ਜੈਪੁਰ : ਰਾਜਸਥਾਨ ਦੇ ਭੀਲਵਾੜਾ ਦੀ ਪੋਕਸੋ ਅਦਾਲਤ ਨੇ ਨਾਬਾਲਗ ਨਾਲ ਸਮੂਹਕ ਬਲਾਤਕਾਰ ਕਰਨ ਅਤੇ ਉਸ ਨੂੰ ਕੋਲੇ ਦੀ ਭੱਠੀ ’ਚ ਸਾੜਨ ਦੇ ਮਾਮਲੇ ’ਚ ਦੋ ਦੋਸ਼ੀ ਭਰਾਵਾਂ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਕਾਲੂ ਅਤੇ ਕਾਨ੍ਹਾ ਨੇ ਬੀਤੇ ਸਾਲ 2 ਅਗਸਤ ਨੂੰ ਕੋਟੜੀ ਥਾਣਾ ਖੇਤਰ ’ਚ 14 ਸਾਲਾ ਨਾਬਾਲਗ ਨਾਲ ਸਮੂਹਕ ਬਲਾਤਕਾਰ ਕਰਕੇ ਉਸ ਨੂੰ ਕਤਲ ਕਰ ਦਿੱਤਾ ਸੀ ਅਤੇ ਫਿਰ ਉਸ ਨੂੰ ਭੱਠੀ ’ਚ ਜ਼ਿੰਦਾ ਸਾੜ ਦਿੱਤਾ ਸੀ। ਅਦਾਲਤ ਨੇ ਸਬੂਤ ਨਸ਼ਟ ਕਰਨ ਦੇ ਦੋਸ਼ ’ਚ 7 ਵਿਅਕਤੀਆਂ ਨੂੰ ਬਰੀ ਕਰ ਦਿੱਤਾ। ਇਨ੍ਹਾਂ ’ਚ ਤਿੰਨ ਔਰਤਾਂ ਅਤੇ ਚਾਰ ਪੁਰਸ਼ ਸ਼ਾਮਲ ਹਨ। ਕੁੜੀ ਇਲਾਕੇ ’ਚ ਬੱਕਰੀਆਂ ਚਰਾਉਣ ਗਈ ਸੀ। ਪੁਲਸ ਨੇ ਇਸ ਘਟਨਾ ਲਈ ਭੱਠਿਆਂ ਨੇੜੇ ਰਹਿੰਦੇ ਕਾਲਬੇਲੀਆ ਭਾਈਚਾਰੇ ਦੇ ਮੁਲਜ਼ਮਾਂ ਨੂੰ ਗਿ੍ਰਫਤਾਰ ਕੀਤਾ ਸੀ। ਇਹ ਉਥੇ ਭੱਠੀਆਂ ’ਚ ਕੋਲਾ ਬਣਾਉਂਦੇ ਸਨ।

