ਮੈਂ ਹੁੰਦਾ ਤਾਂ ਪਾਕਿਸਤਾਨੀ ਬੰਦੀ ਫੌਜੀ ਕਰਤਾਰਪੁਰ ਲੈ ਕੇ ਛੱਡਦਾ : ਮੋਦੀ

0
113

ਪਟਿਆਲਾ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਭਾਜਪਾ ਉਮੀਦਵਾਰ ਪ੍ਰਨੀਤ ਕੌਰ ਦੇ ਹੱਕ ’ਚ ਪੋਲੋ ਗਰਾਊਂਡ ’ਚ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬੰਗਲਾਦੇਸ਼ ਦੀ ਲੜਾਈ ਵਿਚ 90 ਹਜ਼ਾਰ ਤੋਂ ਵੱਧ ਪਾਕਿਸਤਾਨੀਆਂ ਨੇ ਆਤਮ-ਸਮਰਪਣ ਕੀਤਾ ਸੀ ਤੇ ਜੇ ਉਹ ਉਸ ਵੇਲੇ ਪ੍ਰਧਾਨ ਮੰਤਰੀ ਹੁੰਦੇ ਤਾਂ ਕਰਤਾਰਪੁਰ ਸਾਹਿਬ ਲੈ ਕੇ ਹੀ ਉਨ੍ਹਾਂ ਨੂੰ ਛੱਡਦੇ। ਉਹ ਤਾਂ ਉਹ ਕਰ ਨਹੀਂ ਸਕੇ, ਪਰ ਜਿੰਨੀ ਸੇਵਾ ਹੋ ਸਕੀ ਉਨ੍ਹਾ ਕੀਤੀ ਤੇ ਅੱਜ ਕਰਤਾਰਪੁਰ ਜਾਣ ਦਾ ਰਾਹ ਪੱਧਰਾ ਹੋ ਗਿਆ ਹੈ। ਉਨ੍ਹਾ ਇਹ ਵੀ ਗਿਣਾਇਆ ਕਿ ਸ੍ਰੀ ਦਰਬਾਰ ਸਾਹਿਬ ਲਈ ਵਿਦੇਸ਼ਾਂ ਤੋਂ ਭਗਤ ਚੰਦਾ ਨਹੀਂ ਦੇ ਸਕਦੇ ਸੀ, ਪਰ ਉਨ੍ਹਾ ਨਿਯਮਾਂ ਵਿਚ ਛੋਟ ਦਿੱਤੀ। ਇਸੇ ਤਰ੍ਹਾਂ ਸਾਹਿਬਜ਼ਾਦਿਆਂ ਦੀ ਬਹਾਦਰੀ ਨੂੰ ਸਮਰਪਤ ਵੀਰ ਬਾਲ ਦਿਵਸ ਸ਼ੁਰੂ ਕੀਤਾ। ਉਨ੍ਹਾ ਕਿਹਾ ਕਿ ਸਨਅਤਕਾਰ ਪੰਜਾਬ ਛੱਡ ਕੇ ਜਾ ਰਹੇ ਹਨ, ਨਸ਼ਾਖੋਰੀ ਵਧ ਰਹੀ ਹੈ ਅਤੇ ਸੂਬਾ ਸਰਕਾਰ ਕਰਜ਼ੇ ’ਤੇ ਚੱਲ ਰਹੀ ਹੈ। ਵਿਰੋਧੀ ‘ਇੰਡੀਆ’ ਗੱਠਜੋੜ ਕੋਲ ਨਾ ਤਾਂ ਕੋਈ ਨੇਤਾ ਹੈ ਅਤੇ ਨਾ ਹੀ ਇਰਾਦਾ। ਇੱਕ ਪਾਸੇ ਭਾਜਪਾ ਅਤੇ ਐੱਨ ਡੀ ਏ ਹੈ, ਜਦਕਿ ਦੂਜੇ ਪਾਸੇ ਭਿ੍ਰਸ਼ਟ ਲੋਕਾਂ ਦਾ ‘ਇੰਡੀਆ’ ਗਠਜੋੜ। ਉਨ੍ਹਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਾਗਜ਼ੀ ਦੱਸਿਆ। ਇਸ ਮੌਕੇ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਤੋਂ ਇਲਾਵਾ ਮਨਪ੍ਰੀਤ ਬਾਦਲ ਤੇ ਭਾਜਪਾ ਦੇ ਰਾਜ ਵਿਚਲੇ ਲੋਕ ਸਭਾ ਉਮੀਦਵਾਰ ਹਾਜ਼ਰ ਹਨ। ਮੋਦੀ ਨੂੰ ਸਵਾਲ ਕਰਨ ਆ ਰਹੇ ਕਿਸਾਨਾਂ ਨੂੰ ਪੁਲਸ ਨੇ ਪਟਿਆਲਾ ਤੋਂ ਕੁਝ ਕਿਲੋਮੀਟਰ ਦੇ ਫਾਸਲੇ ’ਤੇ ਸਥਿਤ ਧਰੇੜੀ ਜੱਟਾਂ ਟੋਲ ਪਲਾਜ਼ੇ ’ਤੇ ਰੋਕ ਲਿਆ। ਇਸ ਕਾਰਨ ਸੜਕ ’ਤੇ ਆਵਾਜਾਈ ਵੀ ਠੱਪ ਹੋ ਗਈ। ਕਿਸਾਨ ਨੇਤਾ ਸਰਵਣ ਸਿੰਘ ਪੰਧੇਰ ਤੇ ਹੋਰਨਾਂ ਨੇ ਇਸ ਮੌਕੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਦੀ ਰੈਲੀ ’ਚ ਕੋਈ ਵਿਘਨ ਨਹੀਂ ਪਾਉਣਾ ਚਾਹੁੰਦੇ, ਉਨ੍ਹਾਂ ਦਾ ਮਕਸਦ ਸਿਰਫ ਮੋਦੀ ਨਾਲ ਸਵਾਲ-ਜਵਾਬ ਕਰਨਾ ਹੈ।

LEAVE A REPLY

Please enter your comment!
Please enter your name here