ਪੰਜਾਬ ’ਚ ਮੋਦੀ ਨੇ ਜਿੱਥੇ ਪ੍ਰਚਾਰ ਕੀਤਾ. . .

0
201

ਜਲੰਧਰ, (ਸ਼ੈਲੀ ਐਲਬਰਟ)-ਲੋਕ ਸਭਾ ਚੋਣਾਂ ਵਿੱਚ ਪੰਜਾਬ ਵਿੱਚ ਭਾਜਪਾ ਦਾ ਖਾਤਾ ਵੀ ਨਹੀਂ ਖੁੱਲ੍ਹਿਆ। ਪੰਜਾਬ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕਾਂਗਰਸ ਦੇ ਸਾਬਕਾ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੇ ਚੋਣ ਪ੍ਰਚਾਰ ਕੀਤਾ। ਇਸ ਚੋਣ ਵਿੱਚ ਜਿੱਥੇ ਪੀ ਐੱਮ ਮੋਦੀ ਦੀ ਮੁਹਿੰਮ ਬੇਅਸਰ ਰਹੀ, ਉੱਥੇ ਰਾਹੁਲ ਗਾਂਧੀ ਦੀਆਂ ਰੈਲੀਆਂ ਪੰਜਾਬ ਕਾਂਗਰਸ ਲਈ ਸ਼ੁਭ ਸਾਬਤ ਹੋਈਆਂ।
ਮੋਦੀ ਨੇ ਪਟਿਆਲਾ, ਗੁਰਦਾਸਪੁਰ, ਹੁਸ਼ਿਆਰਪੁਰ ਤੇ ਜਲੰਧਰ ’ਚ ਰੈਲੀਆਂ ਕੀਤੀਆਂ, ਪਰ ਹੋਰਨਾਂ ਸੀਟਾਂ ਦੀ ਤਰ੍ਹਾਂ ਇਨ੍ਹਾਂ ਸੀਟਾਂ ’ਤੇ ਵੀ ਪਾਰਟੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਨੇ ਹੁਸ਼ਿਆਰਪੁਰ ਅਤੇ ਗੁਰਦਾਸਪੁਰ ਦੀਆਂ ਸੀਟਾਂ ਜਿੱਤੀਆਂ ਸਨ। ਅਦਾਕਾਰ ਸੰਨੀ ਦਿਓਲ ਗੁਰਦਾਸਪੁਰ ਤੋਂ ਅਤੇ ਸੋਮ ਪ੍ਰਕਾਸ਼ ਹੁਸ਼ਿਆਰਪੁਰ ਤੋਂ ਜਿੱਤੇ ਸਨ। ਇਸ ਵਾਰ ਪਾਰਟੀ ਨੇ ਗੁਰਦਾਸਪੁਰ ਤੋਂ ਦਿਨੇਸ਼ ਬੱਬੂ ਅਤੇ ਹੁਸ਼ਿਆਰਪੁਰ ਤੋਂ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਦੀ ਪਤਨੀ ਅਨੀਤਾ ਸੋਮ ਪ੍ਰਕਾਸ਼ ਨੂੰ ਟਿਕਟ ਦਿੱਤੀ, ਪਰ ਦੋਵੇਂ ਹਾਰ ਗਏ। ਗੁਰਦਾਸਪੁਰ ਅਤੇ ਹੁਸ਼ਿਆਰਪੁਰ ਹਿੰਦੂ ਪ੍ਰਭਾਵ ਵਾਲੇ ਖੇਤਰ ਹਨ ਅਤੇ ਭਾਜਪਾ ਦਾ ਗੜ੍ਹ ਮੰਨਿਆ ਜਾਂਦਾ ਹੈ, ਪਰ ਇਸ ਦੇ ਬਾਵਜੂਦ ਪਾਰਟੀ ਇੱਥੇ ਜਿੱਤ ਦਰਜ ਕਰਨ ਵਿੱਚ ਅਸਫਲ ਰਹੀ।
ਇਸੇ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪ੍ਰਨੀਤ ਕੌਰ ਨੇ ਪਟਿਆਲਾ ਸੀਟ ਕਾਂਗਰਸੀ ਉਮੀਦਵਾਰ ਵਜੋਂ ਚਾਰ ਵਾਰ ਜਿੱਤੀ ਸੀ। ਇਸ ਵਾਰ ਉਸ ਨੇ ਕਾਂਗਰਸ ਛੱਡ ਕੇ ਭਾਜਪਾ ਤੋਂ ਲੜੀ ਤਾਂ ਹਾਰ ਗਈ। ਉਥੇ ਹੀ ਜਲੰਧਰ ਵਿਚ ‘ਆਪ’ ਛੱਡ ਕੇ ਭਾਜਪਾ ਤੋਂ ਚੋਣ ਲੜੇ ਸੁਸ਼ੀਲ ਰਿੰਕੂ ਵੀ ਹਾਰ ਗਏ। ਰਾਹੁਲ ਨੇ ਨਵਾਂ ਸ਼ਹਿਰ, ਅੰਮਿ੍ਰਤਸਰ ਅਤੇ ਲੁਧਿਆਣਾ ਵਿੱਚ ਪਾਰਟੀ ਉਮੀਦਵਾਰਾਂ ਦੇ ਹੱਕ ਵਿੱਚ ਪ੍ਰਚਾਰ ਕੀਤਾ। ਪਟਿਆਲਾ ਵਿੱਚ ਧਰਮਵੀਰ ਗਾਂਧੀ ਜੇਤੂ ਰਹੇ। ਅੰਮਿ੍ਰਤਸਰ ਵਿੱਚ ਗੁਰਜੀਤ ਸਿੰਘ ਔਜਲਾ ਅਤੇ ਲੁਧਿਆਣਾ ਵਿੱਚ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਜੇਤੂ ਰਹੇ।

LEAVE A REPLY

Please enter your comment!
Please enter your name here