ਲੋਕ ਸਭਾ ਚੋਣਾਂ ਦੀ ਪ੍ਰਕਿਰਿਆ ਅੰਤਮ ਦੌਰ ਵਿੱਚ ਹੈ। ਰਹਿੰਦੇ ਗੇੜ ਅਗਲੇ 10 ਕੁ ਦਿਨਾਂ ’ਚ ਮੁਕੰਮਲ ਹੋ ਜਾਣਗੇ। ਇਸ ਸਮੇਂ ਮੁੱਖ ਤੌਰ ’ਤੇ ਸੱਤਾਧਾਰੀ ਗੱਠਜੋੜ ‘ਐਨ ਡੀ ਏ’ ਤੇ ਵਿਰੋਧੀ ਦਲਾਂ ਦਾ ਸੰਗਠਨ ‘ਇੰਡੀਆ’ ਆਹਮੋ-ਸਾਹਮਣੀ ਲੜਾਈ ਲੜ ਰਹੇ ਹਨ। ਇਨ੍ਹਾਂ ਤੋਂ ਇਲਾਵਾ ਇਸ ਚੋਣ ਵਿੱਚ ਜਨਤਾ ਨੇ ਮੁੱਖ ਧਿਰ ਬਣ ਕੇ ਲੋਕਤੰਤਰ ਦੀ ਰਾਖੀ ਲਈ ਮੈਦਾਨ ਮੱਲਿਆ ਹੋਇਆ ਹੈ। ਸਮੁੱਚੇ ਦੇਸ਼ ਦੇ ਅਨੇਕ ਸਮਾਜਿਕ ਸੰਗਠਨ, ਜਿਨ੍ਹਾਂ ਕੋਈ ਕੁਰਸੀ ਹਾਸਲ ਨਹੀਂ ਕਰਨੀ, ਫਾਸ਼ੀਵਾਦੀ ਹਾਕਮਾਂ ਨੂੰ ਸੱਤਾ ਤੋਂ ਬੇਦਖ਼ਲ ਕਰਨ ਲਈ ਲਗਾਤਾਰ ਸੰਘਰਸ਼ ਕਰ ਰਹੇ ਹਨ। ਹਾਕਮਾਂ ਦੇ ਭੜਕਾਊ ਭਾਸ਼ਣਾਂ ਦੇ ਬਾਵਜੂਦ ਜਨਤਾ ਬੇਹੱਦ ਸ਼ਾਂਤ-ਚਿੱਤ ਤੇ ਦਿ੍ਰੜ੍ਹਤਾ ਨਾਲ ਏਕਤਾਬੱਧ ਹੋ ਕੇ ਫਾਸ਼ੀਵਾਦ ਨੂੰ ਚੁਣੌਤੀ ਦੇ ਰਹੀ ਹੈ।
ਜਨਤਕ ਜਥੇਬੰਦੀਆਂ ਦੀ ਪਿਛਲੇ 5 ਸਾਲਾਂ ਦੀ ਲੰਮੀ ਲੜਾਈ ਤੇ ਚੋਣਾਂ ਵਿੱਚ ਜਨਤਾ ਦੀ ਭਾਈਵਾਲੀ ਨੇ ਮੋਦੀ-ਸ਼ਾਹ ਦੇ ਜੰਗਲ ਰਾਜ ਦੀ ਵਿਦਾਇਗੀ ਦੇ ਦਸਤਾਵੇਜ਼ਾਂ ’ਤੇ ਦਸਤਖਤ ਕਰ ਦਿੱਤੇ ਹਨ। ਮੋਦੀ ਰਾਜ ਦੇ ਪਤਨ ਦਾ ਕਾਰਨ ਉਸ ਦੇ ਗੁਨਾਹ ਤੇ ਕਰਤੂਤਾਂ ਹਨ। ਜਨਤਾ ਨੇ ਪਿਛਲੇ 10 ਸਾਲਾਂ ਦੌਰਾਨ ਇਨ੍ਹਾਂ ਗੁਨਾਹਾਂ ਤੇ ਕਰਤੂਤਾਂ ਦੀ ਮਾਰ ਝੱਲੀ ਹੈ। ਹਾਕਮਾਂ ਦੇ ਤਰਲਿਆਂ ਦੇ ਬਾਵਜੂਦ ਜਨਤਾ ਉਨ੍ਹਾਂ ਨੂੰ ਮਾਫ਼ ਕਰਨ ਲਈ ਤਿਆਰ ਨਹੀਂ, ਪਰ ਇੱਕ ਗੱਲ ਸਭ ਨੂੰ ਸਮਝ ਲੈਣੀ ਚਾਹੀਦੀ ਹੈ ਕਿ ਮੌਜੂਦਾ ਹਾਕਮ ਚੁੱਪ ਕੀਤੇ ਗੱਦੀ ਛੱਡ ਦੇਣਗੇ, ਇਹ ਸੰਭਵ ਨਹੀਂ ਲਗਦਾ, ਕਿਉਂਕਿ ਹਾਕਮਾਂ ਦੇ ਗੁਨਾਹਾਂ ਦਾ ਭਾਰ ਏਨਾ ਵੱਧ ਹੈ ਕਿ ਨਤੀਜਿਆਂ ਦਾ ਡਰ ਉਨ੍ਹਾਂ ਦੇ ਅੰਦਰਲੇ ਨੂੰ ਕੰਬਣੀ ਛੇੜ ਰਿਹਾ ਹੈ।
ਚੋਣ ਬਾਂਡਾਂ ਦੇ ਮਹਾਂ ਘੁਟਾਲੇ ਨੂੰ ਸੁਪਰੀਮ ਕੋਰਟ ਬੇਨਕਾਬ ਕਰ ਚੁੱਕੀ ਹੈ। ਇਸ ਸਾਰੇ ਘੁਟਾਲੇ ਦੌਰਾਨ ਦਾਨ ਦੇਣ ਵਾਲਿਆਂ ਨਾਲ ਕੀ-ਕੀ ਸੌਦੇ ਹੋਏ, ਨਵੀਂ ਸਰਕਾਰ ਆਉਣ ’ਤੇ ਉਹ ਖੁੱਲ੍ਹਣੇ ਲਾਜ਼ਮੀ ਹਨ। ਮੌਜੂਦਾ ਸਰਕਾਰ ਜਾਂਦੀ ਹੈ ਤਾਂ ਪੀ ਐੱਮ ਕੇਅਰਜ਼ ਫੰਡ ਵਿੱਚ ਕਿੰਨਾ ਤੇ ਕਿੱਥੋਂ ਪੈਸਾ ਆਇਆ ਤੇ ਉਹ ਕਿੱਥੇ ਗਿਆ, ਇਸ ਦਾ ਵੀ ਹਿਸਾਬ-ਕਿਤਾਬ ਖੁੱਲ੍ਹੇਗਾ। ਰਾਫੇਲ ਸੌਦੇ ਦਾ ਜਿਹੜਾ ਵੇਰਵਾ ਸੁਪਰੀਮ ਕੋਰਟ ਅੰਦਰ ਸੀਲਬੰਦ ਲਿਫ਼ਾਫੇ ਵਿੱਚ ਪਿਆ ਹੈ, ਉਸ ਦੀ ਫਾਈਲ ਵੀ ਦੁਬਾਰਾ ਖੁੱਲੇ੍ਹਗੀ ਹੀ। ਇਹ ਪਤਾ ਲੱਗ ਜਾਵੇਗਾ ਕਿ ਪੱਤਰਕਾਰਾਂ ਤੇ ਜੱਜਾਂ ਤੱਕ ਦੀ ਜਾਸੂਸੀ ਲਈ ਖਰੀਦਿਆ ਗਿਆ ‘ਪੈਗਾਸਸ’ ਨਾਂਅ ਦਾ ਜਸੂਸੀ ਯੰਤਰ ਕਦੋਂ ਤੇ ਕਿਸ ਵਿਭਾਗ ਨੇ ਖਰੀਦਿਆ ਸੀ।
