ਨਵੀਂ ਦਿੱਲੀ : 18ਵੀਂ ਲੋਕ ਸਭਾ ਲਈ ਚੁਣੇ ਗਏ 543 ਉਮੀਦਵਾਰਾਂ ਵਿੱਚੋਂ 504 ਕਰੋੜਪਤੀ ਹਨ। ਐਸੋਸੀਏਸ਼ਨ ਫਾਰ ਡੈਮੋਕਰੇਟਿਕ ਰਿਫਾਰਮਜ਼ (ਏ ਡੀ ਆਰ) ਨੇ ਜਿੱਤਣ ਵਾਲਿਆਂ ਵੱਲੋਂ ਚੋਣ ਲੜਨ ਵੇਲੇ ਦਿੱਤੇ ਹਲਫਨਾਮਿਆਂ ਵਿਚ ਦੱਸੀ ਆਪਣੀ ਦੌਲਤ ਦੇ ਹਵਾਲੇ ਨਾਲ ਇਹ ਜਾਣਕਾਰੀ ਸਾਂਝੀ ਕੀਤੀ ਹੈ। ਏ ਡੀ ਆਰ ਵੱਲੋਂ ਵੀਰਵਾਰ ਜਾਰੀ ਰਿਪੋਰਟ ਮੁਤਾਬਕ 2014 ਵਿਚ 82 ਫੀਸਦੀ, 2019 ਵਿਚ 88 ਫੀਸਦੀ ਕਰੋੜਪਤੀ ਸਨ ਤੇ ਹੁਣ 2024 ਵਿਚ ਇਨ੍ਹਾਂ ਦੀ ਗਿਣਤੀ 93 ਫੀਸਦੀ ਤੱਕ ਪੁੱਜ ਚੁੱਕੀ ਹੈ। 2019 ਵਿਚ 475 ਤੇ 2014 ਵਿਚ 542 ਵਿੱਚੋਂ 443 ਮੈਂਬਰ ਕਰੋੜਪਤੀ ਸਨ। 2009 ਵਿਚ ਕਰੋੜਪਤੀਆਂ ਦੀ ਗਿਣਤੀ 315 (58 ਫੀਸਦੀ) ਸੀ।
2024 ਵਿਚ ਲੋਕ ਸਭਾ ਦੇ ਮੈਂਬਰ ਬਣਨ ਵਾਲੇ ਕਰੋੜਪਤੀਆਂ ਵਿਚ ਟਾਪ ਦੇ ਤਿੰਨ ਕਰੋੜਪਤੀ ਆਂਧਰਾ ਪ੍ਰਦੇਸ਼ ਦੇ ਤੇਲਗੂ ਦੇਸਮ ਦੇ ਡਾ. ਚੰਦਰ ਸ਼ੇਖਰ ਪੇਮਾਸਾਨੀ, ਤਿਲੰਗਾਨਾ ਦੇ ਭਾਜਪਾ ਦੇ ਕੋਂਡਾ ਵਿਸ਼ਵੇਸ਼ਵਰ ਰੈੱਡੀ ਤੇ ਹਰਿਆਣਾ ਦੇ ਭਾਜਪਾ ਦੇ ਨਵੀਨ ਜਿੰਦਲ ਹਨ। ਗੁੰਟੂਰ ਹਲਕੇ ਤੋਂ ਜਿੱਤਣ ਵਾਲੇ ਡਾ. ਚੰਦਰ ਸ਼ੇਖਰ ਦੀ ਦੌਲਤ 5705 ਕਰੋੜ ਰੁਪਏ, ਚੇਵੇਲਾ ਹਲਕੇ ਤੋਂ ਜਿੱਤੇ ਰੈੱਡੀ ਦੀ ਦੌਲਤ 4568 ਕਰੋੜ ਰੁਪਏ ਤੇ ਕੁਰੂਕਸ਼ੇਤਰ ਤੋਂ ਜਿੱਤੇ ਨਵੀਨ ਜਿੰਦਲ ਦੀ ਦੌਲਤ 1241 ਕਰੋੜ ਰੁਪਏ ਹੈ। ਭਾਜਪਾ ਦੇ ਜਿੱਤੇ 240 ਮੈਂਬਰਾਂ ਦੀ ਔਸਤ ਦੌਲਤ 50 ਕਰੋੜ 