ਸ੍ਰੀਨਗਰ : ਸਾਲ 2000 ਤੋਂ ਬਾਅਦ ਸਨਿੱਚਰਵਾਰ ਸ੍ਰੀਨਗਰ ਦਾ ਤਾਪਮਾਨ ਮਨਫੀ 8.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਇਸ ਤੋਂ ਪਹਿਲਾਂ 2018 ’ਚ ਮਨਫੀ 7.7 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਸੀ। ਹਾਲਾਂਕਿ ਸਾਲ 1934 ’ਚ ਤਾਪਮਾਨ ਮਨਫੀ 12.8 ਡਿਗਰੀ ਰਹਿ ਚੁੱਕਿਆ ਹੈ।
ਹੱਡ ਚੀਰਵੀਂ ਠੰਢ ਦੇ ਕਾਰਨ ਪਾਣੀ ਦੀਆਂ ਟੂਟੀਆਂ, ਝੀਲਾਂ, ਨਦੀਆਂ ਅਤੇ ਨਦੀਆਂ ਦੀਆਂ ਸਤਹਾਂ ’ਤੇ ਸਭ ਕੁਝ ਜੰਮ ਗਿਆ। ਸਵੇਰ ਵੇਲੇ ਗਲੀਆਂ ਸੁੰਨਸਾਨ ਰਹੀਆਂ, ਕਿਉਂਕਿ ਵਾਦੀ ਭਰ ’ਚ ਤੇਜ਼ ਹਵਾਵਾਂ ਕਾਰਨ ਲੋਕਾਂ ਨੇ ਬਾਹਰ ਨਿਕਲਣ ਤੋਂ ਗੁਰੇਜ਼ ਕੀਤਾ। ਡਾਕਟਰਾਂ ਨੇ ਬੱਚਿਆਂ ਅਤੇ ਬਜ਼ੁਰਗਾਂ ਨੂੰ ਸਲਾਹ ਦਿੱਤੀ ਹੈ ਕਿ ਜਦੋਂ ਤੱਕ ਦਿਨ ਦੇ ਤਾਪਮਾਨ ’ਚ ਸੁਧਾਰ ਨਹੀਂ ਹੁੰਦਾ, ਉਹ ਆਪਣੇ ਘਰਾਂ ਦੇ ਨਿੱਘ ਤੋਂ ਬਾਹਰ ਨਾ ਨਿਕਲਣ।
ਗੁਲਮਰਗ ਸਕੀ ਰਿਜ਼ਾਰਟ ’ਚ ਮਨਫੀ 6.2 ਅਤੇ ਪਹਿਲਗਾਮ ਹਿੱਲ ਸਟੇਸ਼ਨ ’ਚ ਮਨਫੀ 8.6 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਜੰਮੂ ਸ਼ਹਿਰ ’ਚ 5.4, ਕਟੜਾ ਸ਼ਹਿਰ ’ਚ 6, ਬਟੋਟੇ ’ਚ 0.5, ਬਨਿਹਾਲ ’ਚ ਮਨਫੀ 4.4 ਅਤੇ ਭਦਰਵਾਹ ’ਚ ਘੱਟੋ-ਘੱਟ ਤਾਪਮਾਨ ਮਨਫੀ 2.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
(ਫਾਰਸੀ ਸ਼ਬਦ ਚਿੱਲਾਈ ਕਲਾਂ ਦਾ ਮਤਲਬ ਵੱਡੀ ਸਰਦੀ ਹੁੰਦਾ ਹੈ। ਕਸ਼ਮੀਰ ਵਿੱਚ ਇਸ ਦੀ ਸਨਿੱਚਰਵਾਰ ਸ਼ੁਰੂਆਤ ਹੋ ਗਈ ਤੇ ਹੁਣ 40 ਦਿਨ (21 ਦਸੰਬਰ ਤੋਂ 29 ਜਨਵਰੀ ਤੱਕ) ਬਹੁਤ ਠੰਢ ਪੈਣੀ ਹੈ। ਉਸ ਤੋਂ ਬਾਅਦ 20 ਦਿਨ ਚਿੱਲਾਈ ਖੁਰਦ ਦੇ ਹੋਣਗੇ, ਜਦੋਂ 30 ਜਨਵਰੀ ਤੋਂ 18 ਫਰਵਰੀ ਤੱਕ ਠੰਢ ਥੋੜ੍ਹੀ ਘਟੇਗੀ ਅਤੇ ਫਿਰ ਚਿੱਲਾਈ ਬੱਚਾ ਆਵੇਗਾ, ਜਦੋਂ 19 ਫਰਵਰੀ ਤੋਂ 28 ਫਰਵਰੀ ਤੱਕ 10 ਦਿਨ ਠੰਢ ਦੇ ਹੋਣਗੇ। ਚਿੱਲਾਈ ਕਲਾਂ ਕਸ਼ਮੀਰੀਆਂ ਲਈ ਮੁਸੀਬਤਾਂ ਵਾਲਾ ਹੁੰਦਾ ਹੈ, ਜਦੋਂ ਡੱਲ ਝੀਲ ਤੱਕ ਜੰਮ ਜਾਂਦੀ ਹੈ।)