ਫਾਸ਼ੀ ਹਕੂਮਤ ਦੌਰਾਨ ਜਿੰਨਾ ਮਨੱੁਖੀ ਅਧਿਕਾਰਾਂ ਦਾ ਘਾਣ ਹੁੰਦਾ ਹੈ, ਓਨਾ ਰਜਵਾੜਾਸ਼ਾਹੀ ਵਿੱਚ ਸ਼ਾਇਦ ਹੀ ਹੁੰਦਾ ਰਿਹਾ ਹੋਵੇ | ਹਿਟਲਰਸ਼ਾਹੀ ਦਾ ਦੌਰ ਇਸ ਦੀ ਕਰੂਰ ਉਦਾਹਰਣ ਹੈ | ਪ੍ਰਗਟਾਵੇ ਦੀ ਆਜ਼ਾਦੀ ਨੂੰ ਕੁਚਲ ਦੇਣਾ ਇਸ ਦੀ ਸ਼ੁਰੂਆਤੀ ਨਿਸ਼ਾਨੀ ਹੈ | ਸਾਡੇ ਦੇਸ਼ ਵਿੱਚ ਜਦੋਂ ਤੋਂ ਮੌਜੂਦਾ ਹਾਕਮਾਂ ਨੇ ਸੱਤਾ ਸੰਭਾਲੀ ਹੈ, ਉਹਨਾਂ ਵਿਰੁੱਧ ਲਿਖੇ ਬੋਲੇ ਚਾਰ ਸ਼ਬਦ ਵੀ ਤੁਹਾਡੇ ਲਈ ਆਫ਼ਤ ਬਣ ਸਕਦੇ ਹਨ | ਭਾਰਤੀ ਸੰਵਿਧਾਨ ਦੀ ਧਾਰਾ 19 ਹਰ ਭਾਰਤੀ ਨੂੰ ਪ੍ਰਗਟਾਵੇ ਦੀ ਆਜ਼ਾਦੀ ਦਾ ਹੱਕ ਦਿੰਦੀ ਹੈ |
ਯੁਗਾਂਡਾ ਦੇ ਡਿਕਟੇਟਰ ਈਦੀ ਅਮੀਨ ਨੇ ਇੱਕ ਵਾਰ ਕਿਹਾ ਸੀ, Tਸਾਡੇ ਦੇਸ਼ ਵਿੱਚ ਬੋਲਣ ਦੀ ਆਜ਼ਾਦੀ ਤਾਂ ਹੈ, ਪ੍ਰੰਤੂ ਅਸੀਂ ਬੋਲਣ ਤੋਂ ਬਾਅਦ ਦੀ ਆਜ਼ਾਦੀ ਦੀ ਗਰੰਟੀ ਨਹੀਂ ਦੇ ਸਕਦੇ |U ਇਹੋ ਵਰਤਾਰਾ ਅੱਜ ਸਾਡੇ ਦੇਸ਼ ਵਿੱਚ ਚੱਲ ਰਿਹਾ ਹੈ | ਇਸ ਸਮੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਆਲੋਚਨਾ ਕਰਨੀ ਅਪਰਾਧ ਦੀ ਸ਼੍ਰੇਣੀ ਵਿੱਚ ਸ਼ਾਮਲ ਹੋ ਗਿਆ ਹੈ | ਯੂ ਪੀ ਦੇ ਅਲਾਹਾਬਾਦ ਅਧੀਨ ਆਉਂਦੇ ਕਰਨਲ ਗੰਜ ਥਾਣੇ ਵਿੱਚ ਪੰਜ ਵਿਅਕਤੀਆਂ ਵਿਰੁੱਧ ਇੱਕ ਪੋਸਟਰ ਲਾਉਣ ਕਾਰਨ ਕੇਸ ਦਰਜ ਕੀਤਾ ਗਿਆ ਹੈ | ਇਸ ਪੋਸਟਰ ਵਿੱਚ ਘਰੇਲੂ ਗੈਸ ਸਿਲੰਡਰ ਨਾਲ ਨਰਿੰਦਰ ਮੋਦੀ ਦੀ ਤਸਵੀਰ ਦਿਖਾ ਕੇ ਨਾਲ ਗੈਸ ਸਿਲੰਡਰ ਦੀ ਕੀਮਤ 1105 ਲਿਖੀ ਹੋਈ ਸੀ | ਇਸ ਪੋਸਟਰ ਵਿੱਚ ‘ਹੈਸ਼ ਟੈਗ ਬਾਏ-ਬਾਏ ਮੋਦੀ’ ਲਿਖ ਕੇ ਅਗਨੀਪੱਥ ਯੋਜਨਾ ‘ਤੇ ਵੀ ਵਿਅੰਗ ਕੱਸਿਆ ਗਿਆ ਸੀ |
