ਬਟਾਲਾ : ਕਾਂਗਰਸ ਦੇ ਸੀਨੀਅਰ ਆਗੂ ਅਤੇ ਬਟਾਲਾ ਨਗਰ ਨਿਗਮ ਦੇ ਮੇਅਰ ਸੁੱਖ ਤੇਜਾ ਦੇ ਘਰ ਸ਼ਨੀਵਾਰ ਆਮਦਨ ਕਰ ਵਿਭਾਗ ਨੇ ਛਾਪਾ ਮਾਰਿਆ। ਇਸੇ ਤਰ੍ਹਾਂ ਸੱਤ ਹੋਰ ਥਾਵਾਂ ’ਤੇ ਵਿਭਾਗ ਵੱਲੋਂ ਕਾਰਵਾਈ ਕਰਨ ਦੀ ਸੂਚਨਾ ਹੈ। ਇੱਥੋਂ ਦੇ ਉਮਰਪੁਰਾ ਰੋਡ ਉਤੇ ਮੇਅਰ ਤੇਜਾ ਦੇ ਘਰ ਜਿਵੇਂ ਹੀ ਛਾਪਾ ਪਿਆ ਤਾਂ ਲੋਕ ਤੇ ਕਾਂਗਰਸ ਆਗੂ ਇਕੱਠੇ ਹੋਏ। ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ਅਤੇ ਸਾਬਕਾ ਕੈਬਨਿਟ ਮੰਤਰੀ ਤਿ੍ਰਪਤ ਰਜਿੰਦਰ ਸਿੰਘ ਬਾਜਵਾ ਮੌਕੇ ’ਤੇ ਪਹੁੰਚੇ। ਉਹਨਾਂ ਭਾਜਪਾ ਅਤੇ ਆਪ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਦੋਵਾਂ ਨੇ ਆਖਿਆ ਕਿ ਚੋਣਾਂ ਦੌਰਾਨ ਛਾਪਾ ਕਾਂਗਰਸ ਪਾਰਟੀ ਦੇ ਆਗੂਆਂ ਤੇ ਵਰਕਰਾਂ ਦਾ ਹੌਸਲਾ ਪਸਤ ਨਹੀਂ ਕਰ ਸਕਦਾ।ਉਨ੍ਹਾਂ ਭਾਜਪਾ ਅਤੇ ਆਪ ਦੀ ਸਖ਼ਤ ਸ਼ਬਦਾਂ ’ਚ ਨਿੰਦਾ ਕੀਤੀ। ਵਿਭਾਗ ਨੇ ਬਟਾਲਾ ਦੇ ਕਾਂਗਰਸੀ ਆਗੂ ਤੇ ਸ਼ਰਾਬ ਠੇਕੇਦਾਰ ਪੱਪੂ ਜੈਂਤੀਪੁਰ, ਉਸ ਦੇ ਮੈਨੇਜਰ ਗੋਪੀ, ਚੰਦਾ ਖਾਨਾ ਖਜ਼ਾਨਾ, ਭੱਲਾ, ਹਲਕਾ ਸ੍ਰੀ ਹਰਗੋਬਿੰਦਪੁਰ ਦੇ ਪਿੰਡ ਸੁਕਾਲਾ ਦੇ ਕਾਰੋਬਾਰੀ, ਬਟਾਲਾ ਦੇ ਗੁਰੂ ਤੇਗ ਬਹਾਦਰ ਕਾਲੋਨੀ ਨੇੜੇ ਗਊਸ਼ਾਲਾ ਅਤੇ ਕਾਹਨੂੰਵਾਨ ਰੋਡ ’ਤੇ ਛਾਪਾ ਮਾਰਿਆ। ਮੇਅਰ ਨੂੰ ਛੱਡ ਬਾਕੀ ਸਾਰੇ ਪੱਪੂ ਜੈਂਤੀਪੁਰੀਆ ਦੇ ਸ਼ਰਾਬ ਕਾਰੋਬਾਰ ’ਚ ਕਥਿਤ ਤੌਰ ’ਤੇ ਸ਼ਾਮਲ ਹਨ।




