ਗੁਰਦਿਆਲ ਸਿੰਘ ਨੂੰ ਜਿਤਾਉਣ ਦਾ ਸੱਦਾ

0
147

ਪੱਟੀ : ਸੀ ਪੀ ਆਈ ਤੇ ਸੀ ਪੀ ਆਈ ਐੱਮ ਹਲਕਾ ਖਡੂਰ ਸਾਹਿਬ ਤੋਂ ਸਾਂਝੇ ਉਮੀਦਵਾਰ ਗੁਰਦਿਆਲ ਸਿੰਘ ਖਡੂਰ ਸਾਹਿਬ ਦੇ ਹੱਕ ਵਿੱਚ ਸੀ ਪੀ ਆਈ ਦਫ਼ਤਰ ਮਸਤਾਨਾ ਭਵਨ ਕਚਹਿਰੀ ਰੋਡ ਪੱਟੀ ਵਿਖੇ ਜਨਰਲ ਬਾਡੀ ਮੀਟਿੰਗ ਸੀ ਪੀ ਆਈ ਐੱਮ ਦੇ ਆਗੂ ਪ੍ਰੀਤਮ ਸਿੰਘ ਪੱਟੀ ਤੇ ਬਲਕਾਰ ਸਿੰਘ ਪੱਟੀ ਦੀ ਪ੍ਰਧਾਨਗੀ ਹੇਠ ਹੋਈ।ਮੀਟਿੰਗ ਦੀ ਕਾਰਵਾਈ ਸ਼ੁਰੂ ਕਰਦਿਆਂ ਸੀ ਪੀ ਆਈ ਦੇ ਜ਼ਿਲ੍ਹਾ ਕੌਸਲ ਮੈਂਬਰ ਕਾਰਜ ਸਿੰਘ ਕੈਰੋਂ ਨੇ ਕਿਹਾ ਕਿ ਇਸ ਪਾਰਲੀਮੈਂਟ ਚੋਣ ਨੇ ਦੇਸ਼ ਦੇ ਆਵਾਮ ਦੀ ਕਿਸਮਤ ਦਾ ਫ਼ੈਸਲਾ ਕਰਨਾ ਹੈ, ਇਸ ਲਈ ਗੁਰਦਿਆਲ ਸਿੰਘ ਦਾ ਜਿੱਤਣਾ ਜ਼ਰੂਰੀ ਹੈ।
ਸੀ ਪੀ ਆਈ ਦੇ ਤਰਨ ਤਾਰਨ ਜ਼ਿਲ੍ਹੇ ਦੇ ਸਕੱਤਰ ਦਵਿੰਦਰ ਸੋਹਲ, ਸੂਬਾ ਕਮੇਟੀ ਮੈਂਬਰ ਬਲਕਾਰ ਸਿੰਘ ਵਲਟੋਹਾ ਤੇ ਖੇਤ ਮਜ਼ਦੂਰ ਯੂਨੀਅਨ ਤਰਨ ਤਾਰਨ ਜ਼ਿਲ੍ਹੇ ਦੇ ਪ੍ਰਧਾਨ ਰਾਣਾ ਮਸੀਹ ਨੇ ਕਿਹਾ ਕਿ ਗੁਰਦਿਆਲ ਸਿੰਘ ਦੁਕਾਨਦਾਰਾਂ, ਕਿਸਾਨਾਂ, ਮਜ਼ਦੂਰਾਂ, ਔਰਤਾਂ, ਨੌਜਵਾਨਾਂ, ਵਿਦਿਆਰਥੀਆਂ, ਛੋਟੇ ਕਾਰਖਾਨੇਦਾਰਾਂ ਤੇ ਆਮ ਕਿਰਤੀਆਂ ਦਾ ਮਸੀਹਾ ਹੈ।ਉਸ ਨੇ ਸਾਰੀ ਉਮਰ ਕਿਰਤੀ ਲੋਕਾਂ ਦੀ ਜ਼ਿੰਦਗੀ ਖੁਸ਼ਹਾਲ ਬਣਾਉਣ ਵਾਸਤੇ ਕਾਰਜ ਕੀਤਾ ਹੈ। ਉਹ ਆਪ ਵੀ ਕਿਰਤ ਕਰਨ ਵਾਲਾ ਮਨੁੱਖ ਹੈ।ਪਾਰਟੀ ਨੇ ਉਸ ਨੂੰ ਟਿਕਟ ਇਸ ਕਰਕੇ ਦਿੱਤੀ ਹੈ ਕਿ ਉਹ ਖਡੂਰ ਸਾਹਿਬ ਹਲਕੇ ’ਚੋਂ ਟਿਕਟ ਦਾ ਅਸਲੀ ਹੱਕਦਾਰ ਸੀ ਤੇ ਹੈ। ਉਹ ਹੀ ਆਵਾਮ ਦੀਆਂ ਵੋਟਾਂ ਪ੍ਰਾਪਤ ਕਰਕੇ ਪਾਰਲੀਮੈਂਟ ਵਿੱਚ ਪਹੁੰਚ ਸਕਦਾ ਹੈ।