ਪੁਣੇ : ਮਹਾਰਾਸ਼ਟਰ ਦੇ ਪੁਣੇ ਸ਼ਹਿਰ ’ਚ ਕਾਰ ਹਾਦਸੇ ’ਚ ਸ਼ਾਮਲ 17 ਸਾਲਾ ਮੁੰਡੇ ਦੇ ਪਿਤਾ ਨੂੰ ਪੁਲਸ ਨੇ ਹਿਰਾਸਤ ’ਚ ਲੈ ਲਿਆ ਹੈ। ਦੁਰਘਟਨਾ ਦਾ ਕਾਰਨ ਬਣੀ ਪੋਰਸ਼ ਕਾਰ, ਜਿਸ ਨੂੰ ਨਾਬਾਲਗ ਮੁੰਡਾ ਚਲਾ ਰਿਹਾ ਸੀ, ਨੇ ਕਲਿਆਣੀ ਨਗਰ ’ਚ ਐਤਵਾਰ ਤੜਕੇ ਦੋ ਮੋਟਰਸਾਈਕਲ ਸਵਾਰਾਂ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਉਨ੍ਹਾਂ ਦੀ ਮੌਤ ਹੋ ਗਈ। ਪੁਲਸ ਦਾ ਦਾਅਵਾ ਹੈ ਕਿ ਘਟਨਾ ਦੇ ਸਮੇਂ ਚਾਲਕ ਸ਼ਰਾਬੀ ਸੀ। ਨਾਬਾਲਗ ਨੂੰ ਸ਼ਰਾਬ ਪਿਲਾਉਣ ਦੇ ਦੋਸ਼ ’ਚ ਬਾਰ ਦੇ ਮਾਲਕ ਅਤੇ ਕਰਮਚਾਰੀਆਂ ਖਿਲਾਫ ਵੀ ਮਾਮਲਾ ਦਰਜ ਕੀਤਾ ਗਿਆ ਹੈ। ਮੁੰਡੇ ਦਾ ਪਿਤਾ ਰੀਅਲ ਅਸਟੇਟ ਕਾਰੋਬਾਰੀ ਹੈ।
ਸਿੰਧ ’ਚ ਵਿਦਿਆਰਥੀਆਂ ਦੇ ਡਰੱਗ ਟੈਸਟ ਦਾ ਹੁਕਮ
ਕਰਾਚੀ : ਪਾਕਿਸਤਾਨ ਦੀ ਸੂਬਾ ਸਿੰਧ ਸਰਕਾਰ ਨੇ ਨਿੱਜੀ ਅਤੇ ਸਰਕਾਰੀ ਸਕੂਲਾਂ ’ਚ ਡਰੱਗ ਟੈਸਟ ਦਾ ਹੁਕਮ ਦਿੱਤਾ ਹੈ। ਸਰਕਾਰ ਨੇ ਹਾਲ ਹੀ ’ਚ ਹਾਈ-ਪ੍ਰੋਫਾਈਲ ਡਰੱਗ ਸਪਲਾਇਰ ਨੂੰ ਗਿ੍ਰਫਤਾਰ ਕੀਤਾ ਸੀ। ਉਸ ਤੋਂ ਜਾਣਕਾਰੀ ਮਿਲੀ ਕਿ ਕਿਵੇਂ ਵਿਦਿਅਕ ਅਦਾਰਿਆਂ ’ਚ ਆਈਸ/ ਕਿ੍ਰਸਟਲ ਦੀ ਵਰਤੋਂ ਫੈਲਾਈ ਜਾ ਰਹੀ ਹੈ। ਸਰਵੇਖਣਾਂ ਤੋਂ ਪਤਾ ਲੱਗਾ ਹੈ ਕਿ ਮਹਿੰਗੇ ਸਕੂਲਾਂ ਨਾਲ ਸੰਬੰਧਤ ਵਿਦਿਆਰਥੀਆਂ ’ਚ ਸਿੰਥੈਟਿਕ ਨਸ਼ਿਆਂ ਦੀ ਵਰਤੋਂ ਜ਼ਿਆਦਾ ਹੋ ਰਹੀ ਹੈ।
4 ਕੁੜੀਆਂ ਝੀਲ ’ਚ ਡੁੱਬੀਆਂ
ਭਾਵਨਗਰ : ਗੁਜਰਾਤ ਦੇ ਭਾਵਨਗਰ ਸ਼ਹਿਰ ’ਚ ਮੰਗਲਵਾਰ ਝੀਲ ’ਚ ਦੋ ਭੈਣਾਂ ਸਮੇਤ ਚਾਰ ਨਾਬਾਲਗ ਕੁੜੀਆਂ ਡੁੱਬ ਗਈਆਂ। 9 ਤੋਂ 17 ਸਾਲ ਦੀ ਉਮਰ ਦੀਆਂ ਪੰਜ ਨਾਬਾਲਗ ਕੁੜੀਆਂ ਇੱਕ ਔਰਤ ਨਾਲ ਝੀਲ ’ਤੇ ਗਈਆਂ ਸਨ। ਜਦੋਂ ਮਹਿਲਾ ਝੀਲ ਦੇ ਕੰਢੇ ਕੱਪੜੇ ਧੋ ਰਹੀ ਸੀ ਤਾਂ ਕੁੜੀਆਂ ਨੇ ਨਹਾਉਣ ਲਈ ਝੀਲ ’ਚ ਛਾਲ ਮਾਰ ਦਿੱਤੀ। 12 ਸਾਲ ਦੀ ਕੁੜੀ ਨੂੰ ਡੁਬਣੋਂ ਬਚਾ ਲਿਆ ਗਿਆ।
ਪਾਸਪੋਰਟ ਰੱਦ ਕਰਨ ਲਈ ਪੱਤਰ
ਬੇਂਗਲੁਰੂ : ਕਰਨਾਟਕ ਦੇ ਗ੍ਰਹਿ ਮੰਤਰੀ ਜੀ ਪਰਮੇਸ਼ਵਰ ਨੇ ਕਿਹਾ ਕਿ ਰਾਜ ਸਰਕਾਰ ਨੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਾਸਨ ਦੇ ਸੰਸਦ ਮੈਂਬਰ ਪ੍ਰਜਵਲ ਰੇਵੰਨਾ ਦਾ ਡਿਪਲੋਮੈਟਿਕ ਪਾਸਪੋਰਟ ਰੱਦ ਕਰਨ ਲਈ ਵਿਦੇਸ਼ ਮੰਤਰਾਲੇ ਨੂੰ ਪੱਤਰ ਲਿਖਿਆ ਹੈ। ਪ੍ਰਜਵਲ ਜਨਤਾ ਦਲ (ਸੈਕੂਲਰ) ਦੇ ਸਰਪ੍ਰਸਤ ਅਤੇ ਸਾਬਕਾ ਪ੍ਰਧਾਨ ਮੰਤਰੀ ਐੱਚ ਡੀ ਦੇਵਗੌੜਾ ਦਾ ਪੋਤਾ ਹੈ। ਹਾਸਨ ’ਚ ਵੋਟਿੰਗ ਤੋਂ ਇਕ ਦਿਨ ਬਾਅਦ ਉਹ 27 ਅਪਰੈਲ ਨੂੰ ਜਰਮਨੀ ਚਲਾ ਗਿਆ ਸੀ।


