ਕਾਠਮੰਡੂ : ਨੇਪਾਲ ਦੇ ਪ੍ਰਧਾਨ ਮੰਤਰੀ ਪੁਸ਼ਪ ਕਮਲ ਦਹਿਲ ਪ੍ਰਚੰਡ ਨੇ ਸੋਮਵਾਰ ਸੰਸਦ ’ਚ ਵਿਸ਼ਵਾਸ ਮਤ ਜਿੱਤ ਲਿਆ। ਅਹੁਦਾ ਸੰਭਾਲਣ ਦੇ 18 ਮਹੀਨਿਆਂ ਦੇ ਅੰਦਰ ਉਨ੍ਹਾ ਚੌਥੀ ਵਾਰ ਪ੍ਰੀਖਿਆ ਦਿੱਤੀ ਹੈ। ਨੇਪਾਲ ਦੇ ਪ੍ਰਤੀਨਿਧ ਸਦਨ ਦੀ ਤੀਜੀ ਸਭ ਤੋਂ ਵੱਡੀ ਪਾਰਟੀ ਕਮਿਊਨਿਸਟ ਪਾਰਟੀ ਆਫ ਨੇਪਾਲ (ਮਾਓਵਾਦੀ ਕੇਂਦਰ) ਦੇ ਆਗੂ ਪ੍ਰਚੰਡ (69) ਨੂੰ 275 ਮੈਂਬਰੀ ਪ੍ਰਤੀਨਿਧ ਸਦਨ ’ਚ 157 ਵੋਟਾਂ ਮਿਲੀਆਂ। ਕੁੱਲ 158 ਸੰਸਦ ਮੈਂਬਰਾਂ ਨੇ ਵੋਟਿੰਗ ’ਚ ਹਿੱਸਾ ਲਿਆ। ਮੁੱਖ ਵਿਰੋਧੀ ਪਾਰਟੀ ਨੇਪਾਲੀ ਕਾਂਗਰਸ ਨੇ ਵੋਟਿੰਗ ਦਾ ਬਾਈਕਾਟ ਕੀਤਾ। ਪ੍ਰਤੀਨਿਧ ਸਦਨ ਦੇ ਇੱਕ ਮੈਂਬਰ ਨੇ ਵੋਟ ਨਹੀਂ ਪਾਈ। ਸ਼ਕਤੀ ਪ੍ਰਦਰਸ਼ਨ ਪਿਛਲੇ ਹਫਤੇ ਗੱਠਜੋੜ ਦੀ ਭਾਈਵਾਲ ਜਨਤਾ ਸਮਾਜਵਾਦੀ ਪਾਰਟੀ (ਜੇ ਐੱਸ ਪੀ) ਵੱਲੋਂ ਗੱਠਜੋੜ ਸਰਕਾਰ ਤੋਂ ਆਪਣਾ ਸਮਰਥਨ ਵਾਪਸ ਲੈਣ ਦੇ ਕੁਝ ਦਿਨ ਬਾਅਦ ਹੋਇਆ ਹੈ।
ਕੱਛ ’ਚ ਭੁਚਾਲ
ਅਹਿਮਦਾਬਾਦ : ਗੁਜਰਾਤ ਦੇ ਕੱਛ ਜ਼ਿਲ੍ਹੇ ’ਚ ਸੋਮਵਾਰ 3.4 ਦੀ ਸ਼ਿੱਦਤ ਦਾ ਭੁਚਾਲ ਆਇਆ। ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ। ਭੁਚਾਲ ਸਵੇਰੇ 10.36 ਵਜੇ ਮਹਿਸੂਸ ਕੀਤਾ ਗਿਆ। ਇਸ ਦਾ ਕੇਂਦਰ ਲਖਪਤ ਤੋਂ 60 ਕਿਲੋਮੀਟਰ ਉੱਤਰ-ਪੱਛਮ ’ਚ 4.1 ਕਿਲੋਮੀਟਰ ਦੀ ਡੂੰਘਾਈ ’ਚ ਸੀ। ਰਾਜ ਦੇ ਸੌਰਾਸ਼ਟਰ-ਕੱਛ ਖੇਤਰ ’ਚ ਇਸ ਮਹੀਨੇ ਹੁਣ ਤੱਕ ਦਾ ਇਹ ਪੰਜਵਾਂ ਭੁਚਾਲ ਹੈ।
ਗੁਜਰਾਤ ’ਚ ਚਾਰ ਸ੍ਰੀਲੰਕਾਈ ‘ਅੱਤਵਾਦੀ’ ਗਿ੍ਰਫਤਾਰ
ਅਹਿਮਦਾਬਾਦ : ਇੱਥੇ ਏਅਰਪੋਰਟ ਤੋਂ ਸ੍ਰੀਲੰਕਾਈ ਮੂਲ ਦੇ ਚਾਰ ਕਥਿਤ ਅੱਤਵਾਦੀਆਂ ਨੂੰ ਗਿ੍ਰਫਤਾਰ ਕੀਤਾ ਗਿਆ ਹੈ। ਦਹਿਸ਼ਤਗਰਦੀ ਵਿਰੋਧੀ ਦਸਤੇ (ਏ ਟੀ ਐੱਸ) ਨੇ ਇਹ ਜਾਂਚ ਸ਼ੁਰੂ ਕਰ ਦਿੱਤੀ ਹੈ ਕਿ ਇਹ ਅੱਤਵਾਦੀ ਸਲੀਪਰ ਸੈੱਲ ਹਨ ਜਾਂ ਨਹੀਂ। ਏ ਟੀ ਐੱਸ ਨੂੰ ਕੇਂਦਰੀ ਏਜੰਸੀ ਤੋਂ ਮਿਲੇ ਇਨਪੁਟ ’ਤੇ ਏਅਰਪੋਰਟ ’ਤੇ ਇਕ ਸ਼ੱਕੀ ਵਿਅਕਤੀ ਨੂੰ ਹਿਰਾਸਤ ’ਚ ਲੈ ਕੇ ਉਸ ਕੋਲੋਂ ਬਾਰੀਕੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਤਿੰਨ ਹੋਰ ਵਿਅਕਤੀਆਂ ਦਾ ਪਤਾ ਲੱਗਾ।
ਸਾਊਦੀ ਸ਼ਾਹ ਬਿਮਾਰ
ਦੁਬਈ : ਸਾਊਦੀ ਅਰਬ ਦੇ 88 ਸਾਲਾ ਸ਼ਾਹ ਸਲਮਾਨ ਫੇਫੜਿਆਂ ਵਿਚ ਲਾਗ ਤੋਂ ਪੀੜਤ ਹਨ ਤੇ ਉਨ੍ਹਾ ਨੂੰ ਬੁਖਾਰ ਅਤੇ ਜੋੜਾਂ ਦਾ ਦਰਦ ਹੈ। ਸਾਊਦੀ ਪ੍ਰੈੱਸ ਏਜੰਸੀ ਨੇ ਦੱਸਿਆ ਕਿ ਸ਼ਾਹ ਸਲਮਾਨ ਦਾ ਐਂਟੀਬਾਇਓਟਿਕਸ ਨਾਲ ਇਲਾਜ ਕੀਤਾ ਜਾਵੇਗਾ।