ਕੋਟਕਪੂਰਾ, (ਰਛਪਾਲ ਭੁੱਲਰ)-ਕਾਮਰੇਡ ਅਮੋਲਕ ਸਿੰਘ ਔਲਖ ਦੇ ਪਿੰਡ ਔਲਖ ਵਿਖੇ ਕਾਮਰੇਡ ਅਮੋਲਕ ਅਤੇ ਸਾਥੀਆਂ ਦੀ ਯਾਦਗਾਰ ’ਤੇ ਭਾਰਤੀ ਕਮਿਊਨਿਸਟ ਪਾਰਟੀ ਨੇ ਆਪਣੇ ਉਮੀਦਵਾਰ ਮਾਸਟਰ ਗੁਰਚਰਨ ਸਿੰਘ ਮਾਨ ਦੇ ਹੱਕ ਵਿੱਚ ਭਾਰੀ ਚੋਣ ਜਲਸਾ ਕੀਤਾ। ਇਸ ਜਲਸੇ ਵਿੱਚ ਇਕੱਠੇ ਹੋਏ ਆਮ ਲੋਕਾਂ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਕੌਮੀ ਕੌਂਸਲ ਮੈਂਬਰ ਜਗਰੂਪ ਸਿੰਘ, ਮੋਗਾ ਜ਼ਿਲੇ ਦੇ ਸਕੱਤਰ ਕੁਲਦੀਪ ਭੋਲਾ ਨੇ ਕਿਹਾ ਕਿ ਭਾਜਪਾ ਦੇ 10 ਸਾਲਾ ਰਾਜ ਵਿੱਚ ਲੋਕ ਤੰਗੀਆਂ-ਤੁਰਸ਼ੀਆਂ ਦਾ ਸ਼ਿਕਾਰ ਹੋਏ ਹਨ, ਮੋਦੀ ਨੇ ਦੇਸ਼ ਨੂੰ ਬਰਬਾਦ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ।ਸੀ ਏ ਏ ਵਰਗੇ ਅਤੇ ਨਵੇਂ ਖੇਤੀ ਕਾਨੂੰਨਾਂ ਵਰਗੇ ਭਿਆਨਕ ਕਾਨੂੰਨ ਲਿਆ ਕੇ ਸਾਰੇ ਕਿਰਤੀ ਵਰਗ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮਜ਼ਦੂਰਾਂ ਲਈ ਨਵੇਂ ਲੇਬਰ ਕੋਡ ਲਾਗੂ ਕਰਕੇ ਹੋਰ ਬੇਰੁਜ਼ਗਾਰੀ ਵੱਲ ਤੱਕਿਆ ਜਾ ਰਿਹਾ ਹੈ। ਕਮਿਊਨਿਸਟਾਂ ਵੱਲੋਂ ਕੁਰਬਾਨੀਆਂ ਨਾਲ ਲਏ ਹੋਏ ਕਾਨੂੰਨਾਂ, ਨਰੇਗਾ, ਆਰ ਟੀ ਆਈ ਵਰਗਿਆਂ ਨੂੰ ਤੋੜਨ-ਮਰੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੋ ਹੁਣ ਲੋਕ ਜਾਗ ਚੁੱਕੇ ਹਨ, ਇਸ ਨੂੰ ਕਾਮਯਾਬ ਨਹੀਂ ਹੋਣ ਦੇਣਗੇ। ਉਹਨਾਂ ਕਿਹਾ ਕਿ ਦੇਸ਼ ਨੂੰ ਬਚਾਉਣ ਲਈ ਹੁਣ ਭਾਜਪਾ ਨੂੰ ਹਰਾਉਣਾ ਜ਼ਰੂਰੀ ਹੋ ਗਿਆ ਹੈ।
ਸੀ ਪੀ ਆਈ (ਐੱਮ) ਦੇ ਸਿਕੰਦਰ ਸਿੰਘ ਔਲਖ ਨੇ ਬਾਹਰੋਂ ਆਏ ਹੋਏ ਲੀਡਰਾਂ ਦਾ ਸਵਾਗਤ ਕੀਤਾ । ਬਲਵੀਰ ਸਿੰਘ ਔਲਖ ਨੇ ਸਾਰਿਆਂ ਦਾ ਧੰਨਵਾਦ ਕੀਤਾ। ਸਟੇਜ ਸਕੱਤਰ ਦੀ ਭੂਮਿਕਾ ਕਾਮਨ ਗੋਰਾ ਪਿਪਲੀ ਨੇ ਬਖੂਬੀ ਨਿਭਾਈ। ਇਸ ਸਮੇਂ ਸੁਖਦਰਸ਼ਨ ਰਾਮ ਸ਼ਰਮਾ, ਨਿੱਕਾ ਔਲਖ, ਰੁਪਿੰਦਰ ਕੌਰ ਔਲਖ, ਮਨਜੀਤ ਕੌਰ ਨੱਥੇਵਾਲਾ ਅਤੇ ਹੋਰ ਬਹੁਤ ਸਾਰੇ ਆਗੂ ਵੀ ਹਾਜ਼ਰ ਸਨ। ਸਾਰੇ ਆਗੂਆਂ ਨੇ ਆਪਣੇ ਭਾਸ਼ਣ ਵਿੱਚ ਮਾਸਟਰ ਗੁਰਚਰਨ ਸਿੰਘ ਮਾਨ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਉਣ ਦੀ ਅਪੀਲ ਵੀ ਕੀਤੀ।