ਮੁਹਾਲੀ : ਸੁਹਾਣਾ ਪਿੰਡ ’ਚ ਸਨਿੱਚਰਵਾਰ ਸ਼ਾਮ ਵੇਲੇ ਪੰਜ ਮੰਜ਼ਲਾ ਇਮਾਰਤ ਡਿੱਗ ਗਈ, ਜਿਸ ਕਾਰਨ ਕਈ ਜਣਿਆਂ ਦੇ ਹੇਠਾਂ ਦੱਬੇ ਜਾਣ ਦਾ ਖਦਸ਼ਾ ਹੈ। ਇਮਾਰਤ ਵਿੱਚ ਜਿੰਮ ਚਲਦਾ ਸੀ ਤੇ ਸ਼ਾਮ ਵੇਲੇ ਵੱਡੀ ਗਿਣਤੀ ਨੌਜਵਾਨ ਕਸਰਤ ਕਰ ਰਹੇ ਸਨ।
ਪ੍ਰਸ਼ਾਸਨ ਦੇ ਪੁੱਜਣ ਤੋਂ ਪਹਿਲਾਂ ਪਿੰਡ ਦੇ ਵੱਡੀ ਗਿਣਤੀ ਲੋਕਾਂ ਨੇ ਆਪ ਹੀ ਰਾਹਤ ਕਾਰਜ ਸ਼ੁਰੂ ਕਰ ਦਿੱਤੇ, ਪਰ ਇਮਾਰਤ ਦਾ ਮਲਬਾ ਦੂਰ ਤੱਕ ਫੈਲਣ ਕਾਰਨ ਰਾਹਤ ਕਾਰਜਾਂ ’ਚ ਔਖ ਆ ਰਹੀ ਸੀ। ਇਸੇ ਦੌਰਾਨ ਬਚਾਅ ਕਾਰਜਾਂ ਲਈ ਫੌਜ ਸੱਦ ਲਈ ਗਈ ਸੀ। ਇਮਾਰਤ ਵਿੱਚ ਕੁਆਰਟਰ ਵੀ ਬਣੇ ਹੋਏ ਸਨ, ਜਿਸ ਵਿਚ ਕਈ ਪਰਵਾਸੀ ਪਰਵਾਰ ਰਹਿ ਰਹੇ ਸਨ। ਇਮਾਰਤ ਨਾਲ ਦੀ ਇਮਾਰਤ ਵਿੱਚ ਬੇਸਮੈਂਟ ਦੀ ਪੁਟਾਈ ਕੀਤੀ ਜਾ ਰਹੀ ਸੀ, ਜਿਸ ਕਾਰਨ ਪਹਿਲਾਂ ਤਾਂ ਪੰਜ ਮੰਜ਼ਲਾ ਇਮਾਰਤ ਵਿੱਚ ਤਰੇੜਾਂ ਆਈਆਂ ਤੇ ਨਾਲ ਦੀ ਨਾਲ ਪੂਰੀ ਇਮਾਰਤ ਢਹਿ-ਢੇਰੀ ਹੋ ਗਈ।
ਮੁਹਾਲੀ ਪੁਲਸ ਦੇ ਇਕ ਅਧਿਕਾਰੀ ਅਨੁਸਾਰ ਦਸ ਜਣਿਆਂ ਦੇ ਫਸੇ ਹੋਣ ਦਾ ਖਦਸ਼ਾ ਹੈ, ਪਰ ਪਿੰਡ ਵਾਸੀਆਂ ਅਨੁਸਾਰ ਇਹ ਗਿਣਤੀ ਕਾਫੀ ਵੱਧ ਹੋ ਸਕਦੀ ਹੈ।