22.1 C
Jalandhar
Thursday, October 17, 2024
spot_img

ਤਪ ਰਹੀ ਧਰਤੀ, 23 ਸੂਬਿਆਂ ’ਚ ਰੈੱਡ ਅਲਰਟ

ਨਵੀਂ ਦਿੱਲੀ : ਸੂਰਜ ਦੀ ਤਪਸ਼ ਲਗਾਤਾਰ ਵਧਦੀ ਜਾ ਰਹੀ ਹੈ। ਇੱਕ ਰਿਪੋਰਟ ’ਚ ਵੱਡਾ ਖੁਲਾਸਾ ਹੋਇਆ ਹੈ। ਹੀਟ ਵੇਵ ਦੇ ਖ਼ਤਰੇ ’ਚ ਪਹਿਲਾਂ ਦੇ ਮੁਕਾਬਲੇ ਚਾਰ ਗੁਣਾਂ ਵਾਧਾ ਹੋਇਆ ਹੈ। ਇਹੀ ਨਹੀਂ ਪਹਿਲਾਂ ਜਿੱਥੇ ਲੂ ਦੀ ਲਪੇਟ ’ਚ ਦੇਸ਼ ਦੇ 17 ਸੂਬੇ ਆਉਂਦੇ ਸਨ, ਹੁਣ 23 ਸੂਬੇ ਇਸ ਦੀ ਲਪੇਟ ’ਚ ਆ ਚੁੱਕੇ ਹਨ। ਇਹੀ ਨਹੀਂ, ਪਹਾੜੀ ਸੂਬਿਆਂ ’ਤੇ ਵੀ ਵਧਦੇ ਤਾਪਮਾਨ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਪਹਾੜੀ ਖੇਤਰ ਦੇ ਕਈ ਜ਼ਿਲ੍ਹਿਆਂ ’ਚ 40-42 ਦੇ ਪਾਰ ਪਾਰਾ ਪਹੁੰਚ ਚੁੱਕਾ ਹੈ। ਮੌਸਮ ਵਿਭਾਗ ਦੇ ਨਾਲ-ਨਾਲ ਐੱਨ ਡੀ ਐੱਮ ਏ ਅਤੇ ਐੱਨ ਸੀ ਡੀ ਸੀ ਦੀ ਸੰਯੁਕਤ ਰਿਪੋਰਟ ’ਚ ਹੈਰਾਨ ਕਰਨ ਵਾਲੇ ਖੁਲਾਸੇ ਹੋਏ ਹਨ।
ਰਿਪੋਰਟ ਮੁਤਾਬਕ ਇਹ ਪੰਜਵਾਂ ਸਾਲ ਹੈ, ਜੋ ਸਭ ਤੋਂ ਜ਼ਿਆਦਾ ਗਰਮ ਸਾਲ ਗਿਣਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ 2022 ’ਚ ਸ਼ੁਰੂਆਤੀ ਲੂ ਦਾ ਖਦਸ਼ਾ 30 ਗੁਣਾਂ ਵਧਿਆ ਸੀ, ਜਦਕਿ ਸਾਲ 2023 ਨੂੰ ਹੁਣ ਤੱਕ ਦਾ ਸਭ ਤੋਂ ਗਰਮ ਸਾਲ ਕਿਹਾ ਜਾ ਰਿਹਾ ਹੈ। 2015 ਤੋਂ ਲੈ ਕੇ 2024 ਤੱਕ ਦੀ ਗੱਲ ਕੀਤੀ ਜਾਵੇ ਤਾਂ ਦੇਸ਼ ’ਚ ਲੂ ਦੀ ਲਪੇਟ ’ਚ ਆਉਣ ਵਾਲੇ ਸੂਬਿਆਂ ਦੀ ਗਿਣਤੀ 17 ਤੋਂ ਵਧ ਕੇ 23 ਹੋ ਚੁੱਕੀ ਹੈ। ਉਥੇ ਹੀ 16 ਸਾਲ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਦੇਸ਼ ਦੇ ਸਿਰਫ਼ 9 ਸੂਬੇ ਹੀ ਲੂ ਦੀ ਲਪੇਟ ’ਚ ਰਹਿੰਦੇ ਸਨ। ਡੇਢ ਦਹਾਕੇ ’ਚ ਇਨ੍ਹਾਂ ਦੀ ਗਿਣਤੀ ਵੀ ਢਾਈ ਗੁਣਾਂ ਵਧ ਗਈ ਹੈ। ਰਾਜਸਥਾਨ ਵਿਚ ਲੂ ਦੀ ਲਪੇਟ ’ਚ ਆਉਣ ਨਾਲ 8 ਲੋਕ ਮੌਤ ਦੇ ਮੂੰਹ ’ਚ ਜਾ ਚੁੱਕੇ ਹਨ। ਇੱਥੋਂ ਦੇ ਫਲੌਦੀ ਜ਼ਿਲ੍ਹੇ ’ਚ ਪਾਰਾ 49 ਡਿਗਰੀ ਤੋਂ ਪਾਰ ਪਹੁੰਚ ਗਿਆ ਹੈ ਅਤੇ ਇਸ ਦੇ 50 ਡਿਗਰੀ ਸੈਲਸੀਅਸ ਨੂੰ ਪਾਰ ਕਰਨ ਦੀ ਉਮੀਦ ਹੈ, ਜਦੋਂ ਕਿ ਜੈਸਲਮੇਰ ਵਿੱਚ 48.3 ਡਿਗਰੀ ਅਤੇ ਬਾੜਮੇਰ ’ਚ ਤਾਪਮਾਨ 48.2 ਡਿਗਰੀ ਰਿਹਾ। ਬਾੜਮੇਰ ’ਚ ਤਾਪਮਾਨ ਆਮ ਨਾਲੋਂ 6.2 ਡਿਗਰੀ ਵੱਧ ਦਰਜ ਕੀਤਾ ਗਿਆ।