ਅੰਮਿ੍ਰਤਸਰ (ਜਸਬੀਰ ਸਿੰਘ ਪੱਟੀ)
ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਵੀਰਵਾਰ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ। ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ’ਚ ਆਉਂਦਿਆਂ ਹੀ ਉਨ੍ਹਾ ਸਭ ਤੋਂ ਪਹਿਲਾਂ ਸਰੋਵਰ ਦਾ ਜਲ ਛਕ ਕੇ ਪਰਿਕਰਮਾ ਕੀਤੀ। ਉਹ ਦੁਰਗਿਆਨਾ ਮੰਦਰ ਵੀ ਨਤਮਸਤਕ ਹੋਏ। ਫਿਰ ਉਨ੍ਹਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ ਦੇ ਹੱਕ ’ਚ ਰੋਡ ਸ਼ੋਅ ਕੀਤਾ।
ਇਸਤੋਂ ਪਹਿਲਾਂ ਦਿਨੇ ਕੇਜਰੀਵਾਲ ਨੇ ਲਖਨਊ ਵਿਚ ਦਾਅਵਾ ਕੀਤਾ ਕਿ ਜੇ ਭਾਜਪਾ ਮੁੜ ਸੱਤਾ ’ਚ ਆਉਂਦੀ ਹੈ ਤਾਂ ਉਹ ਸੰਵਿਧਾਨ ਨੂੰ ਬਦਲ ਕੇ ਰਾਖਵਾਂਕਰਨ ਖਤਮ ਕਰ ਦੇਵੇਗੀ ਤੇ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੂੰ ਬਦਲ ਦੇਵੇਗੀ।
ਉਨ੍ਹਾ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨਾਲ ਸਾਂਝੀ ਪ੍ਰੈੱਸ ਕਾਨਫਰੰਸ ’ਚ ਕਿਹਾ ਕਿ ਭਾਜਪਾ ਵਾਲੇ ਚਾਰ-ਪੰਜ ਮਹੀਨਿਆਂ ਤੋਂ ਚਾਰ ਸੌ ਪਾਰ ਦਾ ਰੌਲਾ ਪਾ ਰਹੇ ਹਨ।
ਇਸ ਲਈ ਉਹ ‘ਚਾਰ ਸੌ ਪਾਰ’ ਸੀਟਾਂ ਚਾਹੁੰਦੇ ਹਨ ਕਿਉਂਕਿ ਉਹ ਰਾਖਵੇਂਕਰਨ ਨੂੰ ਖਤਮ ਕਰਨਾ ਚਾਹੁੰਦੇ ਹਨ ਅਤੇ ਬਾਬਾ ਸਾਹਿਬ ਦੁਆਰਾ ਬਣਾਏ ਸੰਵਿਧਾਨ ਨੂੰ ਖਤਮ ਕਰਨਾ ਚਾਹੁੰਦੇ ਹਨ। ਅਖਿਲੇਸ਼ ਯਾਦਵ ਨੇ ਦਾਅਵਾ ਕੀਤਾ ਕਿ ਪਹਿਲੇ ਚਾਰ ਪੜਾਵਾਂ ’ਚ ਭਾਜਪਾ ਹਾਰ ਚੁੱਕੀ ਹੈ।





