ਬਰਾੜ ਨੇ ਗੁਰਦਿਆਲ ਸਿੰਘ ਦੀ ਚੋਣ ਮੁਹਿੰਮ ਨੂੰ ਬਲ ਬਖਸ਼ਿਆ

0
177

ਤਰਨ ਤਾਰਨ : ਖਡੂਰ ਸਾਹਿਬ ਹਲਕੇ ਦੀ ਚੋਣ ਮੁਹਿੰਮ ਨੂੰ ਉਸ ਵੇਲੇ ਤਕੜਾ ਹੁੰਗਾਰਾ ਮਿਲਿਆ, ਜਦੋਂ ਸੀ ਪੀ ਆਈ ਦੇ ਸੂਬਾ ਸਕੱਤਰ ਬੰਤ ਸਿੰਘ ਬਰਾੜ ਤੇ ਉਨ੍ਹਾ ਦੇ ਨਾਲ ਸੀ ਪੀ ਆਈ ਦੇ ਸੂਬਾ ਕੌਂਸਲ ਮੈਂਬਰ ਮਹਿੰਦਰਪਾਲ ਸਿੰਘ ਮੁਹਾਲੀ ਖਡੂਰ ਸਾਹਿਬ ਹਲਕੇ ਦੇ ਮੁੱਖ ਦਫਤਰ ਅਰਜਨ ਸਿੰਘ ਗੜਗੱਜ ਭਵਨ ਤਰਨ ਤਾਰਨ ਪਹੁੰਚੇ। ਇਸ ਮੌਕੇ ਬੰਤ ਸਿੰਘ ਬਰਾੜ ਨੇ ਕਿਹਾ ਕਿ ਸਾਡੇ ਉਮੀਦਵਾਰ ਗੁਰਦਿਆਲ ਸਿੰਘ ਲੋਕਾਂ ਦੀ ਜ਼ਿੰਦਗੀ ਨਾਲ ਜੁੜੇ ਨਿੱਤ ਦਿਹਾੜੀ ਦੇ ਕੰਮ ਕਰਦਾ ਹੈ। ਉਨ੍ਹਾਂ ਦਾ ਹਰਮਨ-ਪਿਆਰਾ ਉਮੀਦਵਾਰ ਹੈ। ਲੋਕ ਉਹਨਾ ਨੂੰ ਵੋਟਾਂ ਪਾਉਣ ਲਈ ਇਸ ਕਾਰਨ ਤਿਆਰ ਹਨ ਕਿ ਉਹ ਲੋਕ ਸਭਾ ਵਿੱਚ ਪਹੁੰਚ ਕੇ ਜਨਤਾ ਦੀ ਖੁਸ਼ਹਾਲੀ ਲਈ ਹਰ ਕੰਮ ਕਰਨਗੇ। ਉਹ ਲੋਕ ਸਭਾ ਅੰਦਰ ਬੇਰੁਜ਼ਗਾਰੀ ਦੇ ਖਾਤਮੇ ਲਈ ਤੇ ਜਵਾਨੀ ਨੂੰ ਰੁਜ਼ਗਾਰ ਦੇਣ ਵਾਸਤੇ ਭਗਤ ਸਿੰਘ ਕੌਮੀ ਰੁਜ਼ਗਾਰ ਗਰੰਟੀ ਕਾਨੂੰਨ ਬਣਵਾਉਣਗੇ। ਇਸ ਕਾਨੂੰਨ ਰਾਹੀਂ 18 ਸਾਲ ਦੀ ਉਮਰ ਤੋਂ ਹਰੇਕ ਨੌਜਵਾਨ ਨੂੰ ਰੁਜ਼ਗਾਰ ਮਿਲੇਗਾ ਜਾਂ ਜਿਊਣ ਜੋਗਾ ਬੇਰੁਜ਼ਗਾਰੀ ਭੱਤਾ ਮਿਲੇਗਾ। ਅਸੀਂ 2005 ਵਿੱਚ ਘੱਟੋ-ਘੱਟ ਸਾਂਝੇ ਪ੍ਰੋਗਰਾਮ ਵਿੱਚ ਮਨਮੋਹਨ ਸਿੰਘ ਦੀ ਸਰਕਾਰ ’ਤੇ ਦਬਾਅ ਪਾ ਕੇ ਕੌਮੀ ਪੇਂਡੂ ਰੁਜ਼ਗਾਰ ਗਰੰਟੀ ਕਾਨੂੰਨ ਬਣਵਾਇਆ ਸੀ, ਜਿਸ ਤਹਿਤ ਪੇਂਡੂ ਕਿਰਤੀਆਂ ਨੂੰ ਸਾਲ ਵਿੱਚ 100 ਦਿਨ ਕੰਮ ਮਿਲਦਾ ਹੈ। ਨਾਲ ਹੀ ਸੂਚਨਾ ਦੇ ਅਧਿਕਾਰ ਵਾਲਾ ਕਾਨੂੰਨ ਬਣਾਇਆ, ਜਿਸ ਤਹਿਤ ਹਰੇਕ ਮਨੁੱਖ ਹਰੇਕ ਮਹਿਕਮੇ ’ਚੋਂ ਕਿਸੇ ਵੀ ਕੇਸ ’ਤੇ ਕੀਤੇ ਹੋਏ ਕੰਮ ਬਾਰੇ ਜਾਣਕਾਰੀ ਲੈ ਸਕਦਾ ਹੈ। ਬਰਾੜ ਨੇ ਕਿਹਾ ਕਿ ਸਾਡੀ ਪਾਰਟੀ ਦੀ ਸਮਝ ਹੈ ਕਿ ਭਾਜਪਾ ਨੂੰ ਹਰ ਹਾਲਤ ਵਿੱਚ ਹਰਾਉਣਾ ਚਾਹੀਦਾ ਹੈ ਤੇ ਕਾਂਗਰਸ, ਅਕਾਲੀ ਤੇ ਆਪ ਦੀਆਂ ਲੋਕ ਵਿਰੋਧੀ ਨੀਤੀਆਂ ਨੂੰ ਵੀ ਜੱਗ-ਜ਼ਾਹਰ ਕਰਨਾ ਚਾਹੀਦਾ ਹੈ। ਉਨ੍ਹਾ ਕਿਹਾ ਸੀ ਪੀ ਆਈ ਖਡੂਰ ਸਾਹਿਬ ਹਲਕੇ ਤੋਂ ਇਲਾਵਾ ਅੰਮਿ੍ਰਤਸਰ ਤੇ ਫਰੀਦਕੋਟ ਤੋਂ ਲੜ ਰਹੀ ਹੈ ਅਤੇ ਜਲੰਧਰ ਤੋਂ ਸੀ ਪੀ ਐੱਮ ਦੇ ਉਮੀਦਵਾਰ ਦੀ ਖੁੱਲ੍ਹੇ ਰੂਪ ਵਿੱਚ ਮਦਦ ਕਰ ਰਹੀ ਹੈ। ਦੂਜੀਆਂ ਕਮਿਊਨਿਸਟ ਧਿਰਾਂ ਦੇ ਕਾਡਰ ਨੂੰ ਵੀ ਪਾਰਲੀਮੈਂਟ ਦੀਆਂ ਸੀਟਾਂ ਲੜ ਰਹੇ ਕਮਿਊਨਿਸਟ ਉਮੀਦਵਾਰਾਂ ਦੀ ਮਦਦ ਕਰਨੀ ਚਾਹੀਦੀ ਹੈ। ਬਰਾੜ ਨੇ ਕਿਹਾ ਕਿ ਇਸ ਵਾਰ ਭਾਜਪਾ ਨੂੰ ਹਰਾਉਣਾ ਬਹੁਤ ਜ਼ਰੂਰੀ ਹੈ। ਇਸ ਫਿਰਕੂ ਪਾਰਟੀ ਨੇ ਮਿਹਨਤਕਸ਼ ਆਵਾਮ ਦੀ ਤਬਾਹੀ ਕੀਤੀ ਹੈ। ਗੁਰਦਿਆਲ ਸਿੰਘ ਲੋਕ ਸਭਾ ਵਿੱਚ ਪਹੁੰਚ ਕੇ ਗਰੀਬ ਲੋਕਾਂ ਨੂੰ ਮੁਫ਼ਤ ਘਰ ਬਣਾ ਕੇ ਦੇਣ, 10+2 ਤੱਕ ਮੁਫ਼ਤ ਤੇ ਲਾਜ਼ਮੀ ਵਿਦਿਆ, ਹਰੇਕ ਵਿਅਕਤੀ ਲਈ ਮੁਫ਼ਤ ਸਿਹਤ ਸਹੂਲਤ, ਕਿਸਾਨਾਂ-ਮਜ਼ਦੂਰਾਂ ਦੇ ਕਰਜ਼ੇ ਮੁਆਫ਼ ਕਰਾਉਣ, ਬੁਢਾਪਾ, ਵਿਧਵਾ, ਅੰਗਹੀਣ ਤੇ ਬੇਸਹਾਰਿਆਂ ਦੀਆਂ ਪੈਨਸ਼ਨਾਂ ਦੇ ਵਾਧੇ ਤੇ ਲਗਾਤਾਰਤਾ ਲਈ ਜ਼ੋਰ ਨਾਲ ਆਵਾਜ਼ ਉਠਾਉਣਗੇ। ਇਨ੍ਹਾਂ ਮਸਲਿਆਂ ਦੇ ਹੱਲ ਲਈ ਲੋਕਾਂ ਨੂੰ ਬੇਨਤੀ ਹੈ ਕਿ ਉਹ ਪਹਿਲੀ ਜੂਨ ਵਾਲੇ ਦਿਨ ਦਾਤਰੀ ਸਿੱਟੇ ਵਾਲਾ ਬਟਨ ਦਬਾ ਕੇ ਗੁਰਦਿਆਲ ਸਿੰਘ ਨੂੰ ਕਾਮਯਾਬ ਕਰਨ। ਇਸ ਮੌਕੇ ਸੀ ਪੀ ਆਈ ਤਰਨ ਤਾਰਨ ਜ਼ਿਲ੍ਹੇ ਦੇ ਸਕੱਤਰ ਦਵਿੰਦਰ ਸੋਹਲ, ਸੂਬਾ ਕਮੇਟੀ ਮੈਂਬਰ ਬਲਕਾਰ ਸਿੰਘ ਵਲਟੋਹਾ, ਉਮੀਦਵਾਰ ਗੁਰਦਿਆਲ ਸਿੰਘ, ਚਰਨ ਸਿੰਘ ਤਰਨ ਤਾਰਨ ਤੇ ਜਗਤਾਰ ਸਿੰਘ ਜੱਗਾ ਹਾਜ਼ਰ ਸਨ।

LEAVE A REPLY

Please enter your comment!
Please enter your name here