ਕੀ ਯੂ ਪੀ ਦੇ ਬਹਿਰਾਈਚ ਵਿਚ ਦੰਗਿਆਂ ਦੌਰਾਨ ਮਾਰੇ ਗਏ ਰਾਮ ਗੋਪਾਲ ਮਿਸ਼ਰਾ ਨੂੰ ਲੈ ਕੇ ਮੁੱਖ ਧਾਰਾ ਦੇ ਮੀਡੀਆ ਨੇ ਫਿਰਕੂ ਸਦਭਾਵਨਾ ਵਿਗਾੜਨ ਲਈ ਫੇਕ ਪੋਸਟ-ਮਾਰਟਮ ਰਿਪੋਰਟ ਫੈਲਾਈ। ਆਖਰ ਉਸ ਨੇ ਕਿਸ ਆਧਾਰ ’ਤੇ ਦਾਅਵਾ ਕਰ ਦਿੱਤਾ ਕਿ ਮਿਸ਼ਰਾ ਨੂੰ ਕਰੰਟ ਲਾ ਕੇ, ਤਲਵਾਰਾਂ ਮਾਰ ਕੇ ਤੇ ਨਹੁੰ ਉਖਾੜ ਕੇ ਮਾਰਿਆ ਗਿਆ? ਕੀ ਦੇਸ਼ ਦੇ ਹੋਰਨਾਂ ਹਿੱਸਿਆਂ ਵਾਂਗ ਯੂ ਪੀ ’ਚ ਅਸੰਬਲੀ ਹਲਕਿਆਂ ਦੀਆਂ ਜ਼ਿਮਨੀ ਚੋਣਾਂ ਤੋਂ ਪਹਿਲਾਂ ਅਜਿਹਾ ਜਾਣਬੁੱਝ ਕੇ ਕੀਤਾ ਗਿਆ? ਘਟਨਾਕ੍ਰਮ ਇਹੀ ਇਸ਼ਾਰਾ ਕਰਦਾ ਹੈ ਕਿ ਇਸ ਘਟਨਾ ਨੂੰ ਚੋਣ ਲਾਹੇ ਲਈ ਵਰਤਿਆ ਗਿਆ, ਜਿਵੇਂ ਅਖੌਤੀ ਹਿੰਦੂਵਾਦੀ ਜਥੇਬੰਦੀਆਂ ਅਕਸਰ ਕਰਦੀਆਂ ਹਨ ਅਤੇ ਮੁੱਖ ਧਾਰਾ ਦੇ ਮੀਡੀਆ ਨੇ ਉਨ੍ਹਾਂ ਦਾ ਸਾਥ ਦਿੱਤਾ।
ਪੁਲਸ ਨੇ ਕਿਹਾ ਹੈ ਕਿ ਬਹਿਰਾਈਚ ਦੇ ਹਰਦੀ ਥਾਣਾ ਦੇ ਮਹਾਰਾਜਗੰਜ ਕਸਬੇ ਵਿਚ 22 ਸਾਲਾ ਹਿੰਦੂ ਨੌਜਵਾਨ ਦੀ ਹੱਤਿਆ ਨੂੰ ਲੈ ਕੇ ਮੀਡੀਆ ’ਚ ਫਿਰਕੂ ਸਦਭਾਵਨਾ ਵਿਗਾੜਨ ਦੇ ਉਦੇਸ਼ ਨਾਲ ਕਰੰਟ ਲਾਉਣ, ਤਲਵਾਰਾਂ ਨਾਲ ਵਾਰ ਕਰਨ ਤੇ ਨਹੁੰ ਉਖਾੜਨ ਵਰਗੀ ਗੁੰਮਰਾਹਕੁੰਨ ਸੂਚਨਾ ਪ੍ਰਸਾਰਤ ਕਰਨ ’ਚ ਕੋਈ ਸਚਾਈ ਨਹੀਂ ਹੈ। ਪੋਸਟ-ਮਾਰਟਮ ਰਿਪੋਰਟ ਮੁਤਾਬਕ ਮੌਤ ਗੋਲੀ ਲੱਗਣ ਨਾਲ ਹੋਈ ਹੈ। ਪੁਲਸ ਨੇ ਇਹ ਬਿਆਨ ਕਾਫੀ ਲੇਟ ਦਿੱਤਾ, ਕਿਉਕਿ ਉਦੋਂ ਤੱਕ ਫਿਰਕੂ ਨਫਰਤਬਾਜ਼ਾਂ ਨੇ ਆਪਣਾ ਕੰਮ ਪੂਰਾ ਕਰ ਲਿਆ। ਪੁਲਸ ਨੇ ਆਪਣਾ ਬਣਦਾ ਫਰਜ਼ ਸਮੇਂ ਸਿਰ ਨਹੀਂ ਨਿਭਾਇਆ। 