ਚੰਡੀਗੜ੍ਹ (ਗੁਰਜੀਤ ਬਿੱਲਾ)-ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਦੇ ਮੱਦੇਨਜ਼ਰ 10 ਜੂਨ ਨੂੰ ਪੰਜਾਬ ’ਚ ਜਨਤਕ ਛੁੱਟੀ ਰਹੇਗੀ। ਮੁੱਖ ਸਕੱਤਰ ਪੰਜਾਬ ਅਨੁਰਾਗ ਵਰਮਾ ਨੇ ਇਸ ਸੰਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਹੈ।
ਪਾਂਡੀਅਨ ਨੇ ਸਿਆਸਤ ਛੱਡੀ
ਭੁਬਨੇਸ਼ਵਰ : ਓਡੀਸ਼ਾ ਦੇ ਸਾਬਕਾ ਮੁੱਖ ਮੰਤਰੀ ਨਵੀਨ ਪਟਨਾਇਕ ਦੇ ਸਹਿਯੋਗੀ ਵੀ ਕੇ ਪਾਂਡੀਅਨ ਨੇ ਲੋਕ ਸਭਾ ਤੇ ਵਿਧਾਨ ਸਭਾ ਦੀਆਂ ਚੋਣਾਂ ’ਚ ਬੀਜੂ ਜਨਤਾ ਦਲ ਦੀ ਹਾਰ ਤੋਂ ਬਾਅਦ ਸਰਗਰਮ ਰਾਜਨੀਤੀ ਛੱਡ ਦਿੱਤੀ ਹੈ। ਪਾਂਡੀਅਨ ਨੇ ਇੱਕ ਵੀਡੀਓ ਸੰਦੇਸ਼ ’ਚ ਕਿਹਾਰਾਜਨੀਤੀ ’ਚ ਸ਼ਾਮਲ ਹੋਣ ਦਾ ਮੇਰਾ ਇਰਾਦਾ ਸਿਰਫ ਨਵੀਨ ਬਾਬੂ ਦੀ ਸਹਾਇਤਾ ਕਰਨਾ ਸੀ ਅਤੇ ਹੁਣ ਮੈਂ ਸੁਚੇਤ ਤੌਰ ’ਤੇ ਸਰਗਰਮ ਰਾਜਨੀਤੀ ਛੱਡ ਰਿਹਾ ਹਾਂ। ਮੇਰੇ ਕਰਕੇ ਜੇ ਪਾਰਟੀ ਦਾ ਨੁਕਸਾਨ ਹੋਇਆ ਹੈ ਤਾਂ ਮੈਂ ਇਸ ਲਈ ਸਾਰੇ ਪਾਰਟੀ ਵਰਕਰਾਂ ਸਮੇਤ ਪੂਰੇ ਬੀਜੂ ਪਰਵਾਰ ਤੋਂ ਮੁਆਫੀ ਮੰਗਦਾ ਹਾਂ।
ਸ਼ੇਅਰ ਮਾਮਲਾ ਸੁਪਰੀਮ ਕੋਰਟ ’ਚ
ਨਵੀਂ ਦਿੱਲੀ : ਚੋਣ ਨਤੀਜਿਆਂ ਵਾਲੇ ਦਿਨ 4 ਜੂਨ ਨੂੰ ਸ਼ੇਅਰ ਬਾਜ਼ਰ ਮੂਧੇ ਮੂੰਹ ਡਿੱਗਣ ਨਾਲ ਜੁੜੇ ਮਾਮਲੇ ਵਿਚ ਕੇਂਦਰ ਤੇ ਸੇਬੀ ਨੂੰ ਤਫਸੀਲੀ ਰਿਪੋਰਟ ਦਾਖਲ ਕਰਨ ਸੰਬੰਧੀ ਹਦਾਇਤਾਂ ਜਾਰੀ ਕੀਤੇ ਜਾਣ ਦੀ ਮੰਗ ਕਰਦੀ ਪਟੀਸ਼ਨ ਸੁਪਰੀਮ ਕੋਰਟ ਵਿਚ ਦਾਖਲ ਕੀਤੀ ਗਈ ਹੈ। ਬੀ ਐੱਸ ਈ ਦਾ ਸੈਂਸੈਕਸ ਦੇ ਐੱਨ ਐੱਸ ਈ ਦਾ ਨਿਫਟੀ ਇਕੋ ਦਿਨ ਵਿਚ 6 ਫੀਸਦੀ ਡਿੱਗਣ ਕਰਕੇ ਨਿਵੇਸ਼ਕਾਂ ਦੇ 31 ਲੱਖ ਕਰੋੜ ਰੁਪਏ ਮਿੱਟੀ ਹੋ ਗਏ ਸਨ।
ਵੱਡਾ ਜਹਾਜ਼ ਹਾਦਸਾ ਟਲਿਆ
ਟੋਰਾਂਟੋ : ਕੈਨੇਡਾ ਦੇ ਪੀਅਰਸਨ ਹਵਾਈ ਅੱਡੇ ਤੋਂ ਸ਼ੁੱਕਰਵਾਰ ਨੂੰ ਪੈਰਿਸ ਜਾ ਰਹੇ ਏਅਰ ਕੈਨੇਡਾ ਦੇ ਜਹਾਜ਼, ਜਿਸ ਵਿਚ 389 ਯਾਤਰੀ ਅਤੇ ਚਾਲਕ ਦਲ ਦੇ 13 ਮੈਂਬਰ ਸਵਾਰ ਸਨ, ਨੂੰ ਉਡਾਣ ਭਰਨ ਦੇ ਕੁਝ ਮਿੰਟਾਂ ਦੇ ਅੰਦਰ ਹੀ ਅੱਗ ਲੱਗ ਗਈ। ਉਸ ਦੀ ਤੁਰੰਤ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਨੁਕਸਾਨ ਤੋਂ ਬਚਾਅ ਰਿਹਾ। ਏਅਰ ਟ੍ਰੈਫਿਕ ਕੰਟਰੋਲਰ ਨੇ ਜਹਾਜ਼ ਦੇ ਸੱਜੇ ਇੰਜਣ ਤੋਂ ਚੰਗਿਆੜੀਆਂ ਨਿਕਲਦੀਆਂ ਦੇਖ ਤੁਰੰਤ ਚਾਲਕ ਦਲ ਦੇ ਮੈਂਬਰਾਂ ਨੂੰ ਸੂਚਿਤ ਕੀਤਾ ਤੇ ਉਸ ਨੇ ਸਥਿਤੀ ਸੰਭਾਲ ਲਈ।