ਪੱਛਮੀ ਬੰਗਾਲ ‘ਚ ਲੋਕਤੰਤਰ ਵੈਂਟੀਲੇਟਰ ‘ਤੇ : ਕਾਂਗਰਸ

0
4

ਕੋਲਕਾਤਾ : ਪੱਛਮੀ ਬੰਗਾਲ ਦੀ ਸਾਬਕਾ ਮੁੱਖ ਮੰਤਰੀ ਮਮਤਾ ਬੈਨਰਜੀ ਵੱਲੋਂ ਨੰਦੀਗ੍ਰਾਮ ਵਿਧਾਨ ਸਭਾ ਉਪ ਚੋਣ ਵਿੱਚ ਕਾਂਗਰਸ ਉਮੀਦਵਾਰ ਦਾ ਸਮਰਥਨ ਕਰਨ ਦੇ ਐਲਾਨ ਤੋਂ ਕੁਝ ਘੰਟਿਆਂ ਬਾਅਦ ਕਾਂਗਰਸ ਉਮੀਦਵਾਰ ਮਿਲਾਨ ਪ੍ਰਧਾਨ ਨੂੰ ਪੱਛਮੀ ਬੰਗਾਲ ਪੁਲਿਸ ਨੇ ਇੱਕ ਪੁਰਾਣੇ ਮਾਮਲੇ ਵਿੱਚ ਗ੍ਰਿਫ਼ਤਾਰ ਕਰ ਲਿਆ। ਕਾਂਗਰਸ ਦੇ ਜਨਰਲ ਸਕੱਤਰ ਕੇ ਸੀ ਵੇਣੂਗੋਪਾਲ ਨੇ ਦੋਸ਼ ਲਗਾਇਆ ਕਿ ਪਾਰਟੀ ਉਮੀਦਵਾਰ ਵਿਰੁੱਧ 19 ਸਾਲ ਪੁਰਾਣੇ ਕੇਸ ਦੀ ਵਰਤੋਂ ਕੀਤੀ ਜਾ ਰਹੀ ਹੈ। ਉਨ੍ਹਾ ਇਸ ਕਾਰਵਾਈ ਨੂੰ ਵਿਰੋਧੀ ਧਿਰ ਨੂੰ ਡਰਾਉਣ ਦੀ ਕੋਸ਼ਿਸ਼ ਦੱਸਿਆ ਅਤੇ ਕਿਹਾ ਕਿ ਕਾਂਗਰਸ ਅਜੇ ਵੀ ਚੋਣ ਲੜੇਗੀ। ਉਨ੍ਹਾ ਕਿਹਾ, ”ਪੱਛਮੀ ਬੰਗਾਲ ਵਿੱਚ ਲੋਕਤੰਤਰ ਵੈਂਟੀਲੇਟਰ ‘ਤੇ ਹੈ। ‘ਵਿਰੋਧੀ-ਮੁਕਤ ਭਾਰਤ’ ਨੂੰ ਯਕੀਨੀ ਬਣਾਉਣ ਲਈ ਭਾਜਪਾ ਦਾ ਇਹ ਨਵੀਨਤਮ ਯਤਨ ਹੈ।” ਉਨ੍ਹਾ ਕਿਹਾ, ‘ਮਮਤਾ ਵੱਲੋਂ ਸਮਰਥਨ ਦੇਣ ਤੋਂ ਕੁਝ ਮਿੰਟਾਂ ਬਾਅਦ ਸਾਡੇ ਉਮੀਦਵਾਰ ਨੂੰ ਗ੍ਰਿਫ਼ਤਾਰ ਕਰਨ ਲਈ 2007 ਦੇ ਇੱਕ ਮਰ ਚੁੱਕੇ ਕੇਸ ਦੀ ਵਰਤੋਂ ਕਰਨਾ ਇਸ ਗੱਲ ਦਾ ਸੰਕੇਤ ਹੈ ਕਿ ਭਾਜਪਾ ਲੋਕਤੰਤਰ ਨੂੰ ਹਾਈਜੈੱਕ ਕਰਨ ਲਈ ਕਿਸੇ ਵੀ ਹੱਦ ਤੱਕ ਜਾਵੇਗੀ।’
ਰਾਜ ਸਭਾ ਮੈਂਬਰ ਕਪਿਲ ਸਿੱਬਲ ਨੇ ਸ਼ਨੀਵਾਰ ਨੂੰ ਚੋਣ ਕਮਿਸ਼ਨ ‘ਤੇ ਭਾਜਪਾ ਨਾਲ ‘ਜੁਗਲਬੰਦੀ’ ਵਿੱਚ ਹੋਣ ਦਾ ਦੋਸ਼ ਲਗਾਇਆ ਅਤੇ ਪੱਛਮੀ ਬੰਗਾਲ ਉਪ ਚੋਣਾਂ ਦੇ ਘਟਨਾਕ੍ਰਮ ਨੂੰ ਲੋਕਤੰਤਰ ਦਾ ਕਤਲ ਅਤੇ ਪੂਰਨ ਤਾਨਾਸ਼ਾਹੀ ਦੱਸਿਆ। ਸਿੱਬਲ ਨੇ ਕਿਹਾ ਕਿ ਕਾਂਗਰਸ ਦੇ ਨੰਦੀਗ੍ਰਾਮ ਉਮੀਦਵਾਰ ਮਿਲਨ ਪ੍ਰਧਾਨ ਦੀ ਗ੍ਰਿਫਤਾਰੀ ਲੋਕਤੰਤਰ ਦਾ ਦਿਨ ਦਿਹਾੜੇ ਕਤਲ ਹੈ । ਸਿਬਲ ਨੇ ਦਿੱਲੀ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਚੋਣ ਕਮਿਸ਼ਨ ਅਤੇ ਸਰਕਾਰ ਵਿਚਾਲੇ ਜੁਗਲਬੰਦੀ, ਲੋਕਤੰਤਰ ‘ਤੇ ਹਮਲੇ ਅਤੇ ਤਾਨਾਸ਼ਾਹੀ ਫੈਸਲੇ ਅਜਿਹਾ ਕਦੋਂ ਤੱਕ ਜਾਰੀ ਰਹੇਗਾ?
”ਪੂਰਾ ਦੇਸ਼ ਇਸ ਤਮਾਸ਼ੇ ਨੂੰ ਦੇਖ ਰਿਹਾ ਹੈ ਅਤੇ ਪੱਛਮੀ ਬੰਗਾਲ ਵਿੱਚ ਜੋ ਹੋਇਆ ਉਸ ਤੋਂ ਇਹ ਲੱਗਦਾ ਹੈ ਕਿ ਲੋਕਤੰਤਰ ਖੋਖਲਾ ਹੋ ਗਿਆ ਹੈ ਅਤੇ ਸਾਡੇ ਅਦਾਰੇ ਵੀ ਖੋਖਲੇ ਹੋ ਗਏ ਹਨ।” ਰਾਜ ਸਭਾ ਮੈਂਬਰ ਨੇ ਕਿਹਾ।