ਵਾਅਦਿਆਂ ਤੋਂ ਵੀ ਵੱਧ ਕੰਮ ਕੀਤਾ : ਭਗਵੰਤ ਮਾਨ

0
2

ਲੁਧਿਆਣਾ : ਆਮ ਆਦਮੀ ਪਾਰਟੀ ਨੇ ਸ਼ਨੀਵਾਰ ਲੁਧਿਆਣਾ ਤੋਂ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਆਪਣੀ ਮੁਹਿੰਮ ਦਾ ਰਸਮੀ ਤੌਰ ‘ਤੇ ਆਗਾਜ਼ ਕਰ ਦਿੱਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਪੱਖੋਵਾਲ ਰੋਡ ਸਥਿਤ ਇਨਡੋਰ ਸਟੇਡੀਅਮ ਵਿਖੇ ਕੈਬਨਿਟ ਮੰਤਰੀਆਂ, ਵਿਧਾਇਕਾਂ, ਪਾਰਟੀ ਆਗੂਆਂ ਤੇ ਸੈਂਕੜੇ ਸਮਰਥਕਾਂ ਦੀ ਮੌਜੂਦਗੀ ਵਿੱਚ ਪਾਰਟੀ ਦਾ ਚੋਣ ਪੈਂਫਲਟ ਜਾਰੀ ਕੀਤਾ।
ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਉਨ੍ਹਾ ਦੀ ਸਰਕਾਰ ਨੇ ਕੀਤੇ ਵਾਅਦਿਆਂ ਨਾਲੋਂ ਵੀ ਵੱਧ ਕੰਮ ਕੀਤਾ ਹੈ। ਉਨ੍ਹਾ ਸੜਕ ਸੁਰੱਖਿਆ ਫੋਰਸ (ਐੱਸ ਐੱਸ ਐੱਫ) ਦੀ ਮਿਸਾਲ ਦਿੰਦਿਆਂ ਦਾਅਵਾ ਕੀਤਾ ਕਿ ਇਸ ਫੋਰਸ ਨੇ ਹਰ ਸਾਲ 2,700 ਜਾਨਾਂ ਬਚਾਈਆਂ ਹਨ। ਉਨ੍ਹਾ ਕਿਹਾ ਕਿ 1 ਅਕਤੂਬਰ ਨੂੰ ਔਰਤਾਂ ਦੇ ਫੋਨਾਂ ‘ਤੇ ਮੁੜ ਸੁਨੇਹੇ ਆਉਣਗੇ, ਕਿਉਂਕਿ ਉਨ੍ਹਾ ਨੂੰ ‘ਮਾਵਾਂ-ਧੀਆਂ ਸਕੀਮ’ ਤਹਿਤ ਅਗਲੀ ਕਿਸ਼ਤ ਮਿਲਣ ਜਾ ਰਹੀ ਹੈ। ਪਿਛਲੀਆਂ ਭਾਜਪਾ-ਅਕਾਲੀ ਸਰਕਾਰਾਂ ‘ਤੇ ਪੰਜਾਬ ਵਿੱਚ ਨਸ਼ੇ ਦੀ ਸਮੱਸਿਆ ਨੂੰ ਵਧਾਉਣ ਦਾ ਦੋਸ਼ ਲਗਾਉਂਦੇ ਹੋਏ ਉਨ੍ਹਾ ਕਿਹਾ ਕਿ ਉਹੀ ਪਾਰਟੀਆਂ ਹੁਣ ਨਸ਼ਾ ਵਿਰੋਧੀ ਮੁਹਿੰਮਾਂ ਚਲਾ ਰਹੀਆਂ ਹਨ। ਉਨ੍ਹਾ ਚਿਤਾਵਨੀ ਦਿੱਤੀ ਕਿ ਜੇਕਰ ਗੱਠਜੋੜ ਹੁੰਦਾ ਹੈ ਅਤੇ ਅਕਾਲੀ-ਭਾਜਪਾ ਸੱਤਾ ਵਿੱਚ ਆਉਂਦੇ ਹਨ, ਤਾਂ ਉਹ ਤਿੰਨ ਖੇਤੀ ਕਾਨੂੰਨਾਂ ਨੂੰ ਦੁਬਾਰਾ ਲਾਗੂ ਕਰ ਦੇਣਗੇ।
ਉਨ੍ਹਾ ਇੱਕ ਹੋਰ ਚਿਤਾਵਨੀ ਦਿੰਦਿਆਂ ਕਿਹਾ ਕਿ ਮੁਫ਼ਤ ਬਿਜਲੀ, 10 ਲੱਖ ਰੁਪਏ ਵਾਲਾ ਸਿਹਤ ਕਾਰਡ ਅਤੇ ਟੋਲ ਪਲਾਜ਼ਿਆਂ ਤੋਂ ਮਿਲੀ ਰਾਹਤ ਵਾਪਸ ਲੈ ਲਈ ਜਾਵੇਗੀ। ਉਥੇ ਹੀ ਮੁੱਖ ਮੰਤਰੀ ਨੇ ਕਾਂਗਰਸ ਨੂੰ ਇੱਕ ਡੁੱਬਦਾ ਜਹਾਜ਼ ਕਰਾਰ ਦਿੱਤਾ ਅਤੇ ਦੋਸ਼ ਲਾਇਆ ਕਿ ਵਿਰੋਧੀਆਂ ਕੋਲ ਉਨ੍ਹਾਂ ਖ਼ਿਲਾਫ਼ ਕੁਝ ਨਹੀਂ, ਇਸੇ ਲਈ ਉਹ ਏ ਆਈ ਦੁਆਰਾ ਬਣਾਈਆਂ ਗਈਆਂ ਵੀਡੀਓਜ਼ ਅਤੇ ਗ਼ਲਤ ਪ੍ਰਚਾਰ ਦਾ ਸਹਾਰਾ ਲੈ ਰਹੇ ਹਨ। ਉਨ੍ਹਾ ਕਿਹਾ ਕਿ ਭਗਵੰਤ ਮਾਨ ਨੂੰ ਨਿਸ਼ਾਨਾ ਬਣਾਉਣ ਤੋਂ ਇਲਾਵਾ ਕਾਂਗਰਸ ਪਾਰਟੀ ਕੋਲ ਕੋਈ ਏਜੰਡਾ ਨਹੀਂ।” ਸਾਨੂੰ ਵਾਰ-ਵਾਰ ਡਾਕਟਰ ਨਹੀਂ ਬਦਲਣੇ ਚਾਹੀਦੇ, ਨਹੀਂ ਤਾਂ ਬਿਮਾਰੀ ਹੋਰ ਵਧ ਜਾਂਦੀ ਹੈ। ਇਸੇ ਤਰ੍ਹਾਂ ਹੁਣ ਅਸੀਂ ਕੰਮ ਕਰਨਾ ਸਿੱਖ ਲਿਆ ਹੈ। ਵਿਰੋਧੀ ਧਿਰ ਕਹਿੰਦੀ ਹੁੰਦੀ ਸੀ ਕਿ ਸਾਡੇ ਕੋਲ ਤਜਰਬੇ ਦੀ ਘਾਟ ਹੈ। ਪੰਜਾਬ ਹੁਣ ਸਿੱਖਿਆ ਵਿੱਚ ਨੰਬਰ ਇੱਕ ਬਣ ਚੁੱਕਾ ਹੈ। ਪਹਿਲੀ ਵਾਰ ਪੰਜਾਬ ਨੂੰ ਕਿਸੇ ਕੌਮਾਂਤਰੀ ਟੂਰਨਾਮੈਂਟ ਦੀ ਮੇਜ਼ਬਾਨੀ ਕਰਨ ਦਾ ਮੌਕਾ ਮਿਲ ਰਿਹਾ ਹੈ, ਜੋ ਕਿ 27 ਅਕਤੂਬਰ ਤੋਂ ਸ਼ੁਰੂ ਹੋ ਰਿਹਾ ਹੈ।”
‘ਆਪ’ ਦੇ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਨੇ ਕੇਂਦਰ ਸਰਕਾਰ ‘ਤੇ ਸੂਬਾ ਸਰਕਾਰ ਦੇ ਕੰਮਾਂ ਨੂੰ ਰੋਕਣ ਲਈ ਈ ਡੀ ਅਤੇ ਸੀ ਬੀ ਆਈ ਵਰਗੀਆਂ ਏਜੰਸੀਆਂ ਦੀ ਦੁਰਵਰਤੋਂ ਕਰਨ ਦਾ ਦੋਸ਼ ਲਾਇਆ, ਪਰ ਨਾਲ ਹੀ ਉਨ੍ਹਾ ਕਿਹਾ ਕਿ ਇਸ ਦਾ ਮੁੱਖ ਮੰਤਰੀ ਮਾਨ ‘ਤੇ ਕੋਈ ਅਸਰ ਨਹੀਂ ਪਿਆ, ਜਦ ਕਿ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਐਲਾਨ ਕੀਤਾ ਕਿ ਬੂਥ ਕਮੇਟੀਆਂ ਦੇ 2.68 ਲੱਖ ਮੈਂਬਰ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਪੰਜਾਬ ਭਰ ਦੇ ਘਰ-ਘਰ ਤੱਕ ਪਹੁੰਚਾਉਣਗੇ। ਇਹ ਮੁਹਿੰਮ ਲਗਭਗ ਇੱਕ ਮਹੀਨੇ ਤੱਕ ਜਾਰੀ ਰਹੇਗੀ। 20 ਸਤੰਬਰ ਨੂੰ ਮੁੱਖ ਮੰਤਰੀ ਮਾਨ ਧੂਰੀ ਵਿਖੇ ਘਰ-ਘਰ ਜਾ ਕੇ ਮੁਹਿੰਮ ਦੀ ਸ਼ੁਰੂਆਤ ਕਰਨਗੇ, ਜਿਸ ਤੋਂ ਬਾਅਦ ਬੂਥ ਕਮੇਟੀਆਂ ਰਾਹੀਂ ਪੂਰੇ ਸੂਬੇ ਵਿੱਚ ਮੁਹਿੰਮ ਚਲਾਈ ਜਾਵੇਗੀ। ਪਾਰਟੀ ਆਗੂਆਂ ਦੱਸਿਆ ਕਿ ਮੁੱਖ ਧਿਆਨ ਸਰਕਾਰ ਦੇ ਕੰਮਾਂ, ਸਕੀਮਾਂ ਅਤੇ ਗਾਰੰਟੀਆਂ ਨੂੰ ਸਿੱਧਾ ਵੋਟਰਾਂ ਤੱਕ ਪਹੁੰਚਾਉਣ ‘ਤੇ ਹੋਵੇਗਾ।