40 ਹਜ਼ਾਰ ਰੁਪਏ ਬਣਦੀ ਹੈ। ਕਾਂਗਰਸ ਦੇ 99 ਮੈਂਬਰਾਂ ਦੀ ਔਸਤ ਦੌਲਤ 22 ਕਰੋੜ 93 ਲੱਖ ਰੁਪਏ, ਸਮਾਜਵਾਦੀ ਦੇ 37 ਮੈਂਬਰਾਂ ਦੀ ਔਸਤ ਦੌਲਤ 15 ਕਰੋੜ 24 ਲੱਖ ਰੁਪਏ, ਤਿ੍ਰਣਮੂਲ ਕਾਂਗਰਸ ਦੇ 29 ਮੈਂਬਰਾਂ ਦੀ ਔਸਤ ਦੌਲਤ 17 ਕਰੋੜ 98 ਲੱਖ ਰੁਪਏ ਅਤੇ ਤੇਲਗੂ ਦੇਸਮ ਦੇ 16 ਮੈਂਬਰਾਂ ਦੀ ਔਸਤ ਦੌਲਤ 442 ਕਰੋੜ 26 ਲੱਖ ਰੁਪਏ ਬਣਦੀ ਹੈ। ਏ ਡੀ ਆਰ ਦੀ ਇਕ ਹੋਰ ਰਿਪੋਰਟ ਮੁਤਾਬਕ 105 ਜੇਤੂ ਉਮੀਦਵਾਰ (19 ਫੀਸਦੀ) ਪੰਜ ਤੋਂ ਬਾਰਾਂ ਜਮਾਤਾਂ ਪਾਸ ਹਨ, ਜਦਕਿ 420 (77 ਫੀਸਦੀ) ਗ੍ਰੈਜੂਏਟ ਜਾਂ ਉਸ ਤੋਂ ਵੱਧ ਪੜ੍ਹੇ-ਲਿਖੇ ਹਨ। 17 ਜੇਤੂ ਉਮੀਦਵਾਰ ਡਿਪਲੋਮਾ ਹੋਲਡਰ ਹਨ। 121 ਉਮੀਦਵਾਰਾਂ ਨੇ ਖੁਦ ਨੂੰ ਅਨਪੜ੍ਹ ਦੱਸਿਆ ਸੀ ਤੇ ਉਹ ਸਾਰੇ ਹਾਰ ਗਏ। ਦੋ ਜੇਤੂ ਉਮੀਦਵਾਰ ਪੰਜਵੀਂ ਤੇ ਚਾਰ ਅੱਠਵੀਂ ਪਾਸ ਹਨ। 34 ਦਸਵੀਂ ਤੇ 65 ਬਾਰ੍ਹਵੀਂ ਪਾਸ ਹਨ। ਪੀ ਆਰ ਐੱਸ ਲੈਜਿਸਲੇਟਿਵ ਰਿਸਰਚ ਨਾਂਅ ਦੀ ਜਥੇਬੰਦੀ ਦੇ ਵਿਸ਼ਲੇਸ਼ਣ ਮੁਤਾਬਕ ਬਹੁਤੇ ਜੇਤੂ ਉਮੀਦਵਾਰ ਖੇਤੀਬਾੜੀ ਤੇ ਸਮਾਜੀ ਕੰਮ ਕਰਨ ਵਾਲੇ ਹਨ। ਛੱਤੀਸਗੜ੍ਹ ਦੇ 91 ਫੀਸਦੀ, ਮੱਧ ਪ੍ਰਦੇਸ਼ ਦੇ 72 ਫੀਸਦੀ ਤੇ ਗੁਜਰਾਤ ਦੇ 65 ਫੀਸਦੀ ਜੇਤੂ ਉਮੀਦਵਾਰ ਖੇਤੀ ਕਰਨ ਵਾਲੇ ਹਨ। ਲੱਗਭੱਗ 7 ਫੀਸਦੀ ਵਕੀਲ ਤੇ 4 ਫੀਸਦੀ ਡਾਕਟਰ ਹਨ। ਤਿੰਨ ਮਹਿਲਾ ਜੇਤੂ ਉਮੀਦਵਾਰਾਂ ਸਣੇ 5 ਫੀਸਦੀ ਡਾਕਟੋਰਲ ਡਿਗਰੀ ਵਾਲੇ ਹਨ।





