ਅੰਮਿ੍ਰਤਸਰ : ਸਪੈਸ਼ਲ ਟਾਸਕ ਫੋਰਸ ਨੇ ਹਰਿਆਣਾ ਤੇ ਉੱਤਰਾਖੰਡ ਦੇ ਤਿੰਨ ਕਾਰੋਬਾਰੀਆਂ ਨੂੰ ਪਾਬੰਦੀਸ਼ੁਦਾ ਦਵਾਈਆਂ ਦਾ ਕਾਰੋਬਾਰ ਕਰਨ ਦੇ ਦੋਸ਼ ਹੇਠ ਗਿ੍ਰਫਤਾਰ ਕੀਤਾ ਹੈ। ਮੁਲਜ਼ਮਾਂ ਕੋਲੋਂ 2.70 ਕਰੋੜ ਦੀਆਂ ਪਾਬੰਦੀਸ਼ੁਦਾ ਗੋਲੀਆਂ ਤੇ 765 ਕਿੱਲੋ ਨਸ਼ੀਲਾ ਪਾਊਡਰ ਬਰਾਮਦ ਕੀਤਾ ਗਿਆ ਹੈ।
ਮੁਲਜ਼ਮਾਂ ਦੀ ਪਛਾਣ ਵਿਸ਼ੂ ਕੁਮਾਰ ਵਾਸੀ ਰਾਵਲੀ ਮਹਿਦੂਦ ਜਨਪਥ ਹਰਿਦੁਆਰ, ਨਿਖਿਲ ਗਰਗ ਵਾਸੀ ਡਿਗਰੀ ਕਾਲਜ ਗੋਵਿੰਦ ਪੁਰੀ ਅਤੇ ਅਭਿਸ਼ੇਕ ਚੌਹਾਨ ਵਾਸੀ ਰੇਵਾੜੀ ਵਜੋਂ ਹੋਈ ਹੈ। ਡੀ ਐੱਸ ਪੀ ਵਵਿੰਦਰ ਮਹਾਜਨ ਨੇ ਦੱਸਿਆ ਕਿ ਉਕਤ ਮੁਲਜ਼ਮਾਂ ਨੇ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਜ਼ਿਲ੍ਹੇ ਵਿਚ ਸ੍ਰੀ ਸ਼ਾਮ ਮੈਡੀਕਲ ਨਾਂਅ ਦੀ ਕੰਪਨੀ ਬਣਾਈ ਹੋਈ ਸੀ। ਜਦੋਂ ਤਿੰਨਾਂ ਨੂੰ ਗਿ੍ਰਫਤਾਰ ਕੀਤਾ ਗਿਆ ਤਾਂ ਪਤਾ ਲੱਗਾ ਕਿ ਇਸ ਨਾਂਅ ਵਾਲੀ ਕੰਪਨੀ ਸਹਾਰਨਪੁਰ ਵਿਚ ਕਿਤੇ ਵੀ ਮੌਜੂਦ ਨਹੀਂ ਸੀ। ਇਹ ਸਿਰਫ ਕਾਗਜ਼ਾਂ ਵਿਚ ਹੀ ਹੈ। ਪੁਲਸ ਨੇ ਜਦੋਂ ਮੁਲਜ਼ਮਾਂ ਨੂੰ ਹਿਰਾਸਤ ਵਿਚ ਲੈ ਕੇ ਪੁੱਛਗਿੱਛ ਕੀਤੀ ਅਤੇ ਰਿਕਾਰਡ ਦੀ ਘੋਖ ਕੀਤੀ ਤਾਂ ਪਤਾ ਲੱਗਾ ਕਿ ਮੁਲਜ਼ਮਾਂ ਨੇ ਅਕਤੂਬਰ ਤੋਂ ਦਸੰਬਰ 2023 ਦੇ ਤਿੰਨ ਮਹੀਨਿਆਂ ਵਿਚ 1.18 ਕਰੋੜ ਰੁਪਏ ਦੀਆਂ ਪਾਬੰਦੀਸ਼ੁਦਾ ਗੋਲੀਆਂ ਬਾਜ਼ਾਰ ਵਿਚ ਵੇਚੀਆਂ ਸਨ। ਰਿਕਾਰਡ ਦੀ ਜਾਂਚ ਦੌਰਾਨ 25 ਤੋਂ 30 ਕੰਪਨੀਆਂ ਦੇ ਨਾਂਅ ’ਤੇ ਜਾਲ੍ਹੀ ਬਿੱਲ ਵੀ ਮਿਲੇ। ਤਿੰਨਾਂ ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ ਪੁਲਸ ਨੇ ਸਹਾਰਨਪੁਰ ਤੋਂ ਹੀ 2.70 ਕਰੋੜ ਪਾਬੰਦੀਸ਼ੁਦਾ ਗੋਲੀਆਂ ਅਤੇ 765 ਕਿੱਲੋ ਨਸ਼ੀਲਾ ਪਾਊਡਰ ਬਰਾਮਦ ਕੀਤਾ ਹੈ। ਐੱਸ ਟੀ ਐੱਫ ਉਪਰੋਕਤ ਤਿੰਨਾਂ ਮੁਲਜ਼ਮਾਂ ਵੱਲੋਂ ਜਾਰੀ 25 ਕੰਪਨੀਆਂ ਦੇ ਬਲੂਪਿ੍ਰੰਟ ਦੀ ਵੀ ਜਾਂਚ ਵਿਚ ਰੁਝੀ ਹੋਈ ਹੈ। ਫਿਲਹਾਲ ਮੁਲਜ਼ਮਾਂ ਨੇ ਪਾਬੰਦੀਸ਼ੁਦਾ ਦਵਾਈਆਂ ਦੀ ਖੇਪ ਕਿਹੜੀਆਂ 25-30 ਕੰਪਨੀਆਂ ਨੂੰ ਭੇਜੀ ਹੈ, ਦਾ ਕੋਈ ਸੁਰਾਗ ਨਹੀਂ ਹੈ ਪਰ ਨਸ਼ੇ ਦੀ ਇਹ ਵੱਡੀ ਖੇਪ ਉਕਤ ਬਿੱਲਾਂ ’ਤੇ ਹੀ ਬਾਜ਼ਾਰ ’ਚ ਭੇਜੀ ਗਈ ਹੈ। ਡੀ ਐੱਸ ਪੀ ਮਹਾਜਨ ਨੇ ਦੱਸਿਆ ਕਿ ਪਾਬੰਦੀਸ਼ੁਦਾ ਨਸ਼ਿਆਂ ਖਿਲਾਫ ਮੁਹਿੰਮ ਅੰਮਿ੍ਰਤਸਰ ਵਿਚ ਦੋ ਮੁਲਜ਼ਮਾਂ ਦੀ ਗਿ੍ਰਫਤਾਰੀ ਨਾਲ ਸ਼ੁਰੂ ਹੋਈ ਸੀ। ਬਾਅਦ ਵਿਚ ਜਦੋਂ ਐੱਸ ਟੀ ਐੱਫ ਨੇ ਹਿਮਾਚਲ ਦੇ ਬਦੀ ਵਿਚ ਛਾਪਾ ਮਾਰਿਆ ਤਾਂ ਫਰਜ਼ੀ ਬਿੱਲਾਂ ’ਤੇ ਦਵਾਈਆਂ ਸਪਲਾਈ ਕਰਨ ਵਾਲੀਆਂ ਦੋ ਕੰਪਨੀਆਂ ਦਾ ਪਰਦਾ ਫਾਸ਼ ਹੋਇਆ। ਫਿਲਹਾਲ ਐੱਸ ਟੀ ਐੱਫ ਉਕਤ ਕੰਪਨੀਆਂ ਵੱਲੋਂ ਮੁੰਬਈ, ਉੱਤਰ ਪ੍ਰਦੇਸ਼, ਦਿੱਲੀ, ਹਰਿਆਣਾ, ਹਿਮਾਚਲ ਅਤੇ ਪੰਜਾਬ ਵਿਚ ਭੇਜੀਆਂ ਜਾ ਰਹੀਆਂ ਪਾਬੰਦੀਸ਼ੁਦਾ ਦਵਾਈਆਂ ਦੀ ਲਾਈਨ ਦੀ ਜਾਂਚ ਕਰ ਰਹੀ ਹੈ।