੀ ਤਕਰੀਰ ਕੀਤੀ, ਪਰ ਇਸ ਦੌਰਾਨ ਕੁਝ ਹਲਕੇ-ਫੁਲਕੇ ਪਲ ਵੀ ਦੇਖਣ ਨੂੰ ਮਿਲੇ। ਸਰੋਤਿਆਂ ਵਿੱਚੋਂ ਜਦੋਂ ਕੁਝ ਨੇ ਕਿਹਾ ਕਿ ਸ਼ਾਦੀ ਕਦੋਂ ਕਰਵਾ ਰਹੇ ਹੋ ਤਾਂ ਰਾਹੁਲ ਨੇ ਮੁਸਕਰਾਉਦਿਆਂ ਕਿਹਾਅਬ ਜਲਦੀ ਹੀ ਕਰਨੀ ਪੜੇਗੀ।
ਇਸ ਮੌਕੇ ਰਾਹੁਲ ਦੀ ਭੈਣ ਪਿ੍ਰਅੰਕਾ ਵੀ ਮੌਜੂਦ ਸੀ। ਰਾਹੁਲ ਨੇ ਕਿਹਾਸਾਡਾ ਰਾਏ ਬਰੇਲੀ ਨਾਲ 100 ਸਾਲ ਪੁਰਾਣਾ ਰਿਸ਼ਤਾ ਹੈ। ਕੁਝ ਦਿਨ ਪਹਿਲਾਂ ਜਦੋਂ ਮੈਂ ਆਪਣੀ ਮਾਂ ਨਾਲ ਬੈਠਾ ਸੀ, ਮੈਂ ਉਨ੍ਹਾ ਨੂੰ ਦੱਸਿਆ ਕਿ ਇਕ ਵੀਡੀਓ ਵਿਚ ਮੈਂ ਕਿਹਾ ਕਿ ਮੇਰੀਆਂ ਦੋ ਮਾਵਾਂ ਹਨ, ਸੋਨੀਆ ਜੀ ਤੇ ਇੰਦਰਾ ਜੀ। ਮੇਰੀ ਮਾਂ ਨੂੰ ਇਹ ਚੰਗਾ ਨਹੀਂ ਲੱਗਾ, ਪਰ ਮੈਂ ਦੱਸਿਆ ਕਿ ਮਾਂ ਬੱਚੇ ਨੂੰ ਰਾਹ ਦਿਖਾਉਦੀ ਤੇ ਉਸ ਦੀ ਰਾਖੀ ਕਰਦੀ ਹੈ। ਮੇਰੀ ਮਾਂ ਤੇ ਇੰਦਰਾ ਜੀ, ਦੋਹਾਂ ਨੇ ਮੇਰੇ ਲਈ ਇਹ ਕੀਤਾ। ਇਹ ਮੇਰੀਆਂ ਦੋਹਾਂ ਮਾਵਾਂ ਦੀ ਕਰਮ ਭੂਮੀ ਹੈ। ਇਸੇ ਕਰਕੇ ਮੈਂ ਇੱਥੇ ਚੋਣ ਲੜਨ ਆਇਆ ਹਾਂ।
ਰਾਹੁਲ ਨੇ ਦੋਸ਼ ਲਾਇਆ ਕਿ ਭਾਜਪਾ ਤੇ ਆਰ ਐੱਸ ਐੱਸ ਦੇ ਲੋਕ ਸੰਵਿਧਾਨ ਖਤਮ ਕਰਨਾ ਚਾਹੁੰਦੇ ਹਨ। ਉਨ੍ਹਾਂ ਦੇ ਆਗੂ ਸ਼ਰੇਆਮ ਕਹਿੰਦੇ ਹਨ ਕਿ ਜੇ ਮੁੜ ਸੱਤਾ ਵਿਚ ਆ ਗਏ ਤਾਂ ਸੰਵਿਧਾਨ ਬਦਲ ਦੇਣਗੇ।
ਉਨ੍ਹਾ ਕਿਹਾ ਕਿ ਇੰਡੀਆ ਗੱਠਜੋੜ ਸੱਤਾ ਵਿਚ ਆਉਣ ’ਤੇ ਸਭ ਤੋਂ ਪਹਿਲਾ ਕੰਮ ਗਰੀਬ ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਦਾ ਕਰੇਗਾ।