ਇਸ ਲਈ ਸਾਰੇ ਦੁਕਾਨਦਾਰਾਂ, ਕਿਰਤੀਆਂ, ਕਿਸਾਨਾਂ ਮਜ਼ਦੂਰਾਂ ਨੂੰ ਬੇਨਤੀ ਹੈ ਕਿ ਗੁਰਦਿਆਲ ਸਿੰਘ ਨੂੰ ਵੋਟਾਂ ਪਾ ਕੇ ਕਾਮਯਾਬ ਕਰੋ।ਗੁਰਦਿਆਲ ਸਿੰਘ ਨੇ ਕਿਹਾ ਕਿ ਪਾਰਟੀ ਨੇ ਮੈਨੂੰ ਖਡੂਰ ਸਾਹਿਬ ਹਲਕੇ ਤੋਂ ਉਮੀਦਵਾਰ ਬਣਾ ਕੇ ਬੜਾ ਵੱਡਾ ਮਾਣ ਬਖਸ਼ਿਆ ਹੈ ਤੇ ਮੈਂ ਯਕੀਨ ਦਿਵਾਉਦਾ ਹਾਂ ਕਿ ਪਾਰਟੀ ਦੀ ਸਮਝ ’ਤੇ ਪੂਰਾ ਉਤਰਾਂਗਾ।ਮੈਂ ਲੋਕ ਸਭਾ ਦੇ ਅੰਦਰ ਤੇ ਬਾਹਰ 18 ਸਾਲ ਦੀ ਉਮਰ ਤੋਂ ਹਰੇਕ ਕੁੜੀ-ਮੁੰਡੇ ਦੇ ਰੁਜ਼ਗਾਰ ਲਈ ਭਗਤ ਸਿੰਘ ਕੌਮੀ ਰੁਜ਼ਗਾਰ ਗਰੰਟੀ ਕਾਨੂੰਨ ਸੰਸਦ ਵਿੱਚ ਵਿੱਚ ਪਾਸ ਕਰਾਉਣ ’ਤੇ ਜ਼ੋਰ ਪਾਵਾਂਗਾ।ਇਹ ਕਾਨੂੰਨ ਨਾਲ ਪੰਜਾਬ ਦੀ ਬੇਰੁਜ਼ਗਾਰ ਜਵਾਨੀ ਨੂੰ ਵਿਦੇਸ਼ਾਂ ਵਿੱਚ ਧੱਕੇ ਖਾਣ ਦੀ ਥਾਂ ਪੰਜਾਬ ਵਿੱਚ ਹੀ ਸਰਕਾਰੀ ਰੁਜ਼ਗਾਰ ਮਿਲੇਗਾ। ਰੁਜ਼ਗਾਰ ਮਿਲਣ ਨਾਲ ਲੋਕਾਂ ਦੇ ਘਰਾਂ ਵਿੱਚ ਖੁਸ਼ਹਾਲੀ ਪਰਤੇਗੀ। ਮੈਂ ਲੋਕ ਸਭਾ ਵਿੱਚ ਹਰੇਕ ਬੱਚੇ ਦੀ ਵਿਦਿਆ ਮੁਫ਼ਤ ਤੇ ਲਾਜ਼ਮੀ ਬਣਾਉਣ ਲਈ ਲੜਾਂਗਾ, ਤਾਂ ਜੋ ਬੱਚੇ ਪੜ੍ਹ-ਲਿਖ ਕੇ ਦੇਸ਼ ਦੇ ਆਵਾਮ ਦੀ ਸੇਵਾ ਕਰ ਸਕਣ।ਹਰੇਕ ਕਿਰਤੀ ਲਈ ਮੁਫ਼ਤ ਘਰ ਬਣਾ ਕੇ ਦੇਣ ਦੀ ਆਵਾਜ਼ ਉਠਾਵਾਂਗਾ, ਤਾਂ ਜੋ ਮਿਹਨਤ-ਮੁਸ਼ੱਕਤ ਕਰਨ ਵਾਲਾ ਮਨੁੱਖ ਪੁਲਾਂ ਥੱਲੇ ਰਾਤਾਂ ਗੁਜ਼ਾਰਨ ਦੀ ਥਾਂ ਆਪਣੇ ਪਰਵਾਰਾਂ ਵਿੱਚ ਰਾਤ ਨੂੰ ਰਹਿਣ। ਹਰੇਕ ਮਨੁੱਖ ਲਈ ਮੁਫ਼ਤ ਸਿਹਤ ਸਹੂਲਤ ਭਾਵ ਬਿਮਾਰੀ ਦੇ ਇਲਾਜ ਨੂੰ ਮੁਫ਼ਤ ਦੇਣਾ ਯਕੀਨੀ ਬਣਾਉਣ ਦੀ ਆਵਾਜ਼ ਲਾਮਬੰਦ ਕਰਾਂਗੇ।