ਜਨਤਕ ਜਾਇਦਾਦਾਂ ਆਪਣੇ ਕਾਰਪੋਰੇਟ ਮਿੱਤਰਾਂ ਨੂੰ ਕੌਡੀਆਂ ਦੇ ਭਾਅ ਦਿੱਤੇ ਜਾਣ ਦਾ ਵੀ ਪਰਦਾ ਫ਼ਾਸ਼ ਹੋਵੇਗਾ। ਖੋਜੀ ਪੱਤਰਕਾਰਾਂ ਨੇ ਪਤਾ ਲਾਇਆ ਹੈ ਕਿ ਭਾਜਪਾ ਨੇ ਪਿਛਲੇ ਦਸ ਸਾਲਾਂ ਦੌਰਾਨ ਜਿੰਨਾ ਚੰਦਾ ਇਕੱਠਾ ਕੀਤੇ ਜਾਣ ਦੀ ਗੱਲ ਮੰਨੀ ਹੈ, ਉਸ ਤੋਂ 60 ਹਜ਼ਾਰ ਕਰੋੜ ਰੁਪਏ ਵੱਧ ਖਰਚ ਕੀਤਾ ਹੈ, ਇਹ ਰਕਮ ਕਿੱਥੋਂ ਆਈ, ਇਸ ਦਾ ਭੇਦ ਵੀ ਖੁੱਲ੍ਹੇਗਾ। ਇਹ ਤਾਂ ਮੋਟੇ-ਮੋਟੇ ਤੱਥ ਹਨ। ਡੂੰਘੀ ਜਾਂਚ-ਪੜਤਾਲ ਤੋਂ ਬਾਅਦ ਕਈ ਕੁਝ ਸਾਹਮਣੇ ਆਵੇਗਾ, ਭਾਵੇਂ ਉਹ ਨੋਟਬੰਦੀ ਹੋਵੇ, ਅੰਕੜਿਆਂ ’ਚ ਹੇਰਾਫੇਰੀ ਹੋਵੇ ਜਾਂ ਬਦੇਸ਼ਾਂ ਵਿਚਲੇ ਭਿ੍ਰਸ਼ਟ ਲੈਣ-ਦੇਣ ਦੇ ਕਾਰੇ, ਤਦ ਹਾਕਮਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਵੇਗੀ।
ਇਹੋ ਹੀ ਨਹੀਂ, ਮੋਦੀ-ਸ਼ਾਹ ਦੀਆਂ ਸਾਰੀਆਂ ਕਰਤੂਤਾਂ ਜਦੋਂ ਸਾਹਮਣੇ ਆਉਣਗੀਆਂ ਤਾਂ ਭਾਜਪਾ ਦੀ ਮੁੜ ਵਾਪਸੀ ਦਾ ਬੂਹਾ ਦਹਾਕਿਆਂ ਤੱਕ ਲਈ ਬੰਦ ਹੋ ਜਾਵੇਗਾ। ਅਸਲ ਵਿੱਚ ਭਾਜਪਾ ਦੀ ਹਾਰ ਦਾ ਮਤਲਬ ਹੋਵੇਗਾ, ਹਿੰਦੂਤਵੀ ਸਿਆਸਤ ਦਾ ਖਾਤਮਾ।
ਇਸ ਲਈ ਅੰਦੇਸ਼ਾ ਹੈ ਕਿ ਮੌਜੂਦਾ ਹਾਕਮ ਚੋਣਾਂ ਨੂੰ ਆਪਣੇ ਪੱਖ ਵਿੱਚ ਕਰਨ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ। ਚੋਣ ਪ੍ਰਕਿਰਿਆ ਸ਼ੁਰੂ ਹੋਣ ਤੋਂ ਪਹਿਲਾਂ ਹੀ ਸੱਤਾਧਾਰੀਆਂ ਦੀ ਪੂਰੀ ਕੋਸ਼ਿਸ਼ ਸੀ ਕਿ ਇਸ ਚੋਣ ਨੂੰ ਆਪਣੇ ਮੁਤਾਬਕ ਢਾਲਿਆ ਜਾਵੇ। ਇਸ ਲਈ ਵਿਰੋਧੀ ਦਲਾਂ ਦੇ ਆਗੂਆਂ ਨੂੰ ਈ ਡੀ ਰਾਹੀਂ ਗਿ੍ਰਫ਼ਤਾਰ ਕਰਕੇ ਜੇਲ੍ਹ ਭੇਜਿਆ ਗਿਆ। ਕਾਂਗਰਸ ਪਾਰਟੀ ਦੇ ਬੈਂਕ ਖਾਤੇ ਜਾਮ ਕੀਤੇ ਗਏ। ਤਾਕਤ ਰਾਹੀਂ ਉਮੀਦਵਾਰਾਂ ਦੇ ਕਾਗਜ਼ ਵਾਪਸ ਕਰਾਏ ਗਏ। ਕਈ ਉਮੀਦਵਾਰਾਂ ਦੇ ਪਰਚੇ ਰੱਦ ਕਰਾਏ ਗਏ। ਵੋਟਾਂ ਪੈਣ ਸਮੇਂ ਵਿਰੋਧੀ ਵੋਟਰਾਂ ਨੂੰ ਵੋਟ ਪਾਉਣ ਤੋਂ ਰੋਕਿਆ ਗਿਆ। ਸਰਕਾਰੀ ਮਸ਼ੀਨਰੀ ਦੀ ਖੁੱਲ੍ਹੇਆਮ ਵਰਤੋਂ ਕੀਤੀ ਗਈ। ਇਹ ਸਾਰਾ ਕੁਝ ਹੋਣ ਦੇ ਬਾਵਜੂਦ ਜਨਤਾ ਸ਼ਾਂਤ-ਚਿੱਤ ਹੋ ਕੇ ਸੱਤਾਧਾਰੀਆਂ ਵਿਰੁੱਧ ਆਪਣੀ ਲੜਾਈ ਲੜ ਰਹੀ ਹੈ।
ਸੱਤਾਧਾਰੀਆਂ ਦਾ ਆਖ਼ਰੀ ਸਹਾਰਾ ਚੋਣ ਕਮਿਸ਼ਨ ਹੈ, ਜਿਸ ਨੂੰ ਖੁਦ ਉਨ੍ਹਾਂ ਨਾਮਜ਼ਦ ਕੀਤਾ ਹੈ। ਚੋਣਾਂ ਦੇ ਸ਼ੁਰੂ ਤੋਂ ਹੀ ਚੋਣ ਕਮਿਸ਼ਨ ਨੇ ਬੇਸ਼ਰਮੀ ਨਾਲ ਹਾਕਮਾਂ ਦਾ ਪੱਖ ਲੈਣਾ ਸ਼ੁਰੂ ਕਰ ਦਿੱਤਾ ਸੀ। ਚੋਣ ਪ੍ਰਕਿਰਿਆ ਨੂੰ ਬੇਮਤਲਬ ਲੰਮਾ ਖਿੱਚ ਕੇ ਮੋਦੀ ਦੇ ਹਰ ਹਲਕੇ ਵਿੱਚ ਪੁੱਜਣ ਦਾ ਰਾਹ ਸੁਖਾਲਾ ਕੀਤਾ ਗਿਆ। ਪ੍ਰਧਾਨ ਮੰਤਰੀ ਵੱਲੋਂ ਧਾਰਮਿਕ ਫੁਟਪਾਊ ਬਿਆਨ ਦੇ ਕੇ ਚੋਣ ਜ਼ਾਬਤੇ ਦੀਆਂ ਧੱਜੀਆਂ ਉਡਾਈਆਂ ਜਾਂਦੀਆਂ ਰਹੀਆਂ, ਪਰ ਚੋਣ ਕਮਿਸ਼ਨ ਨੇ ਕੰਨ ਬੰਦ ਕਰੀ ਰੱਖੇ ਹਨ। ਪਹਿਲੇ ਗੇੜ ਦੀਆਂ ਚੋਣਾਂ ਦੇ ਅੰਕੜੇ ਫੀਸਦੀ ਵਿੱਚ 11 ਦਿਨਾਂ ਬਾਅਦ ਜਾਰੀ ਕੀਤੇ ਗਏ। ਕੁੱਲ ਪੋਲ ਵੋਟਾਂ ਦੇ ਅੰਕੜੇ ਹਾਲੇ ਤੱਕ ਵੀ ਜਾਰੀ ਨਹੀਂ ਕੀਤੇ ਹਨ। ਚੋਣ ਕਮਿਸ਼ਨ ਦੀ ਇਹ ਮਨਮਾਨੀ ਸ਼ੰਕੇ ਖੜ੍ਹੇ ਕਰਦੀ ਹੈ।