13 ਅਕਤੂਬਰ ਨੂੰ ਦੁਰਗਾ ਦੀ ਮੂਰਤੀ ਦੇ ਵਿਸਰਜਨ ਲਈ ਕੱਢੀ ਗਈ ਸ਼ੋਭਾ ਯਾਤਰਾ ਨੂੰ ਇਕ ਥਾਂ ਰੋਕ ਕੇ ਜ਼ੋਰ-ਜ਼ੋਰ ਨਾਲ ਡੀ ਜੇ ’ਤੇ ਇਹ ਗੀਤ ਵਜਾਇਆ ਗਿਆਚਾਹੇ ਜਿਤਨਾ ਜ਼ੋਰ ਲਗਾ ਲੋ, ਚਾਹੇ ਜਿਤਨਾ ਸ਼ੋਰ ਮਚਾ ਲੋ, ਜੀਤੇਗੀ ਬੀ ਜੇ ਪੀ, ਯੂ ਪੀ ਮੇਂ ਤੋ ਜੀਤ ਕੇ ਆਏਂਗੇ ਫਿਰ ਯੋਗੀ ਜੀ। ਦੁਰਗਾ ਪੂਜਾ ਨਾਲ ਜੁੜੇ ਕਿਸੇ ਸ਼ਾਸਤਰ ਵਿਚ ਅਜਿਹਾ ਸ਼ਲੋਕ ਤੇ ਭਜਨ ਨਹੀਂ ਹੈ, ਜਿਸ ’ਚ ਭਾਜਪਾ ਦੀ ਜਿੱਤ ਦੀ ਕਾਮਨਾ ਕੀਤੀ ਗਈ ਹੋਵੇ। ਸਪੱਸ਼ਟ ਹੈ ਕਿ ਮਹਾਰਾਜਗੰਜ ਵਿਚ ਮੂਰਤੀ ਵਿਸਰਜਨ ਦੇ ਬਹਾਨੇ ਭਾਜਪਾ ਤੇ ਆਰ ਐੱਸ ਐੱਸ ਦੇ ਲੋਕ ਆਪਣਾ ਸ਼ਕਤੀ-ਪ੍ਰਦਰਸ਼ਨ ਕਰ ਰਹੇ ਸਨ ਤੇ ਸਿਆਸੀ ਵਿਰੋਧੀਆਂ ਨੂੰ ਲਲਕਾਰ ਰਹੇ ਸਨ। ਇਹ ਸਿੱਧਾ-ਸਿੱਧਾ ਧਰਮ ਤੇ ਤਿਉਹਾਰ ਦੇ ਸਿਆਸੀ ਇਸਤੇਮਾਲ ਦਾ ਮਾਮਲਾ ਸੀ। ਨਤੀਜੇ ਵਜੋਂ ਇਕ ਨੌਜਵਾਨ ਨੂੰ ਜਾਨ ਗੁਆਉਣੀ ਪਈ ਅਤੇ ਵੱਡੀ ਗਿਣਤੀ ’ਚ ਦੁਕਾਨਾਂ ਫੂਕ ਦਿੱਤੀਆਂ ਗਈਆਂ। ਹਸਪਤਾਲਾਂ ਤੱਕ ਨੂੰ ਫੂਕ ਦਿੱਤਾ ਗਿਆ। ਬਹਿਰਾਈਚ ’ਚ ਜੋ ਨੁਕਸਾਨ ਹੋਇਆ, ਉਹ ਸਮਾਜ, ਪ੍ਰਦੇਸ਼ ਤੇ ਦੇਸ਼ ਦਾ ਹੋਇਆ, ਪਰ ਇਸ ਤੋਂ ਸਿਆਸੀ ਫਾਇਦਾ ਲੈਣ ਦੀ ਸ਼ਰਮਨਾਕ ਕੋਸ਼ਿਸ਼ ਕਿਸ ਨੇ ਕੀਤੀ, ਇਹ ਵੀ ਸਾਫ ਹੈ। 14 ਅਕਤੂਬਰ ਨੂੰ ਫਿਰਕੂ ਹਿੰਸਾ ਦੀ ਅੱਗ ਪਿੰਡਾਂ ਤੱਕ ਪੁੱਜ ਗਈ, ਘੱਟ ਗਿਣਤੀਆਂ ਦੀਆਂ ਸੰਪਤੀਆਂ ਨੂੰ ਅੱਗਾਂ ਲਾ ਦਿੱਤੀਆਂ ਗਈਆਂ, ਪਰ ਪ੍ਰਸ਼ਾਸਨ ਤੇ ਪੁਲਸ ਨੇ ਇਹ ਸਭ ਹੋਣ ਦਿੱਤਾ। ਇਹ ਇਕ ਤਰ੍ਹਾਂ ਨਾਲ ਵੋਟਾਂ ਬਟੋਰਨ ਲਈ ਭਾਜਪਾ ਦੇ ‘ਗੁਜਰਾਤ ਮਾਡਲ’ ਦਾ ਦੁਹਰਾਅ ਹੀ ਸੀ। ਯੋਗੀ ਆਦਿੱਤਿਆਨਾਥ ਤਾਂ ਹਰਿਆਣਾ ਚੋਣਾਂ ਤੋਂ ਹੀ ਕਹਿ ਰਹੇ ਹਨ ‘ਬੰਟੋਗੇ ਤੋ ਕਟੋਗੇ’। ਬਹਿਰਾਈਚ ਦੀ ਅੱਗ ਨੇ ਉਨ੍ਹਾਂ ਦੀ ਸੋਚ ਨੂੰ ਹੀ ਅੱਗੇ ਵਧਾਇਆ ਹੈ। ਮੁੱਖ ਧਾਰਾ ਦੇ ਮੀਡੀਆ ਤੇ ਪੁਲਸ ਨੇ ਇਸ ’ਚ ‘ਇਮਾਨਦਾਰੀ’ ਨਾਲ ਆਪਣਾ ਫਰਜ਼ ਨਿਭਾਇਆ।