ਸੋਰੇਨ ਦੀ ਪਤਨੀ ਜਿੱਤੀ

0
163

ਰਾਂਚੀ : ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ ਦੀ ਪਤਨੀ ਕਲਪਨਾ ਸੋਰੇਨ ਵਿਧਾਨ ਸਭਾ ਹਲਕਾ ਗਾਂਧੇ ਦੀ ਜ਼ਿਮਨੀ ਚੋਣ ਆਪਣੇ ਵਿਰੋਧੀ ਭਾਜਪਾ ਉਮੀਦਵਾਰ ਦਿਲੀਪ ਕੁਮਾਰ ਵਰਮਾ ਤੋਂ 27,149 ਵੋਟਾਂ ਦੇ ਫਰਕ ਨਾਲ ਜਿੱਤ ਗਈ। ਇਹ ਸੀਟ ਜੇ ਐੱਮ ਐੱਮ ਦੇ ਵਿਧਾਇਕ ਸਰਫਰਾਜ਼ ਅਹਿਮਦ ਵੱਲੋਂ ਅਸਤੀਫਾ ਦੇਣ ਕਾਰਨ ਖਾਲੀ ਹੋਈ ਸੀ।
ਯੂ ਪੀ ਦੇ ਨਵੇਂ ਚਿਹਰੇ
ਲਖਨਊ : ਯੂ ਪੀ ਤੋਂ ਲੋਕ ਸਭਾ ਚੋਣਾਂ ’ਚ ਅੱਧੀ ਦਰਜਨ ਨਵੇਂ ਚਿਹਰੇ ਜਿੱਤੇ ਹਨ, ਜੋ ਕਿ ਇਕ ਵੱਡਾ ਬਦਲਾਅ ਹੈ। ਇਹ ਨਵੇਂ ਬਣੇ ਸੰਸਦ ਮੈਂਬਰ ਚੰਗੇ ਪੜ੍ਹੇ-ਲਿਖੇ ਹਨ, ਚੰਗੀ ਤਰ੍ਹਾਂ ਅੰਗਰੇਜ਼ੀ ਬੋਲਦੇ ਹਨ, ਨਾਮਵਰ ਸੰਸਥਾਵਾਂ ਤੋਂ ਡਿਗਰੀਆਂ ਰੱਖਦੇ ਹਨ। 25 ਸਾਲ ਦੇ ਪੁਸ਼ਪੇਂਦਰ ਸਰੋਜ ਸ਼ਾਇਦ ਸਭ ਤੋਂ ਘੱਟ ਉਮਰ ਦੇ ਲੋਕ ਸਭਾ ਮੈਂਬਰ ਹਨ। ਲੰਡਨ ਤੋਂ ਡਿਗਰੀ ਪ੍ਰਾਪਤ ਇਸ ਉਮੀਦਵਾਰ ਨੇ ਸਮਾਜਵਾਦੀ ਪਾਰਟੀ ਦੀ ਟਿਕਟ ’ਤੇ ਕੌਸ਼ਾਂਬੀ ਤੋਂ ਚੋਣ ਲੜੀ ਅਤੇ 1.03 ਲੱਖ ਵੋਟਾਂ ਦੇ ਫਰਕ ਨਾਲ ਜਿੱਤ ਹਾਸਲ ਕੀਤੀ। ਉਨ੍ਹਾ ਭਾਜਪਾ ਦੇ ਦੋ ਵਾਰ ਦੇ ਸੰਸਦ ਮੈਂਬਰ ਵਿਨੋਦ ਸੋਨਕਰ ਨੂੰ ਹਰਾਇਆ। ਇਸੇ ਤਰ੍ਹਾਂ ਸਮਾਜਵਾਦੀ ਪਾਰਟੀ ਦੀ ਇਕਰਾ ਹਸਨ ਕੈਰਾਨਾ ਸੀਟ ਤੋਂ 69,116 ਵੋਟਾਂ ਦੇ ਫਰਕ ਨਾਲ ਚੋਣ ਜਿੱਤੀ ਹੈ। ਸੁਪਰੀਮ ਕੋਰਟ ਦੀ ਵਕੀਲ ਪਿ੍ਰਆ ਸਰੋਜ ਨੇ 35,850 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ ਹੈ।
ਦੋ ਤਸਕਰਾਂ ਤੋਂ 2 ਕਰੋੜ ਬਰਾਮਦ
ਚੰਡੀਗੜ੍ਹ : ਅੰਮਿ੍ਰਤਸਰ ਜ਼ਿਲ੍ਹੇ ’ਚ ਤਲਾਸ਼ੀ ਮੁਹਿੰਮ ਦੌਰਾਨ ਦੋ ਸ਼ੱਕੀ ਨਸ਼ਾ ਤਸਕਰ ਗਿ੍ਰਫਤਾਰ ਕਰਕੇ ਕਰੀਬ 2 ਕਰੋੜ ਰੁਪਏ ਦੀ ਨਕਦੀ ਬਰਾਮਦ ਕੀਤੀ ਗਈ। ਬੀ ਐੱਸ ਐੱਫ ਅਤੇ ਪੰਜਾਬ ਪੁਲਸ ਨੇ ਕੱਕੜ ਪਿੰਡ ’ਚ ਮੰਗਲਵਾਰ ਸ਼ਾਮ ਨੂੰ ਸ਼ੱਕੀ ਨਸ਼ਾ ਤਸਕਰਾਂ ਦੇ ਘਰ ’ਤੇ ਜਾਂਚ ਮੁਹਿੰਮ ਆਰੰਭੀ ਗਈ। ਨਤੀਜੇ ਵਜੋਂ ਦੋ ਸ਼ੱਕੀ ਵਿਅਕਤੀਆਂ ਨੂੰ ਫੜਿਆ ਗਿਆ ਅਤੇ 1,97,14,650 ਰੁਪਏ, ਇੱਕ ਲੈਪਟਾਪ, ਤਿੰਨ ਸਮਾਰਟਫੋਨ ਅਤੇ ਦੋ ਕੀਪੈਡ ਮੋਬਾਈਲ ਫੋਨ ਬਰਾਮਦ ਕੀਤੇ ਗਏ।
ਕੇਜਰੀਵਾਲ ਦੀ ਅਰਜ਼ੀ ਖਾਰਜ
ਨਵੀਂ ਦਿੱਲੀ : ਵਿਸ਼ੇਸ਼ ਜੱਜ ਕਾਵੇਰੀ ਬਵੇਜਾ ਨੇ ਬੁੱਧਵਾਰ ਆਬਕਾਰੀ ਨੀਤੀ ਮਾਮਲੇ ’ਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਮੈਡੀਕਲ ਆਧਾਰ ’ਤੇ ਅੰਤਰਮ ਜ਼ਮਾਨਤ ਦੀ ਅਰਜ਼ੀ ਖਾਰਜ ਕਰਕੇ ਨਿਆਂਇਕ ਹਿਰਾਸਤ 19 ਜੂਨ ਤੱਕ ਵਧਾ ਦਿੱਤੀ। ਇਸ ਦੇ ਨਾਲ ਹੀ ਤਿਹਾੜ ਜੇਲ੍ਹ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਕਿ ਉਹ ਕੇਜਰੀਵਾਲ ਦੀਆਂ ਮੈਡੀਕਲ ਜ਼ਰੂਰਤਾਂ ਦਾ ਧਿਆਨ ਰੱਖਣ।
ਅਮਰੀਕਾ ’ਚ ਗੁਆਚੀ ਭਾਰਤੀ ਵਿਦਿਆਰਥਣ ਲੱਭ ਪਈ
ਹਿਊਸਟਨ : ਅਮਰੀਕਾ ਦੇ ਕੈਲੀਫੋਰਨੀਆ ’ਚ ਪਿਛਲੇ ਹਫਤੇ ਲਾਪਤਾ ਹੋਈ ਹੈਦਰਾਬਾਦ ਦੀ 23 ਸਾਲਾ ਵਿਦਿਆਰਥਣ ਨੂੰ ਪੁਲਸ ਨੇ ਸੁਰੱਖਿਅਤ ਬਰਾਮਦ ਕਰ ਲਿਆ ਹੈ। ਕੈਲੀਫੋਰਨੀਆ ਸਟੇਟ ਯੂਨੀਵਰਸਿਟੀ, ਸਾਨ ਬਰਨਾਡਿਨੋ ਦੀ ਵਿਦਿਆਰਥਣ ਨਿਤਿਸ਼ਾ ਕੰਡੂਲਾ 28 ਮਈ ਨੂੰ ਲਾਸ ਏਂਜਲਸ ਤੋਂ ਲਾਪਤਾ ਹੋ ਗਈ ਸੀ। ਪੁਲਸ ਨੇ ਕਿਹਾ ਕਿ ਲਾਪਤਾ ਵਿਦਿਆਰਥਣ ਦਾ ਪਤਾ ਲਾ ਲਿਆ ਗਿਆ ਹੈ ਤੇ ਉਹ ਸੁਰੱਖਿਅਤ ਹੈ। ਹਾਲਾਂਕਿ ਪੁਲਸ ਨੇ ਬਰਾਮਦਗੀ ਵਾਲੀ ਥਾਂ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ।

LEAVE A REPLY

Please enter your comment!
Please enter your name here