ਭਿੱਖੀਵਿੰਡ : ਹਿੰਦ-ਪਾਕਿ ਬਾਰਡਰ ’ਤੇ ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਤਾਰੂ ਸਿੰਘ ਦੇ ਨਗਰ, ਜੋ ਵਾਂ ਤਾਰਾ ਸਿੰਘ ਦੇ ਨਾਂਅ ਨਾਲ ਮਸ਼ਹੂਰ ਹੈ, ਵਿਖੇ ਸੀ ਪੀ ਐੱਮ ਤੇ ਸੀ ਪੀ ਆਈ ਦੇ ਪਾਰਲੀਮੈਂਟ ਹਲਕਾ ਖਡੂਰ ਸਾਹਿਬ ਦੇ ਉਮੀਦਵਾਰ ਗੁਰਦਿਆਲ ਸਿੰਘ ਖਡੂਰ ਸਾਹਿਬ ਦੇ ਹੱਕ ਵਿੱਚ ਸਮੂਹ ਪਿੰਡ ਵਾਸੀਆਂ ਨੇ ਵਿਸ਼ਾਲ ਮੀਟਿੰਗ ਦਲੀਪ ਸਿੰਘ ਤੇ ਨਿਸ਼ਾਨ ਸਿੰਘ ਵਾਂ ਦੀ ਅਗਵਾਈ ਹੇਠ ਕੀਤੀ। ਇਸ ਤੋਂ ਬਿਨਾਂ ਅਲਗੋਂ ਖੁਰਦ, ਅਲਗੋਂ ਕਲਾਂ, ਭਗਵਾਨਪੁਰਾ ਖੁਰਦ, ਸਿੱਧਵਾਂ, ਮੁਗਲ ਚੱਕ ਤੇ ਲਖਨਾ ਤਪਾ ਵਿਖੇ ਮੀਟਿੰਗਾਂ ਕੀਤੀਆਂ ਗਈਆਂ।
ਇਹਨਾਂ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਸੀ ਪੀ ਆਈ ਦੇ ਕੌਮੀ ਕੌਂਸਲ ਮੈਂਬਰ ਪਿਰਥੀਪਾਲ ਸਿੰਘ ਮਾੜੀਮੇਘਾ ਤੇ ਪੰਜਾਬ ਖੇਤ ਮਜ਼ਦੂਰ ਸਭਾ ਦੀ ਸੂਬਾਈ ਜਨਰਲ ਸਕੱਤਰ ਦੇਵੀ ਕੁਮਾਰੀ ਨੇ ਕਿਹਾ ਕਿ ਮਿਹਨਤਕਸ਼ਾਂ ਦੇ ਮਸੀਹੇ ਗੁਰਦਿਆਲ ਸਿੰਘ ਦੀ ਜਿੱਤ ਯਕੀਨੀ ਹੈ। ਲੋਕ ਪਹਿਚਾਣ ਚੁੱਕੇ ਹਨ ਕਿ ਧਨਾਢ ਪਾਰਟੀਆਂ ਦੇ ਉਮੀਦਵਾਰ ਜਿੱਤਣ ਤੋਂ ਬਾਅਦ ਇਲਾਕਾ ਵਾਸੀਆਂ ਦੀ ਖ਼ਬਰ ਨਹੀਂ ਲੈਂਦੇ। ਇੱਕ ਲੋਕ ਸਭਾ ਦੇ ਮੈਂਬਰ ਹੋਣ ਦੇ ਨਾਤੇ ਜੋ ਉਹ ਇਲਾਕੇ ਦੇ ਲੋਕਾਂ ਨੂੰ ਫਾਇਦੇ ਦੇ ਸਕਦੇ ਹਨ, ਉਹ ਕੰਮ ਨਹੀਂ ਕਰਦੇ, ਉਲਟਾ ਜੋ ਪਾਰਲੀਮੈਂਟ ਮੈਂਬਰ ਨੂੰ ਇਲਾਕੇ ਦੇ ਲੋਕਾਂ ਵਾਸਤੇ ਕੰਮ ਕਰਨ ਦੇ ਪੈਸੇ ਭਾਵ ਗਰਾਂਟ ਮਿਲਦੀ ਹੈ, ਉਹ ਅਫ਼ਸਰਸ਼ਾਹੀ ਤੇ ਪਿੰਡਾਂ ਦੇ ਆਪੇ ਬਣੇ ਚੌਧਰੀਆਂ ਨਾਲ ਮਿਲ ਕੇ ਹੜੱਪ ਜਾਂਦੇ ਹਨ। ਪਿੰਡਾਂ ਵਿੱਚ ਜਦੋਂ ਅਸੀਂ ਮੀਟਿੰਗਾਂ ਕਰਨ ਜਾਂਦੇ ਹਾਂ ਤਾਂ ਲੋਕ ਆਮ ਹੀ ਆਖਦੇ ਹਨ ਕਿ ਐਤਕੀਂ ਤੁਹਾਡੀ ਵਾਰੀ ਹੈ, ਲੋਕਾਂ ਨੇ ਕਾਂਗਰਸ ਤੇ ਅਕਾਲੀਆਂ ਦੇ ਬਦਲਾਵ ਵਜੋਂ ਆਪ ਨੂੰ ਮੌਕਾ ਦਿੱਤਾ ਸੀ, ਪਰ ਇਹ ਪਾਰਟੀ ਉਨ੍ਹਾਂ ਤੋਂ ਵੀ ਵਧੇਰੇ ਬੇਈਮਾਨ, ਕੁਰੱਪਟ ਤੇ ਰਿਸ਼ਵਤਖੋਰ ਨਿਕਲੀ।ਉਹਨਾਂ ਆਪਣੇ ਪਾਰਟੀ ਕਾਡਰ ਨੂੰ ਜ਼ੋਰ ਦੇ ਕੇ ਕਿਹਾ ਕਿ ਮੌਕੇ ਦੀ ਨਜ਼ਾਕਤ ਨੂੰ ਪਛਾਣਦਿਆਂ ਹੋਇਆਂ ਉਹ ਦਿਨ-ਰਾਤ ਗੁਰਦਿਆਲ ਸਿੰਘ ਨੂੰ ਜਿਤਾਉਣ ਵਾਸਤੇ ਇੱਕ ਕਰ ਦੇਣ।ਪਿੰਡਾਂ ਦੇ ਹਾਲਾਤ ਇਹ ਦੱਸਦੇ ਹਨ ਕਿ ਪਿੰਡਾਂ ਦੇ ਪਤਵੰਤੇ ਆਪਣੀ ਸਰਪੰਚੀ ਦੀ ਲੜਾਈ ਲੜ ਰਹੇ ਹਨ ਤੇ ਉਹ ਕਿਸੇ ਉਮੀਦਵਾਰ ਦੇ ਹੱਕ ਵਿੱਚ ਨਿੱਤਰ ਕੇ ਸਾਹਮਣੇ ਨਹੀਂ ਆ ਰਹੇ, ਇਸ ਪ੍ਰਸਥਿਤੀ ਵਿੱਚ ਜਿਹੜਾ ਵੀ ਪਤਵੰਤੇ ਵੋਟਰਾਂ ਦੇ ਘਰਾਂ ਵਿੱਚ ਉਨ੍ਹਾਂ ਨੂੰ ਵੋਟ ਪਾਉਣ ਦੀ ਬੇਨਤੀ ਕਰਨ ਚਲੇ ਗਿਆ, ਉਸ ਦੀ ਫਤਹਿ ਹੋ ਜਾਵੇਗੀ। ਇਸ ਲਈ ਪਾਰਟੀ ਕਾਡਰ ਘਰ-ਘਰ ਵੋਟਰਾਂ ਤੱਕ ਪਹੁੰਚ ਕਰੇ। ਆਗੂਆਂ ਨੇ ਪਿੰਡ ਵਾਸੀਆਂ ਨੂੰ ਸੰਬੋਧਨ ਦੌਰਾਨ ਕਿਹਾ ਕਿ ਗੁਰਦਿਆਲ ਸਿੰਘ 18 ਸਾਲ ਦੀ ਉਮਰ ਤੋਂ ਹਰੇਕ ਵਿਅਕਤੀ ਦੇ ਸਰਕਾਰੀ ਰੁਜ਼ਗਾਰ ਵਾਸਤੇ ਲੋਕ ਸਭਾ ਵਿੱਚ ਭਗਤ ਸਿੰਘ ਕੌਮੀ ਰੁਜ਼ਗਾਰ ਗਰੰਟੀ ਕਾਨੂੰਨ ਬਣਾਉਣ ’ਤੇ ਜ਼ੋਰ ਦੇਵੇਗਾ। ਇਸ ਕਾਨੂੰਨ ਦੇ ਤਹਿਤ ਇਕੱਲਾ ਰੁਜ਼ਗਾਰ ਹੀ ਨਹੀਂ, 10+2 ਤੱਕ ਹਰੇਕ ਬੱਚੇ ਨੂੰ ਮੁਫ਼ਤ ਤੇ ਲਾਜ਼ਮੀ ਵਿਦਿਆ, ਐੱਮ ਏ ਤੱਕ ਲੜਕੀਆਂ ਨੂੰ ਮੁਫਤ ਵਿਦਿਆ, ਹਰੇਕ ਮਨੁੱਖ ਨੂੰ ਘਰ ਬਣਾ ਕੇ ਦੇਣਾ ਅਤੇ ਮੁਫ਼ਤ ਸਿਹਤ ਸਹੂਲਤ ਵੀ ਮਿਲੇਗੀ। ਇਸ ਤੋਂ ਇਲਾਵਾ ਗੁਰਦਿਆਲ ਸਿੰਘ ਲੋਕ ਸਭਾ ਵਿੱਚ ਕਿਸਾਨਾਂ, ਮਜ਼ਦੂਰਾਂ, ਛੋਟੇ ਦੁਕਾਨਦਾਰਾਂ ਤੇ ਕਾਰਖਾਨੇਦਾਰਾਂ ਦੇ ਕਰਜ਼ੇ ਮੁਆਫ਼ ਕਰਨ ਲਈ ਵੀ ਲੜੇਗਾ। ਬੁਢਾਪਾ, ਵਿਧਵਾ, ਬੇਸਹਾਰਾ ਤੇ ਅੰਗਹੀਣਾਂ ਦੀਆਂ ਪੈਨਸ਼ਨਾਂ ਦੇ ਵਾਧੇ ਤੇ ਲਗਾਤਾਰਤਾ ਨੂੰ ਯਕੀਨੀ ਬਣਾਉਣ ਲਈ ਆਵਾਜ਼ ਉਠਾਏਗਾ। ਪੜ੍ਹ ਰਹੇ ਵਿਦਿਆਰਥੀਆਂ ਨੂੰ ਵਜ਼ੀਫ਼ੇ ਲਗਾਤਾਰ ਮਿਲਣ, ਇਹ ਯਕੀਨੀ ਬਣਾਵੇਗਾ। ਗੁਰਦਿਆਲ ਸਿੰਘ ਨੇ ਕਿਹਾ ਕਿ ਡਿਪੂ ਰਾਹੀਂ ਮਿਲਦੇ ਰਾਸ਼ਨ ਨੂੰ ਮੁੜ ਚਾਲੂ ਕਰਾਉਣ ’ਤੇ ਮੈਂ ਜ਼ੋਰ ਪਾਵਾਂਗਾ। ਫ਼ਸਲਾਂ ਦੀ ਖਰੀਦ ਵਾਸਤੇ ਐੱਮ ਐੱਸ ਪੀ ਹਰੇਕ ਫਸਲ ’ਤੇ ਲਾਗੂ ਕਰਾਉਣ ਲਈ ਲੋਕ ਸਭਾ ਵਿੱਚ ਸੰਘਰਸ਼ ਕਰਾਂਗਾ। ਰਸੋਈ ਗੈਸ ਸਿਲੰਡਰ ਦੀ ਕੀਮਤ ਜੋ ਅਸਮਾਨ ਨੂੰ ਛੂਹ ਚੁੱਕੀ ਹੈ, ਉਸ ਨੂੰ ਘੱਟ ਕਰਾਂਗਾ। ਇਸ ਲਈ ਪਹਿਲੀ ਜੂਨ ਵਾਲੇ ਦਿਨ ਦਾਤਰੀ ਸਿੱਟੇ ਵਾਲਾ ਬਟਨ ਦਬਾ ਕੇ ਮੈਨੂੰ ਨੂੰ ਕਾਮਯਾਬ ਕਰੋ। ਇਸ ਮੌਕੇ ਨਰਿੰਦਰ ਸਿੰਘ ਅਲਗੋਂ, ਸੁਖਦੇਵ ਸਿੰਘ ਕੋਟ ਧਰਮ ਚੰਦ, ਕੁਲਵੰਤ ਸਿੰਘ ਖਡੂਰ ਸਾਹਿਬ, ਮਨਜੀਤ ਕੌਰ ਅਲਗੋਂ ਖੁਰਦ, ਬਿੰਦੋ ਅਲਗੋਂ ਕਲਾਂ, ਟਹਿਲ ਸਿੰਘ ਲੱਧੂ, ਹਰਚੰਦ ਸਿੰਘ ਭਗਵਾਨਪੁਰਾ, ਅਸ਼ਵਨੀ ਸਿੱਧਵਾਂ, ਲਖਵਿੰਦਰ ਸਿੰਘ ਚੱਕ ਤੇ ਨਿਸ਼ਾਨ ਸਿੰਘ ਸੂਰਵਿੰਡ ਆਦਿ ਮੌਜੂਦ ਸਨ।