ਕੋਲਕਾਤਾ : ਬੰਗਲਾਦੇਸ਼ ਦੇ ਸੰਸਦ ਮੈਂਬਰ ਅਨਵਾਰੁਲ ਅਜ਼ੀਮ ਅਨਾਰ ਦੇ ਕਤਲ ਦੀ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਉਸ ਦੇ ਦੋਸਤ ਨੇ ਕਤਲ ਲਈ ਲਗਭਗ 5 ਕਰੋੜ ਰੁਪਏ ਦਿੱਤੇ ਸਨ। ਬੰਗਲਾਦੇਸ਼ ਦੇ ਗ੍ਰਹਿ ਮੰਤਰੀ ਅਸਦੁਜ਼ਮਾਨ ਖਾਨ ਨੇ ਬੁੱਧਵਾਰ ਕਿਹਾ ਸੀ ਕਿ ਅਨਾਰ, ਜੋ 13 ਮਈ ਤੋਂ ਕੋਲਕਾਤਾ ’ਚ ਲਾਪਤਾ ਸੀ, ਨੂੰ ਕਤਲ ਕੀਤਾ ਗਿਆ ਅਤੇ ਤਿੰਨ ਵਿਅਕਤੀਆਂ ਨੂੰ ਗਿ੍ਰਫਤਾਰ ਕੀਤਾ ਗਿਆ। ਬੰਗਾਲ ਦੀ ਸੀ ਆਈ ਡੀ ਮੁਤਾਬਕ ਇਹ ਯੋਜਨਾਬੱਧ ਕਤਲ ਸੀ। ਇਸ ਲਈ ਕਰੀਬ 5 ਕਰੋੜ ਰੁਪਏ ਸਾਂਸਦ ਦੇ ਪੁਰਾਣੇ ਦੋਸਤ ਨੇ ਉਸ ਨੂੰ ਮਾਰਨ ਲਈ ਅਦਾ ਕੀਤੇ ਸਨ। ਅਵਾਮੀ ਲੀਗ ਦੇ ਸਾਂਸਦ ਦਾ ਦੋਸਤ ਅਮਰੀਕਾ ਦਾ ਨਾਗਰਿਕ ਹੈ ਅਤੇ ਕੋਲਕਾਤਾ ’ਚ ਫਲੈਟ ਦਾ ਮਾਲਕ ਹੈ। ਅਨਾਰ ਦੀ ਹਾਲੇ ਤੱਕ ਲਾਸ਼ ਨਹੀਂ ਮਿਲੀ। ਉਹ ਇਲਾਜ ਕਰਵਾਉਣ ਲਈ 12 ਮਈ ਨੂੰ ਕੋਲਕਾਤਾ ਪਹੁੰਚਿਆ ਸੀ। ਉਸ ਦੀ ਭਾਲ ਛੇ ਦਿਨ ਬਾਅਦ ਸ਼ੁਰੂ ਹੋਈ, ਜਦੋਂ ਉੱਤਰੀ ਕੋਲਕਾਤਾ ਦੇ ਬਾਰਾਨਗਰ ਦੇ ਵਸਨੀਕ ਅਤੇ ਬੰਗਲਾਦੇਸ਼ੀ ਰਾਜਨੇਤਾ ਦੇ ਜਾਣਕਾਰ ਗੋਪਾਲ ਬਿਸਵਾਸ ਨੇ ਸਥਾਨਕ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ।




