ਚੋਹਲਾ ਸਾਹਿਬ (ਰਮਨ ਚੱਡਾ)-ਗ਼ਦਰੀ ਬਾਬਿਆਂ ਦੀ ਧਰਤੀ ਦਦੇਹਰ ਸਾਹਿਬ ਵਿਖੇ ਸੰਤ ਬਾਬਾ ਵਿਸਾਖਾ ਸਿੰਘ ਦੇ ਜਨਮ ਅਸਥਾਨ ਵਾਲੇ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਚੌਕ ਵਿੱਚ ਸੀ ਪੀ ਆਈ ਤੇ ਸੀ ਪੀ ਆਈ ਐੱਮ ਦੇ ਪਾਰਲੀਮੈਂਟ ਹਲਕਾ ਖਡੂਰ ਸਾਹਿਬ ਦੇ ਸਾਂਝੇ ਉਮੀਦਵਾਰ ਗੁਰਦਿਆਲ ਸਿੰਘ ਦੇ ਹੱਕ ਵਿੱਚ ਬਲਵਿੰਦਰ ਸਿੰਘ ਦਦੇਹਰ ਸਾਹਿਬ ਦੀ ਅਗਵਾਈ ਹੇਠ ਖੁੱਲ੍ਹੀ ਮੀਟਿੰਗ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸੀ ਪੀ ਆਈ ਦੇ ਕੌਮੀ ਕੌਂਸਲ ਮੈਂਬਰ ਪਿਰਥੀਪਾਲ ਸਿੰਘ ਮਾੜੀਮੇਘਾ ਨੇ ਕਿਹਾ ਕੇਂਦਰ ਦੀ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਨੇ ਲੋਕਾਂ ਨੂੰ ਇਕੱਲਾ ਮਹਿੰਗਾਈ ਦੀ ਚੱਕੀ ਵਿੱਚ ਪੀਸਿਆ ਹੀ ਨਹੀਂ, ਸਗੋਂ ਜਾਤ, ਧਰਮ, ਨਸਲ, ਫਿਰਕੇ ਤੇ ਇਲਾਕਾਵਾਦ ਵਿੱਚ ਵੰਡ ਕੇ ਮੁਲਖ਼ ਦੀ ਤਬਾਹੀ ਕੀਤੀ ਹੈ। ਕਾਂਗਰਸ ‘ਇੰਡੀਆ’ ਗੱਠਜੋੜ ਦਾ ਹਿੱਸਾ ਹੈ, ਪਰ ਸਾਰੇ ਦੇਸ਼ ਵਿੱਚ ਕਮਿਊਨਿਸਟਾਂ ਨਾਲ ਕੋਈ ਸਮਝੌਤਾ ਨਹੀਂ ਕੀਤਾ। ‘ਆਪ’ ਵੀ ਇੰਡੀਆ ਦਾ ਹਿੱਸਾ ਹੈ, ਪਰ ਉਨ੍ਹਾਂ ਨੂੰ ਪੰਜਾਬ ਦੀ ਹਕੂਮਤ ਦਾ ਨਸ਼ਾ ਚੜ੍ਹਿਆ ਹੋਇਆ ਹੈ ਤੇ ਕੋਈ ਗੱਲ ਨਹੀਂ ਕੀਤੀ, ਇਸ ਪ੍ਰਸਥਿਤੀ ਵਿੱਚ ਸੀ ਪੀ ਆਈ ਤੇ ਸੀ ਪੀ ਐੱਮ ਨੇ ਉਕਤ ਭਿ੍ਰਸ਼ਟ ਪਾਰਟੀਆਂ ਨੂੰ ਭਾਂਜ ਦੇਣ ਵਾਸਤੇ ਖਡੂਰ ਸਾਹਿਬ ਹਲਕੇ ਤੋਂ ਗੁਰਦਿਆਲ ਸਿੰਘ ਨੂੰ ਮੈਦਾਨ ਵਿੱਚ ਉਤਾਰਿਆ ਹੈ। ਇਸ ਲਈ ਦਾਤਰੀ-ਸਿੱਟੇ ਵਾਲਾ ਬਟਨ ਦਬਾ ਕੇ ਗੁਰਦਿਆਲ ਸਿੰਘ ਨੂੰ ਕਾਮਯਾਬ ਬਣਾਓ।ਗੁਰਦਿਆਲ ਸਿੰਘ ਖਡੂਰ ਸਾਹਿਬ ਨੇ ਕਿਹਾ ਕਿ ਮੈਨੂੰ ਵੋਟਾਂ ਪਾਓ, ਮੈਂ ਲੋਕਾਂ ਦੀ ਜ਼ਿੰਦਗੀ ਨਾਲ ਜੁੜੇ ਮਸਲਿਆਂ ਨੂੰ ਲੋਕ ਸਭਾ ਵਿੱਚ ਉਠਾਵਾਂਗਾ। ਇਸ ਮੌਕੇ ਲੇਖ ਸਿੰਘ ਸੂਬੇਦਾਰ, ਨੇਕ ਸਿੰਘ ਤੇ ਕੁਲਦੀਪ ਸਿੰਘ ਸੈਕਟਰੀ ਵੀ ਮੌਜੂਦ ਸਨ।