ਦੁਕਾਨਦਾਰਾਂ, ਕਿਸਾਨਾਂ, ਮਜ਼ਦੂਰਾਂ ਤੇ ਛੋਟੇ ਕਾਰਖਾਨੇਦਾਰਾਂ ਦੇ ਕਰਜ਼ੇ ਮੁਆਫ਼ ਕਰਨ ਲਈ ਲੋਕ ਸਭਾ ਦੇ ਅੰਦਰ ਤੇ ਬਾਹਰ ਲੜਾਂਗਾ। ਬੁਢਾਪਾ, ਵਿਧਵਾ, ਅੰਗਹੀਣ ਤੇ ਬੇਸਹਾਰਿਆਂ ਦੀਆਂ ਪੈਨਸ਼ਨਾਂ ਵਿੱਚ ਲਗਾਤਾਰ ਵਾਧਾ ਕਰਨ ਤੇ ਪੈਨਸ਼ਨਾਂ ਵਿੱਚ ਲਗਾਤਾਰਤਾ ਕਾਇਮ ਕਰਾਂਗਾ।ਨਰੇਗਾ ਕਾਨੂੰਨ ਸਾਲ ਵਿੱਚ 200 ਦਿਨ ਤੇ ਦਿਹਾੜੀ 700 ਰੁਪਏ ਹੋਵੇਗੀ, ਇਸ ’ਤੇ ਜ਼ੋਰ ਪਾਵਾਂਗਾ। ਇਸ ਲਈ ਪਹਿਲੀ ਜੂਨ ਵਾਲੇ ਦਿਨ ਕਾਂਗਰਸ, ਅਕਾਲੀ, ਆਪ, ਭਾਜਪਾ ਤੇ ਬਾਕੀ ਧਿਰਾਂ ਦੇ ਉਮੀਦਵਾਰਾਂ ਨੂੰ ਨਕਾਰਦਿਆਂ ਹੋਇਆਂ ਦਾਤਰੀ ਸਿੱਟੇ ਵਾਲਾ ਬਟਨ ਦਬਾ ਕੇ ਮੈਨੂੰ ਕਾਮਯਾਬ ਕਰੋ। ਮੈਂ ਤੁਹਾਡਾ ਉਮੀਦਵਾਰ ਹਾਂ, ਬਾਕੀ ਉਮੀਦਵਾਰ ਧਨਾਢ ਤੇ ਲੋਟੂ ਪਾਰਟੀਆਂ ਦੇ ਹਨ। ਇਸ ਮੌਕੇ ਸਰਬਜੀਤ ਪੁਰੀ, ਜਸਬੀਰ ਸਿੰਘ ਜੌਣੇਕੇ, ਪੰਜਾਬ ਕਿਸਾਨ ਸਭਾ ਦੇ ਆਗੂ ਜੈਮਲ ਸਿੰਘ ਬਾਠ, ਏਟਕ ਆਗੂ ਜੋਸ਼ੀ, ਸੁਖਦੇਵ ਸਿੰਘ ਕਾਲਾ, ਪਾਲ ਸਿੰਘ ਤੇ ਡਾਕਟਰ ਰਸਾਲ ਭਿੱਖੀਵਿੰਡ, ਰਾਣਾ ਮਸੀਹ, ਮਹਿੰਦਰ ਸਿੰਘ ਨੇ ਆਪਣੇ ਵਿਚਾਰ ਪ੍ਰਗਟ ਕੀਤੇ। ਅੰਤ ਵਿੱਚ ਸ਼ਹਿਰ ਵਿਚ ਦੁਕਾਨਦਾਰਾਂ ਨੂੰ ਅਪੀਲ ਵੰਡੀ ਗਈ ਤੇ ਮਾਰਚ ਕੀਤਾ ਗਿਆ।

LEAVE A REPLY

Please enter your comment!
Please enter your name here