ਭਾਜਪਾ ਨੇ ਨਫ਼ਰਤੀ ਜ਼ਹਿਰ ਰਾਹੀਂ ਭਾਈਚਾਰਕ ਸਾਂਝ ਨੂੰ ਠੇਸ ਪਹੁੰਚਾਈ : ਗੋਰੀਆ

0
271

ਸ਼ਾਹਕੋਟ (ਗਿਆਨ ਸੈਦਪੁਰੀ)-ਕੇਂਦਰ ਦੀ ਮੋਦੀ ਸਰਕਾਰ ਨੇ ਜਿੱਥੇ ਪਿਛਲੇ ਦਸਾਂ ਸਾਲਾਂ ਦੌਰਾਨ ਆਪਣੇ ਜੋਟੀਦਾਰ ਪੂੰਜੀਪਤੀਆਂ ਨੂੰ ਮੁਲਕ ਦੇ ਆਰਥਕ ਵਸੀਲੇ ਲੁੱਟਣ ਦੀ ਖੁੱਲ੍ਹ ਦੇ ਰੱਖੀ, ਉਥੇ ਨਫਰਤੀ ਜ਼ਹਿਰ ਰਾਹੀਂ ਭਾਈਚਾਰਕ ਸਾਂਝ ਨੂੰ ਬੁਰੀ ਤਰ੍ਹਾਂ ਠੇਸ ਪਹੁੰਚਾਈ ਹੈ। ਉਕਤ ਵਿਚਾਰਾਂ ਦਾ ਪ੍ਰਗਟਾਵਾ ਭਾਰਤੀ ਖੇਤ ਮਜ਼ਦੂਰ ਯੂਨੀਅਨ ਦੇ ਕੌਮੀ ਜਨਰਲ ਸਕੱਤਰ ਗੁਲਜ਼ਾਰ ਸਿੰਘ ਗੋਰੀਆ ਨੇ ਕੀਤਾ। ਉਹ ਹਲਕਾ ਫਰੀਦਕੋਟ ਤੋਂ ਸੀ ਪੀ ਆਈ ਅਤੇ ਸੀ ਪੀ ਆਈ (ਐੱਮ) ਦੇ ਸਾਂਝੇ ਉਮੀਦਵਾਰ ਮਾਸਟਰ ਗੁਰਚਰਨ ਸਿੰਘ ਮਾਨ ਦੇ ਗਿੱਦੜਬਾਹਾ ਚੋਣ ਦਫ਼ਤਰ ਦਾ ਉਦਘਾਟਨ ਕਰਨ ਮੌਕੇ ਇਕੱਤਰ ਹੋਏ ਭਰਵੇਂ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਐਡਵੋਕੇਟ ਸੁਦਰਸ਼ਨ ਜੱਗਾ ਸਕੱਤਰ ਸੀ ਪੀ ਆਈ ਬਲਾਕ ਮਲੋਟ ਦੀ ਅਗਵਾਈ ਵਿੱਚ ਹੋਏ ਸਮਾਗਮ ਵਿੱਚ ਗੋਰੀਆ ਨੇ ਇਹ ਵੀ ਤਸੱਲੀ ਪ੍ਰਗਟ ਕੀਤੀ ਕਿ ਮਿਲੀਆਂ ਰਿਪੋਰਟਾਂ ਮੁਤਾਬਕ ਦੋਵਾਂ ਪਾਰਟੀਆਂ ਦੇ ਸਾਂਝੇ ਉਮੀਦਵਾਰ ਦੀ ਚੋਣ ਮੁਹਿੰਮ ਪੂਰੇ ਹੁਲਾਰੇ ਵਿੱਚ ਹੈ।
ਦੇਸ਼ ਦੇ ਪ੍ਰਧਾਨ ਮੰਤਰੀ ਦੀ ਬੋਲ-ਬਾਣੀ ਵਿੱਚ ਆਏ ਵਿਗਾੜ ਦੀ ਗੱਲ ਕਰਦਿਆਂ ਗੋਰੀਆ ਨੇ ਕਿਹਾ ਕਿ ਇਸ ਨਾਲ ਪ੍ਰਧਾਨ ਮੰਤਰੀ ਦੇ ਰੁਤਬੇ ਨੂੰ ਨੀਵਾਂ ਕੀਤਾ ਗਿਆ ਹੈ। ਇਸ ਤੋਂ ਇਲਾਵਾ ਵਿਸ਼ੇਸ਼ ਫਿਰਕੇ ਪ੍ਰਤੀ ਜ਼ਹਿਰ ਦੇ ਵਪਾਰੀ ਦਾ ਕਿਰਦਾਰ ਅਦਾ ਕਰਕੇ ਨਫ਼ਰਤ ਫੈਲਾਈ ਗਈ, ਜੋ ਭਾਰਤੀ ਸੱਭਿਆਚਾਰ ਨਾਲ ਖਿਲਵਾੜ ਹੈ। ਪ੍ਰਧਾਨ ਮੰਤਰੀ ਵੱਲੋਂ ਦੇਸ਼ ਨੂੰ ਸੰਸਾਰ ਦਾ ਗੁਰੂ ਤੇ ਮਾਰਗ-ਦਰਸ਼ਕ ਦੱਸ ਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਦੇਸ਼ ਦੀ ਹਾਲਤ ਇਹ ਹੈ ਕਿ ਬੇਰੁਜ਼ਗਾਰਾਂ ਦੀਆਂ ਲੰਮੀਆਂ ਲਾਈਨਾਂ ਲੱਗੀਆਂ ਹੋਈਆਂ ਨਜ਼ਰ ਆਉਂਦੀਆਂ ਹਨ। ਈ ਡੀ, ਸੀ ਬੀ ਆਈ ਅਤੇ ਕੇਂਦਰ ਦੀਆਂ ਹੋਰ ਏਜੰਸੀਆਂ ਰਾਹੀਂ ਹਰ ਵਿਰੋਧੀ ਜ਼ੁਬਾਨਬੰਦੀ ਕੀਤੀ ਜਾ ਰਹੀ ਹੈ। ਉਨ੍ਹਾ ਕਾਮਰੇਡ ਮਾਨ ਨੂੰ ਜਿਤਾਉਣ ਦਾ ਜ਼ੋਰਦਾਰ ਹੋਕਾ ਦਿੱਤਾ। ਪੰਜਾਬ ਖੇਤ ਮਜ਼ਦੂਰ ਸਭਾ ਦੇ ਜਨਰਲ ਸਕੱਤਰ ਦੇਵੀ ਕੁਮਾਰੀ ਸਰਹਾਲੀ ਕਲਾਂ ਨੇ ਲੋਕ ਸਭਾ ਅਤੇ ਵਿਧਾਨ ਸਭਾ ਵਿੱਚ ਸੀ ਪੀ ਆਈ ਵੱਲੋਂ ਇਤਿਹਾਸਕ ਭੂਮਿਕਾ ਨਿਭਾਉਣ ਦੀ ਗੱਲ ਕਰਦਿਆ ਕਾਮਰੇਡ ਤੇਜਾ ਸਿੰਘ ਸੁਤੰਤਰ, ਕਾਮਰੇਡ ਸੱਤਾਪਲ ਡਾਂਗ ਤੇ ਬਿਮਲਾ ਡਾਂਗ ਨੂੰ ਚੇਤੇ ਕਰਦਿਆਂ ਮਾਣ ਮਹਿਸੂਸ ਕੀਤਾ। ਉਨ੍ਹਾ ਹਰਦੇਵ ਸਿੰਘ ਅਰਸ਼ੀ ਵੱਲੋਂ ਵਿਧਾਨ ਸਭਾ ਦਾ ਹਿੱਸਾ ਹੁੰਦਿਆਂ ਲੋਕ ਹਿੱਤਾਂ ਲਈ ਕੀਤੇ ਕੰਮਾਂ ਨੂੰ ਵੀ ਯਾਦ ਕੀਤਾ। ਸਰਹਾਲੀ ਕਲਾਂ ਨੇ ਨਰੇਗਾ ਵਿੱਚ 200 ਦਿਨ ਕੰਮ ਮਿਲਣ ਅਤੇ 800 ਰੁਪਏ ਦੀ ਦਿਹਾੜੀ ਦੀ ਮੰਗ ਕਰਦਿਆਂ ਮੌਜੂਦਾ ਪੰਜਾਬ ਸਰਕਾਰ ਦੀ ਮਜ਼ਦੂਰ ਵਰਗ ਪ੍ਰਤੀ ਸੋਚ ਦੀ ਆਲੋਚਨਾ ਕੀਤੀ। ਸੁਦਰਸ਼ਨ ਜੱਗਾ ਨੇ ਸੁਪਰੀਮ ਕੋਰਟ ਕੋਲੋਂ ਮੰਗ ਕੀਤੀ ਕਿ ਈ ਡੀ, ਸੀ ਬੀ ਆਈ ਅਤੇ ਇਨਕਮ ਟੈਕਸ ਵਿਭਾਗ ਦਾ ਸਹਾਰਾ ਲੈ ਕੇ ਦੇਸ਼ ਦਾ ਸਭ ਤੋਂ ਵੱਡਾ ਘੁਟਾਲਾ ਕਰਨ ਵਾਲਿਆਂ ਵਿਰੁੱਧ ਕਾਰਵਾਈ ਕੀਤੀ ਜਾਵੇ। ਇਸ ਮੌਕੇ ਹਾਕਮ ਸਿੰਘ ਮਧੀਰ, ਮਹਿੰਗਾ ਰਾਮ ਦੋਦਾ, ਗੁਰਦੇਵ ਸਿੰਘ ਬਾਮ, ਸੰਤ ਰਾਮ ਗਿੱਦੜਬਾਹਾ, ਪ੍ਰੇਮ ਕੁਮਾਰੀ, ਗੁਰਮੁਖ ਸਿੰਘ ਬਾਦਲ, ਦਿਲਬਾਗ ਸਿੰਘ ਸਮਾਘ, ਨਿਰੰਜਣ ਸਿੰਘ ਸੰਗਰੂਰ, ਗੁਰਨਾਮ ਸਿੰਘ ਮਾਨੀਵਾਲਾ, ਸੁਖਦੇਵ ਗੁਰੂਸਰ, ਨਾਨਕ ਚੰਦ ਲੰਬੀ ਅਤੇ ਸੀ ਪੀ ਆਈ (ਐੱਮ) ਦੇ ਬਲਾਕ ਸਕੱਤਰ ਨੱਥੂ ਰਾਮ ਨੇ ਵੀ ਸੰਬੋਧਨ ਕੀਤਾ। ਦਫ਼ਤਰ ਦਾ ਉਦਘਾਟਨ ਕਰਨ ਉਪਰੰਤ ਗਿੱਦੜਬਾਹਾ ਦੇ ਬਾਜ਼ਾਰਾਂ ਵਿੱਚ ਰੋਡ ਸ਼ੋਅ ਕੀਤਾ ਗਿਆ। ਰੋਡ ਸ਼ੋਅ ਨੂੰ ਲੋਕਾਂ ਵੱਲੋਂ ਭਰਪੂਰ ਹੁੰਗਾਰਾ ਮਿਲਿਆ।

LEAVE A REPLY

Please enter your comment!
Please enter your name here