‘ਸਰਕਾਰ ਨੌਜਵਾਨਾਂ ਦੇ ਸੁਪਨਿਆਂ ਨੂੰ ਉਡਾਣ ਦੇ ਰਹੀ’

0
5

ਐੱਸ ਏ ਐੱਸ ਨਗਰ
(ਗੁਰਜੀਤ ਬਿੱਲਾ)
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼ਨੀਵਾਰ ਕਿਹਾ ਕਿ ਉਨ੍ਹਾਂ ਦੀ ਸਰਕਾਰ ਸੂਬੇ ਦੇ ਨੌਜਵਾਨਾਂ ਦੇ ਸੁਪਨਿਆਂ ਨੂੰ ਉਡਾਣ ਦੇਣ ਲਈ ਢੁਕਵੇਂ ਮੌਕੇ, ਵਿੱਤੀ ਸਹਾਇਤਾ ਅਤੇ ਸੰਸਥਾਗਤ ਸਹਿਯੋਗ ਦਾ ਮਜ਼ਬੂਤ ਢਾਂਚਾ ਤਿਆਰ ਕਰ ਰਹੀ ਹੈ, ਤਾਂ ਜੋ ਉਨ੍ਹਾਂ ਦੇ ਨਿਵੇਕਲੇ ਵਿਚਾਰਾਂ ਨੂੰ ਹਕੀਕਤ ਵਿੱਚ ਬਦਲਿਆ ਜਾ ਸਕੇ। ਇੰਡੀਅਨ ਸਕੂਲ ਆਫ਼ ਬਿਜ਼ਨਸ (ਆਈ ਐੱਸ ਬੀ) ਵੱਲੋਂ ਮੁਹਾਲੀ ਕੈਂਪਸ ਵਿਖੇ ‘ਇੰਡੀਆ ਅਨਬਾਉਂਡ: ਡਿਫਾਈਨਿੰਗ ਟੁਮਾਰੋਜ਼ ਲੀਡਰਸ਼ਿਪ’ ਵਿਸ਼ੇ ‘ਤੇ ਕਰਵਾਏ ਆਈ ਐੱਸ ਬੀ ਲੀਡਰਸ਼ਿਪ ਸੰਮੇਲਨ-2026 ਦੌਰਾਨ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਵਿੱਚ ਪ੍ਰਤਿਭਾ ਜਾਂ ਊਰਜਾ ਦੀ ਕੋਈ ਕਮੀ ਨਹੀਂ। ਇਸੇ ਕਰਕੇ ਸਰਕਾਰ ਅਜਿਹੇ ਰੌਸ਼ਨ ਦਿਮਾਗ ਨੌਜਵਾਨਾਂ ਨੂੰ ਆਪਣੀ ਕਾਬਲੀਅਤ ਦਿਖਾਉਣ, ਕਾਰੋਬਾਰ ਸਥਾਪਤ ਕਰਨ ਅਤੇ ਰੋਜ਼ਗਾਰ ਪੈਦਾ ਕਰਨ ਲਈ ਢੁਕਵਾਂ ਮੰਚ ਪ੍ਰਦਾਨ ਕਰਨ ‘ਤੇ ਧਿਆਨ ਕੇਂਦਰਤ ਕਰ ਰਹੀ ਹੈ।
ਆਈ ਐੱਸ ਬੀ ਦੇ ਚੇਅਰਮੈਨ ਹਰੀਸ਼ ਮਨਵਾਨੀ, ਆਈ ਐੱਸ ਬੀ ਦੇ ਡੀਨ ਪ੍ਰੋਫੈਸਰ ਮਦਨ, ਅਕਾਦਮਿਕ ਅਤੇ ਕਾਰੋਬਾਰੀ ਜਗਤ ਦੀਆਂ ਉੱਘੀਆਂ ਸ਼ਖਸੀਅਤਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕਰਦਿਆਂ ਉਨ੍ਹਾ ਆਈ ਐੱਸ ਬੀ ਨੂੰ 25 ਸਾਲ ਪੂਰੇ ਕਰਨ ‘ਤੇ ਵਧਾਈ ਦਿੱਤੀ ਅਤੇ ਕਿਹਾ ਕਿ ਆਈ ਐੱਸ ਬੀ ਵਰਗੀਆਂ ਸੰਸਥਾਵਾਂ ਨੌਜਵਾਨਾਂ ਦੀ ਅਥਾਹ ਊਰਜਾ ਨੂੰ ਸਹੀ ਦਿਸ਼ਾ ਦੇਣ ਵਿੱਚ ਵਡਮੁੱਲੀ ਭੂਮਿਕਾ ਨਿਭਾ ਰਹੀਆਂ ਹਨ। ਉਨ੍ਹਾ ਕਿਹਾ ਕਿ ਸਰਕਾਰ ਨੇ ਨਵੀਨਤਾਕਾਰੀ ਵਿਚਾਰਾਂ ਨੂੰ ਹਕੀਕਤ ਵਿੱਚ ਬਦਲਣ ਲਈ ‘ਸਟਾਰਟਅੱਪ ਸੈਂਟਰ’ ਸਥਾਪਤ ਕੀਤਾ ਹੈ। ਸੰਮੇਲਨ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਆਉਣ ਵਾਲਾ ਸਮਾਂ ਉਨ੍ਹਾਂ ਸਮਾਜਾਂ ਦਾ ਹੀ ਹੈ, ਜੋ ਨਵੀਨਤਾ ਲਿਆਉਣ, ਸੋਚ-ਸਮਝ ਕੇ ਜੋਖਮ ਉਠਾਉਣ ਅਤੇ ਉਭਰਦੇ ਮੌਕਿਆਂ ਨੂੰ ਟਿਕਾਊ ਵਿਕਾਸ ਵਿੱਚ ਬਦਲਣ ਲਈ ਤਿਆਰ ਹਨ। ਉਨ੍ਹਾ ਕਿਹਾ, ‘ਆਈ ਐੱਸ ਬੀ ਲੀਡਰਸ਼ਿਪ ਸੰਮੇਲਨ ਸੰਸਥਾ ਦਾ ਸਭ ਤੋਂ ਅਹਿਮ ਸਾਲਾਨਾ ਲੀਡਰਸ਼ਿਪ ਸਮਾਗਮ ਹੈ, ਜੋ ਭਾਰਤ ਦੇ ਭਵਿੱਖ ਨੂੰ ਆਕਾਰ ਦੇਣ ਵਾਲੀ ਲੀਡਰਸ਼ਿਪ ਅਤੇ ਮੌਕਿਆਂ ਬਾਰੇ ਵਿਚਾਰ-ਵਟਾਂਦਰਾ ਕਰਨ ਲਈ ਕਾਰੋਬਾਰੀ ਆਗੂਆਂ, ਉਦਮੀਆਂ, ਨੀਤੀ-ਘਾੜਿਆਂ, ਨਵੀਨਤਾਕਾਰਾਂ ਅਤੇ ਵਿਦਿਆਰਥੀਆਂ ਨੂੰ ਇੱਕੋ ਮੰਚ ‘ਤੇ ਇਕੱਤਰ ਹੋਣ ਦਾ ਮੌਕਾ ਪ੍ਰਦਾਨ ਕਰਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਸ ਸੰਮੇਲਨ ਵਿੱਚ ਸ਼ਾਮਲ ਹੋਣਾ ਮੇਰੇ ਲਈ ਬਹੁਤ ਮਾਣ, ਖੁਸ਼ੀ ਅਤੇ ਫਖ਼ਰ ਵਾਲੀ ਗੱਲ ਹੈ। ਮੈਂ ਸੂਬਾ ਸਰਕਾਰ ਵੱਲੋਂ ਆਪ ਸਭ ਦਾ ਨਿੱਘਾ ਸਵਾਗਤ ਕਰਦਾ ਹਾਂ’ ‘ਇੰਡੀਆ ਅਨਬਾਉਂਡ: ਡਿਫਾਈਨਿੰਗ ਟੂਮਾਰੋਜ਼ ਲੀਡਰਸ਼ਿਪ’ ਵਿਸ਼ੇ ਦਾ ਜ਼ਿਕਰ ਕਰਦਿਆਂ ਉਨ੍ਹਾ ਕਿਹਾ ਕਿ ਤੇਜ਼ੀ ਨਾਲ ਬਦਲ ਰਹੇ ਅੱਜ ਦੇ ਦੌਰ ਵਿੱਚ ਇਹ ਵਿਸ਼ਾ ਬਹੁਤ ਢੁਕਵਾਂ ਹੈ। ਉਨ੍ਹਾ ਕਿਹਾ ਕਿ ਭਾਰਤ ਲਗਾਤਾਰ ਵਿਕਾਸ ਦੇ ਆਲਮੀ ਧੁਰੇ ਵਜੋਂ ਉਭਰ ਰਿਹਾ ਹੈ ਅਤੇ ਆਈ ਐੱਸ ਬੀ ਵਰਗੀਆਂ ਸੰਸਥਾਵਾਂ ਉਦਮੀਆਂ, ਪੇਸ਼ੇਵਰਾਂ ਅਤੇ ਕਾਰੋਬਾਰੀ ਆਗੂਆਂ ਦੀ ਅਗਲੀ ਪੀੜ੍ਹੀ ਨੂੰ ਤਿਆਰ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ, ਜੋ ਇਸ ਬਦਲਾਅ ਦੀ ਅਗਵਾਈ ਕਰ ਸਕਦੇ ਹਨ।ਵਿਦਿਆਰਥੀਆਂ ਵਿੱਚ ਛੋਟੀ ਉਮਰ ਤੋਂ ਹੀ ਉਦਮੀ ਸੋਚ ਪੈਦਾ ਕਰਨ ਲਈ ਸੂਬਾ ਸਰਕਾਰ ਦੇ ਯਤਨਾਂ ਨੂੰ ਉਜਾਗਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਨੇ ‘ਸਕੂਲਜ਼ ਆਫ਼ ਐਮੀਨੈਂਸ’ ਵਿੱਚ ‘ਬਿਜ਼ਨਸ ਬਲਾਸਟਰਜ਼’ ਪ੍ਰੋਗਰਾਮ ਸ਼ੁਰੂ ਕੀਤਾ ਹੈ। ਉਨ੍ਹਾ ਕਿਹਾ, ‘ਉਦਯੋਗਿਕ ਆਗੂ ਅਤੇ ਉਦਮੀਆਂ ਦੀ ਸਰਪ੍ਰਸਤੀ ਕਰਨ ਵਾਲੇ ਇਸ ਪ੍ਰੋਗਰਾਮ ਤਹਿਤ ਵਿਦਿਆਰਥੀਆਂ ਨੂੰ ਨਵੇਂ ਕਾਰੋਬਾਰ ਸਥਾਪਤ ਕਰਨ ਲਈ ਸੀਡ ਮਨੀ ਦਿੱਤੀ ਜਾਂਦੀ ਹੈ।’
ਉਨ੍ਹਾ ਕਿਹਾ ਕਿ ਉਦਮਤਾ ਨੂੰ ਸਿਰਫ਼ ਕੈਰੀਅਰ ਦੇ ਇੱਕ ਵਿਕਲਪ ਵਜੋਂ ਨਹੀਂ, ਸਗੋਂ ਰੋਜ਼ਗਾਰ ਪੈਦਾ ਕਰਨ ਅਤੇ ਅਸਲ ਜੀਵਨ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੇ ਸਾਧਨ ਵਜੋਂ ਦੇਖਿਆ ਜਾਣਾ ਚਾਹੀਦਾ ਹੈ।