ਸਥਾਨਕ ਭਾਜਪਾਈਆਂ ਨੇ ਜਦੋਂ ਇਹ ਪੋਸਟਰ ਦੇਖਿਆ ਤਾਂ ਇਸ ਦੀ ਸ਼ਿਕਾਇਤ ਥਾਣੇ ਵਿੱਚ ਦਰਜ ਕਰਾ ਦਿੱਤੀ | ਪੁਲਸ ਨੇ ਆਈ ਪੀ ਸੀ ਦੀ ਧਾਰਾ 153 ਬੀ ਤੇ 505 (2) ਤਹਿਤ ਕੇਸ ਦਰਜ ਕਰ ਲਿਆ |
ਪੁਲਸ ਵੱਲੋਂ ਜਿਹਨਾਂ ਧਾਰਾਵਾਂ ਅਧੀਨ ਕੇਸ ਦਰਜ ਕੀਤਾ ਗਿਆ ਹੈ, ਉਨ੍ਹਾਂ ਦਾ ਪੋਸਟਰ ਵਿਵਾਦ ਨਾਲ ਨੇੜੇ ਦਾ ਵੀ ਕੋਈ ਸੰਬੰਧ ਨਹੀਂ ਹੈ | ਆਈ ਪੀ ਸੀ ਦੀ ਧਾਰਾ 153 ਬੀ ਕਿਸੇ ਵਰਗ ਨੂੰ ਧਰਮ, ਭਾਸ਼ਾ ਜਾਂ ਜਾਤੀ ਦੇ ਅਧਾਰ ‘ਤੇ ਨਿਸ਼ਾਨਾ ਬਣਾਉਣ ਦੇ ਅਪਰਾਧ ਵਿੱਚ ਲਾਈ ਜਾਂਦੀ ਹੈ | ਇਸ ਨੂੰ ਕਿਸੇ ਵਿਅਕਤੀ, ਭਾਵੇਂ ਉਹ ਪ੍ਰਧਾਨ ਮੰਤਰੀ ਹੀ ਕਿਉਂ ਨਾ ਹੋਵੇ, ਦੀ ਆਲੋਚਨਾ ਕਰਨ ‘ਤੇ ਇਸਤੇਮਾਲ ਨਹੀਂ ਕੀਤਾ ਜਾ ਸਕਦਾ | ਦੂਜੀ ਧਾਰਾ 505 (2) ਦੋ ਜਾਂ ਵੱਧ ਵਰਗਾਂ ਵਿੱਚ ਦੁਸ਼ਮਣੀ, ਨਫ਼ਰਤ ਜਾਂ ਦੁਰਭਾਵਨਾ ਪੈਦਾ ਕਰਨ ਵਾਲੇ ਬਿਆਨ ਲਈ ਵਰਤੀ ਜਾਂਦੀ ਹੈ | ਇਸ ਨੂੰ ਸਮਝਣ ਲਈ ਕਿਸੇ ਕਾਨੂੰਨੀ ਕਿਤਾਬ ਦੀ ਜ਼ਰੂਰਤ ਨਹੀਂ ਕਿ ਇਹ ਦੋਵੋਂ ਹੀ ਧਾਰਾਵਾਂ ‘ਪੋਸਟਰ ਅਪਰਾਧ’ ‘ਤੇ ਲਾਗੂ ਨਹੀਂ ਹੁੰਦੀਆਂ | ਮਨੁੱਖੀ ਅਧਿਕਾਰਾਂ ਦੇ ਇਸ ਘਾਣ ਵਿੱਚ ਹਿੱਸਾ ਪਾਉਣ ਤੋਂ ਗੋਦੀ ਮੀਡੀਆ ਭਲਾ ਕਿਵੇਂ ਪਿੱਛੇ ਰਹਿ ਸਕਦਾ ਸੀ | ਟਾਈਮਜ਼ ਆਫ਼ ਇੰਡੀਆ ਨੇ ਆਪਣੀ ਵਿਸ਼ੇਸ਼ ਰਿਪੋਰਟ ਵਿੱਚ ਲਿਖਿਆ, Tਕਰਨਲ ਗੰਜ ਪੁਲਸ ਨੇ ਇੱਕ ਵੱਡੀ ਸਫ਼ਲਤਾ ਹਾਸਲ ਕਰਦਿਆਂ ਬੇਲੀ ਰੋਡ ‘ਤੇ ਪੁਲਸ ਲਾਈਨ ਨੇੜੇ ‘ਬਾਏ ਬਾਏ ਮੋਦੀ’ ਪੋਸਟਰ ਲਗਾਉਣ ਦੇ ਦੋਸ਼ ਵਿੱਚ ਇੱਕ ਪਿ੍ੰਟਿੰਗ ਪ੍ਰੈਸ ਮਾਲਕ ਸਮੇਤ 5 ਲੋਕਾਂ ਨੂੰ ਗਿ੍ਫ਼ਤਾਰ ਕਰ ਲਿਆ ਹੈ |”
ਯੂ ਪੀ ਦਾ ਹੀ ਇੱਕ ਹੋਰ ਕੇਸ ਵੀ ਇਸੇ ਤਰ੍ਹਾਂ ਦਾ ਹੀ ਹੈ | ਕਨੌਜ ਦੇ ਇੱਕ ਸਕੂਲੀ ਵਿਦਿਆਰਥੀ ਆਸ਼ੀਸ਼ ਯਾਦਵ ਨੂੰ ਸੋਸ਼ਲ ਮੀਡੀਆ ‘ਤੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਦੀ ‘ਇਤਰਾਜ਼ਯੋਗ’ ਤਸਵੀਰ ਪਾਉਣ ਲਈ ਗਿ੍ਫ਼ਤਾਰ ਕੀਤਾ ਗਿਆ ਹੈ | ਇਸ ਫੋਟੋ ਵਿੱਚ ਯੋਗੀ ਅਦਿੱਤਿਆਨਾਥ ਦੇ ਮੂੰਹ ਵਿੱਚ ਦੁੱਧ ਦੀ ਬੋਤਲ ਤੇ ਸਿਰ ‘ਤੇ ਜੁੱਤੀ ਦਿਖਾਈ ਗਈ ਹੈ |
ਆਸ਼ੀਸ਼ ਯਾਦਵ ਦੀ ਇਸ ਤਸਵੀਰ ਨੂੰ ਮੋਦੀ ਦੇ ਪੋਸਟਰ ਵਾਲੇ ਅਪਰਾਧ ਤੋਂ ਵੀ ਸੰਗੀਨ ਅਪਰਾਧ ਦੀ ਸ਼ੇ੍ਰਣੀ ਵਿੱਚ ਰੱਖਿਆ ਗਿਆ ਹੈ | ਆਸ਼ੀਸ਼ ਯਾਦਵ ‘ਤੇ 153 ਬੀ ਤੇ 505 (2) ਦੇ ਨਾਲ 153 ਏ, 295 ਏ ਤੇ ਧਾਰਾ 66 ਵੀ ਜੋੜ ਦਿੱਤੀਆਂ ਗਈਆਂ ਹਨ | ਇਨ੍ਹਾਂ ਸਭ ਧਾਰਾਵਾਂ ਦਾ ਇਸ ਕਥਿਤ ਅਪਰਾਧ ਨਾਲ ਕੋਈ ਵੀ ਲੈਣਾ-ਦੇਣਾ ਨਹੀਂ ਹੈ | ਉਤਰ ਪ੍ਰਦੇਸ਼ ਦਾ ਇਹ ਮਾਮਲਾ ਕੱਲਾ-ਕਾਰਾ ਨਹੀਂ, ਉਥੇ ਤਾਂ ਹਰ ਆਏ ਦਿਨ ਅਜਿਹੇ ਕੇਸ ਬਣਦੇ ਰਹਿੰਦੇ ਹਨ, ਜਿਹੜੇ ਲੰਮਾ-ਚੌੜਾ ਸੂਬਾ ਹੋਣ ਜਾਂ ਡਰ ਦੀ ਵਜ੍ਹਾ ਕਾਰਨ ਛੁਪੇ ਰਹਿੰਦੇ ਹਨ | ਸਪੱਸ਼ਟ ਤੌਰ ‘ਤੇ ਇਹ ਵਰਤਾਰਾ ਸਾਡੇ ਦੇਸ਼ ਵਿੱਚ ਪ੍ਰਗਟਾਵੇ ਦੀ ਆਜ਼ਾਦੀ ਦੀ ਮੌਤ ਦੀ ਗਵਾਹੀ ਦਿੰਦਾ ਹੈ |