ਰਾਜਸਥਾਨ ’ਚ ਇਸ ਵਾਰ ਗਰਮੀ ਦੇ ਮਾਮਲੇ ’ਚ ਬਾੜਮੇਰ, ਫਲੌਦੀ, ਜੈਸਲਮੇਰ, ਸ੍ਰੀ ਗੰਗਾਨਗਰ ਅਤੇ ਪਿਲਾਨੀ ਨੇ ਚੁਰੂ ਨੂੰ ਪਿੱਛੇ ਛੱਡ ਦਿੱਤਾ ਹੈ, ਜੋ ਕਿ ਸਭ ਤੋਂ ਜ਼ਿਆਦਾ ਗਰਮੀ ਲਈ ਦੇਸ਼ ਭਰ ’ਚ ਮਸ਼ਹੂਰ ਹੈ।ਇਸ ਤੋਂ ਇਲਾਵਾ ਦਿੱਲੀ, ਪੰਜਾਬ, ਉੱਤਰ ਪ੍ਰਦੇਸ਼, ਹਰਿਆਣਾ ’ਚ ਵੀ ਸੂਰਜ ਦੀ ਗਰਮੀ ਲੋਕਾਂ ਦੀਆਂ ਮੁਸ਼ਕਲਾਂ ਵਧਾ ਰਹੀ ਹੈ।
ਮੈਦਾਨਾਂ ਤੋਂ ਲੈ ਕੇ ਪਹਾੜੀ ਇਲਾਕਿਆਂ ’ਚ ਵੀ ਗਰਮੀ ਨੇ ਰਿਕਾਰਡ ਤੋੜ ਦਿੱਤਾ ਹੈ। ਇਨ੍ਹਾਂ ’ਚ ਪੂਰਬ-ਉੱਤਰ ਦਾ ਅਰੁਣਾਚਲ ਪ੍ਰਦੇਸ਼, ਤਾਮਿਲਨਾਡੂ, ਕੇਰਲ, ਪਹਾੜੀ ਸੂਬੇ ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ ਅਤੇ ਉਤਰਾਖੰਡ ’ਚ ਵੀ ਤਾਪਮਾਨ ਨੇ ਲੋਕਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਤਪਸ਼ ਨੇ ਲੋਕਾਂ ਨੂੰ ਘਰਾਂ ਤੋਂ ਬਾਹਰ ਨਾ ਨਿਕਲਣ ’ਤੇ ਮਜਬੂਰ ਕਰ ਦਿੱਤਾ ਹੈ। ਇੱਕ ਰਿਪੋਰਟ ’ਚ ਇਸ ਗੱਲ ਦਾ ਖੁਲਾਸਾ ਕੀਤਾ ਗਿਆ ਹੈ ਕਿ ਆਖਰ ਏਨੀ ਗਰਮੀ ਕਿਉਂ ਪੈ ਰਹੀ ਹੈ। ਇਸ ਦੇ ਪਿੱਛੇ ਜੋ ਵੱਡਾ ਕਾਰਨ ਸਾਹਮਣੇ ਆਇਆ ਹੈ, ਉਹ ਹੈ ਜਲਵਾਯੂ ਤਬਦੀਲੀ। 2014 ਤੋਂ ਪਹਿਲਾਂ ਤਾਮਿਲਨਾਡੂ ਅਤੇ ਕੇਰਲ ਵਰਗੇ ਤੱਟੀ ਇਲਾਕਿਆਂ ’ਚ ਜਾਂ ਫਿਰ ਹਿਮਾਚਲ ਪ੍ਰਦੇਸ਼ ਅਤੇ ਅਰੁਣਾਚਲ ਪ੍ਰਦੇਸ਼ ਵਰਗੇ ਪਹਾੜੀ ਇਲਾਕਿਆਂ ’ਚ ਲੂ ਦਾ ਅਸਰ ਨਹੀਂ ਦੇਖਿਆ ਜਾਂਦਾ ਸੀ, ਪਰ ਬੀਤੇ ਕੁਝ ਸਾਲਾਂ ’ਚ ਇੱਥੇ ਵੀ ਸੂਰਜ ਆਪਣੀ ਗਰਮੀ ਦਿਖਾ ਰਿਹਾ ਹੈ।

Related Articles

LEAVE A REPLY

Please enter your comment!
Please enter your name here

Latest Articles