ਪ੍ਰਯਾਗਰਾਜ : ਯੂ ਪੀ ਦੇ ਪ੍ਰਯਾਗਰਾਜ ਜ਼ਿਲ੍ਹੇ ਦੇ ਫੂਲਪੁਰ ਲੋਕ ਸਭਾ ਹਲਕੇ ਵਿਚ ਪੜਿਲਾ ਮਹਾਦੇਵ ਫਾਫਾਮਾਊ ਵਿਖੇ ਐਤਵਾਰ ਰਾਹੁਲ ਗਾਂਧੀ ਤੇ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੂੰ ਰੈਲੀ ਨੂੰ ਸੰਬੋਧਨ ਕੀਤੇ ਬਿਨਾਂ ਜਾਣਾ ਪਿਆ। ਕਾਂਗਰਸ, ਸਪਾ ਤੇ ਆਪ ਦੇ ਹਮਾਇਤੀ ਤੇ ਵਰਕਰ ਬੇਕਾਬੂ ਹੋ ਗਏ ਤੇ ਕੁਝ ਮੰਚ ’ਤੇ ਵੀ ਚੜ੍ਹ ਗਏ। ਦੋਹਾਂ ਨੇ ਵਰਕਰਾਂ ਨੂੰ ਸ਼ਾਂਤ ਹੋਣ ਦੀ ਵਾਰ-ਵਾਰ ਅਪੀਲ ਕੀਤੀ, ਪਰ ਅਸਰ ਨਹੀਂ ਹੋਇਆ। ਉਤਸ਼ਾਹੀ ਲੋਕਾਂ ਨੂੰ ਪੁਲਸ ਵੀ ਕੰਟਰੋਲ ਨਹੀਂ ਕਰ ਸਕੀ। ਆਖਰ ਦੋਨੋਂ ਆਗੂ ਸਥਿਤੀ ਵਿਗੜਨੋਂ ਬਚਾਉਣ ਲਈ 15 ਮਿੰਟ ਬਾਅਦ ਬਿਨਾਂ ਸੰਬੋਧਨ ਕੀਤਿਆਂ ਚਲੇ ਗਏ।
ਸਪਾ ਉਮੀਦਵਾਰ ਅਮਰਨਾਥ ਮੌਰੀਆ ਦੇ ਹੱਕ ਵਿਚ ਅੰਬ ਦੇ ਬਾਗ ਵਿਚ ਰੈਲੀ ਰੱਖੀ ਗਈ ਸੀ। ਸਵੇਰ ਤੋਂ ਹੀ ਭੀੜ ਇਕੱਠੀ ਹੋਣੀ ਸ਼ੁਰੂ ਹੋ ਗਈ ਸੀ। ਬਾਅਦ ਦੁਪਹਿਰ ਇਕ ਵੱਜ ਕੇ 20 ਮਿੰਟ ’ਤੇ ਅਖਿਲੇਸ਼ ਦਾ ਹੈਲੀਕਾਪਟਰ ਉਤਰਿਆ ਤਾਂ ਵਰਕਰਾਂ ਨੇ ਪੁਲਸ ਘੇਰਾ ਤੋੜ ਕੇ ਹੈਲੀਪੈਡ ਤੱਕ ਪੁੱਜਣ ਦੀ ਕੋਸ਼ਿਸ਼ ਕੀਤੀ। ਜਦ ਅਖਿਲੇਸ਼ ਮੰਚ ’ਤੇ ਪੁੱਜੇ ਤਾਂ ਵਰਕਰਾਂ ਨੇ ਬੈਰੀਕੇਡਿੰਗ ਤੋੜ ਦਿੱਤੀ ਤੇ ਮੰਚ ਵੱਲ ਵਧ ਗਏ। ਕਈ ਤਾਂ ਮੰਚ ’ਤੇ ਚੜ੍ਹ ਗਏ। ਸਪਾ ਤੇ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਮੰਚ ਤੋਂ ਉਤਰਨ ਲਈ ਹੱਥ ਜੋੜੇ, ਪਰ ਉਹ ਟੱਸ ਤੋਂ ਮੱਸ ਨਹੀਂ ਹੋਏ। ਇਸੇ ਦਰਮਿਆਨ ਜਦੋਂ ਰਾਹੁਲ ਮੰਚ ’ਤੇ ਆਏ ਤਾਂ ਵਰਕਰ ਹੋਰ ਉਤਸ਼ਾਹ ’ਚ ਆ ਗਏ। ਸੁਰੱਖਿਆ ਮੁਲਾਜ਼ਮ ਵਰਕਰਾਂ ਨੂੰ ਡੀ ਤੋਂ ਬਾਹਰ ਕਰਨ ਲਈ ਡਾਂਗ ਵਾਹੁਣ ਲੱਗੇ ਤਾਂ ਰਾਹੁਲ ਤੇ ਅਖਿਲੇਸ਼ ਨੇ ਅਜਿਹਾ ਕਰਨੋਂ ਰੋਕ ਦਿੱਤਾ। ਰਾਹੁਲ ਤੇ ਅਖਿਲੇਸ਼ 15 ਮਿੰਟ ਮੰਚ ’ਤੇ ਬੈਠੇ ਰਹੇ। ਜਦੋਂ ਸੁਰੱਖਿਆ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਦਾ ਇੱਥੇ ਬਹੁਤਾ ਰੁਕਣਾ ਠੀਕ ਨਹੀਂ ਰਹੇਗਾ ਤਾਂ ਉਹ ਮੰਚ ਛੱਡ ਕੇ ਹੈਲੀਕਾਪਟਰ ’ਚ ਯਮੁਨਾ ਪਾਰ ਅਲਾਹਾਬਾਦ ਹਲਕੇ ’ਚ ਮੰੁਗਾਰੀ ਦੀ ਰੈਲੀ ਲਈ ਰਵਾਨਾ ਹੋ ਗਏ। ਇਹ ਥਾਂ ਵੀ ਪ੍ਰਯਾਗਰਾਜ ਜ਼ਿਲ੍ਹੇ ਵਿਚ ਪੈਂਦੀ ਹੈ। ਇੱਥੇ ਕਾਂਗਰਸ ਦਾ ਉਮੀਦਵਾਰ ਉਜਵਲ ਰਮਨ ਸਿੰਘ ਹੈ। ਇਸ ਰੈਲੀ ਵਿਚ ਵੀ ਪਹਿਲੀ ਰੈਲੀ ਵਰਗਾ ਨਜ਼ਾਰਾ ਦੇਖਣ ਨੂੰ ਮਿਲਿਆ। ਭੀੜ ਨੇ ਬੈਰੀਕੇਡ ਤੋੜ ਕੇ ਮੰਚ ਤੱਕ ਪੁੱਜਣ ਦੀ ਕੋਸ਼ਿਸ਼ ਕੀਤੀ। ਰੈਲੀ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਕਿਹਾਨਰਿੰਦਰ ਮੋਦੀ ਜੀ ਨੇ 22 ਲੋਕਾਂ ਨੂੰ ਅਰਬਪਤੀ ਬਣਾਇਆ ਹੈ। ਅਸੀਂ ਕਰੋੜਾਂ ਲੱਖਪਤੀ ਬਣਾਉਣ ਜਾ ਰਹੇ ਹਾਂ। ਸਾਰੇ ਗਰੀਬਾਂ ਦਾ ਨੰਬਰ ਆਵੇਗਾ। ਹਰ ਗਰੀਬ ਪਰਿਵਾਰ ਵਿੱਚੋਂ ਇੱਕ ਔਰਤ ਦਾ ਨਾਂਅ ਚੁਣਿਆ ਜਾਵੇਗਾ ਅਤੇ ਕਰੋੜਾਂ ਔਰਤਾਂ ਦੇ ਬੈਂਕ ਖਾਤਿਆਂ ’ਚ ਟਕਾਟਕ-ਟਕਾਟਕ ਸਾਲ ਦੇ ਇੱਕ ਲੱਖ ਰੁਪਏ, ਮਹੀਨੇ ਦੇ 8500 ਰੁਪਏ ਪਾਏ ਜਾਣਗੇ। ਹਿੰਦੁਸਤਾਨ ਦੇ ਕਿਸਾਨਾਂ ਨੂੰ ਅਨਾਜ, ਆਲੂ, ਗੰਨਾ, ਕਪਾਹ ਲਈ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਅਸੀਂ ਦੇਣ ਜਾ ਰਹੇ ਹਾਂ। ਅਸੀਂ ਉਨ੍ਹਾਂ ਦਾ ਕਰਜ਼ਾ ਮੁਆਫ ਕਰਾਂਗੇ।