ਲੱਗਦਾ ਇਹ ਸੀ ਕਿ ਹਾਰ ਜਾਣ ਉੱਤੇ ਸਭ ਗੁਨਾਹਾਂ ਦੀ ਜ਼ਿੰਮੇਵਾਰੀ ਮੋਦੀ ਉੱਤੇ ਪਾ ਕੇ ਸੰਘ ਆਪਣੀ ਹੋਂਦ ਬਚਾਉਣ ਦੀ ਕੋਸ਼ਿਸ਼ ਕਰੇਗਾ, ਪਰ ਭਾਜਪਾ ਪ੍ਰਧਾਨ ਜੇ ਪੀ ਨੱਢਾ ਦੀ ਛਪੀ ਇੰਟਰਵਿਊ ਨੇ ਤਾਂ ਸੰਘ ਨੂੰ ਉਂਜ ਹੀ ਕਿਨਾਰੇ ਕਰ ਦਿੱਤਾ ਹੈ। ਇਸ ਤੋਂ ਸਾਫ਼ ਹੈ ਕਿ ਮੋਦੀ ਨੇ ਮਨ ਬਣਾ ਲਿਆ ਹੈ ਕਿ ਉਹ ਗੱਦੀ ਬਚਾਈ ਰੱਖਣ ਲਈ ਕਿਸੇ ਵੀ ਹੱਦ ਤੱਕ ਜਾ ਸਕਦਾ ਹੈ। ਮੋਦੀ ਵੱਲੋਂ 14 ਮਈ ਨੂੰ ਗੰਗਾ ਕਿਨਾਰੇ ਦਿੱਤੀ ਗਈ ਇੰਟਰਵਿਊ ਦੌਰਾਨ ਇਹ ਕਹਿਣਾ, ‘ਮੈਨੂੰ ਤਾਂ ਬ੍ਰਹਮਾ ਨੇ ਭਾਰਤ ਉਤੇ ਰਾਜ ਕਰਨ ਲਈ ਭੇਜਿਆ ਹੈ, ਇਸ ਲਈ ਉਹ ਤਾਂ ਬ੍ਰਹਮਾ ਵੱਲੋਂ ਲਾਈ ਜ਼ਿੰਮੇਵਾਰੀ ਨੂੰ ਨਿਭਾਅ ਰਹੇ ਹਨ’, ਸਭ ਕੁਝ ਸਪੱਸ਼ਟ ਕਰ ਦਿੰਦਾ ਹੈ। ਇਸ ਦਾ ਮਤਲਬ ਹੈ ਕਿ ਉਹ ਲੋਕਾਂ ਦਾ ਨਹੀਂ ਬ੍ਰਹਮਾ ਦਾ ਫ਼ਤਵਾ ਮੰਨੇਗਾ। ਇਸ ਤੋਂ ਜਾਪਦਾ ਹੈ ਕਿ ਚੋਣ ਅਮਲ 4 ਜੂਨ ਨੂੰ ਆਉਣ ਵਾਲੇ ਨਤੀਜਿਆਂ ਨਾਲ ਹੀ ਖ਼ਤਮ ਨਹੀਂ ਹੋਣ ਵਾਲਾ।
ਇਸ ਲਈ ਜਨਤਾ ਨੂੰ ਅਜਿਹੀ ਸਥਿਤੀ ਬਣ ਜਾਣ ਲਈ ਹੁਣ ਤੋਂ ਹੀ ਤਿਆਰ ਰਹਿਣਾ ਚਾਹੀਦਾ ਹੈ। ਫਾਸ਼ੀ ਹਾਕਮ ਕਦੇ ਵੀ ਖੁਦ ਗੱਦੀ ਨਹੀਂ ਛੱਡਦੇ, ਉਨ੍ਹਾਂ ਨੂੰ ਗੱਦੀਓਂ ਲਾਹੁਣਾ ਪੈਂਦਾ ਹੈ।
-ਚੰਦ ਫਤਿਹਪੁਰੀ