ਦਹਿਸ਼ਤਗਰਦਾਂ ਨੇ ਜੰਮੂ ਖੇਤਰ ’ਚ ਹਮਲੇ ਵਧਾਏ

0
242

ਸ੍ਰੀਨਗਰ : ਜੰਮੂ-ਕਸ਼ਮੀਰ ’ਚ ਦਹਿਸ਼ਤਗਰਦਾਂ ਦੇ ਉੱਤੋੜਤੀ ਹਮਲਿਆਂ ਨੇ ਉੱਥੇ ਅਮਨ ਦੀ ਵਾਪਸੀ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਦਹਿਸ਼ਤਗਰਦਾਂ ਨੇ ਪਹਿਲਾਂ ਰਿਆਸੀ ਇਲਾਕੇ ’ਚ ਬੱਸ ’ਤੇ ਹਮਲਾ ਕਰਕੇ 9 ਸ਼ਰਧਾਲੂ ਮਾਰ ਦਿੱਤੇ। ਉਸ ਤੋਂ ਬਾਅਦ ਕਠੂਆ ਜ਼ਿਲ੍ਹੇ ਵਿਚ ਮੁਕਾਬਲੇ ਦੌਰਾਨ ਦੋ ਦਹਿਸ਼ਤਗਰਦ ਮਾਰੇ ਗਏ ਤੇ ਸੀ ਆਰ ਪੀ ਦਾ ਇਕ ਜਵਾਨ ਸ਼ਹੀਦ ਹੋ ਗਿਆ।
ਕਠੂਆ ਦੇ ਪਿੰਡ ਸੈਦਾ ਸੁਖਲ ਵਿਚ ਦੋ ਦਹਿਸ਼ਤਗਰਦਾਂ ਦੇ ਹੋਣ ਦੀ ਸੂਚਨਾ ਮਿਲੀ ਤਾਂ ਸੁਰੱਖਿਆ ਬਲ ਪਹੁੰਚ ਗਏ। ਮੰਗਲਵਾਰ ਰਾਤ ਮੁਕਾਬਲਾ ਸ਼ੁਰੂ ਹੋ ਗਿਆ ਤੇ ਇਕ ਦਹਿਸ਼ਤਗਰਦ ਰਾਤੀਂ ਮਾਰਿਆ ਗਿਆ, ਜਦਕਿ ਦੂਜਾ ਬੁੱਧਵਾਰ ਸਵੇਰੇ। ਦਹਿਸ਼ਤਗਰਦਾਂ ਨੇ ਪਾਣੀ ਖਾਤਰ ਪਿੰਡ ’ਚ ਘਰਾਂ ਦੇ ਦਰਵਾਜ਼ੇ ਖੜਕਾਏ ਤਾਂ ਲੋਕਾਂ ਨੇ ਪੁਲਸ ਨੂੰ ਸੂਚਿਤ ਕਰ ਦਿੱਤਾ। ਬਚਾਅ ਰਿਹਾ ਕਿ ਦਹਿਸ਼ਤਗਰਦਾਂ ਨੇ ਪਿੰਡ ਦੇ ਲੋਕਾਂ ’ਤੇ ਗੋਲੀਆਂ ਨਹੀਂ ਚਲਾ ਦਿੱਤੀਆਂ, ਨਹੀਂ ਤਾਂ ਬਹੁਤ ਖੂਨ-ਖਰਾਬਾ ਹੋ ਜਾਣਾ ਸੀ। ਮੁਕਾਬਲੇ ਦੌਰਾਨ ਦੋ ਸੀਨੀਅਰ ਪੁਲਸ ਅਫਸਰਾਂ ਦੀਆਂ ਗੱਡੀਆਂ ਵਿਚ ਵੀ ਗੋਲੀਆਂ ਲੱਗੀਆਂ, ਪਰ ਉਹ ਵਾਲ-ਵਾਲ ਬਚ ਗਏ। ਭੱਦਰਵਾਹ-ਪਠਾਨਕੋਟ ਰੋਡ ’ਤੇ ਛਤਰਗੱਲਾ ਵਿਖੇ ਸਾਂਝੀ ਚੈੱਕ ਪੋਸਟ ’ਤੇ ਦਹਿਸ਼ਤਗਰਦਾਂ ਨੇ ਮੰਗਲਵਾਰ ਰਾਤ ਹਮਲਾ ਕਰਕੇ ਰਾਸ਼ਟਰੀ ਰਾਈਫਲਜ਼ ਦੇ 5 ਜਵਾਨਾਂ ਤੇ ਇਕ ਐੱਸ ਪੀ ਓ ਨੂੰ ਜ਼ਖਮੀ ਕਰ ਦਿੱਤਾ। ਰੋਡ ’ਤੇ ਟਰੈਫਿਕ ਰੋਕ ਦਿੱਤਾ ਗਿਆ ਸੀ ਤੇ ਦਹਿਸ਼ਤਗਰਦਾਂ ਦੀ ਭਾਲ ਕੀਤੀ ਜਾ ਰਹੀ ਸੀ। ਏ ਡੀ ਜੀ ਪੀ ਜੰਮੂ ਆਨੰਦ ਜੈਨ ਨੇ ਕਿਹਾ ਕਿ ਨਵੇਂ ਗਰੁੱਪ ਨੇ ਇਲਾਕੇ ਵਿਚ ਘੁਸਪੈਠ ਕੀਤੀ ਹੈ ਤੇ ਉਨ੍ਹਾਂ ਨਾਲ ਹੋਰ ਦਹਿਸ਼ਤਗਰਦ ਵੀ ਹੋ ਸਕਦੇ ਹਨ। ਇਸੇ ਦੌਰਾਨ ਕਾਂਗਰਸ ਨੇ ਕਿਹਾ ਕਿ ਦਹਿਸ਼ਤਗਰਦਾਂ ਦੇ ਹਮਲਿਆਂ ਨੇ ਹਿੱਕ ਥਪਥਪਾਉਣ ਤੇ ਅਮਨ ਵਾਪਸੀ ਦੇ ਦਾਅਵਿਆਂ ਦੀ ਪੋਲ ਖੋਲ੍ਹ ਦਿੱਤੀ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣਨ ’ਤੇ ਮਿਲ ਰਹੀਆਂ ਵਧਾਈਆਂ ਦਾ ਜਵਾਬ ਦੇਣ ਵਿਚ ਮਸਰੂਫ ਹਨ ਤੇ ਜੰਮੂ-ਕਸ਼ਮੀਰ ਦੇ ਵਿਲ੍ਹਕਦੇ ਲੋਕਾਂ ਦੀਆਂ ਆਵਾਜ਼ਾਂ ਉਨ੍ਹਾਂ ਨੂੰ ਸੁਣਾਈ ਨਹੀਂ ਦੇ ਰਹੀਆਂ। ਪਾਰਟੀ ਦੇ ਬੁਲਾਰੇ ਪਵਨ ਖੇੜਾ ਨੇ ਪ੍ਰਧਾਨ ਮੰਤਰੀ ਦੀ ਖਾਮੋਸ਼ੀ ’ਤੇ ਸਵਾਲ ਉਠਾਇਆ ਹੈ। ਉਨ੍ਹਾ ਕਿਹਾ ਕਿ ਕਸ਼ਮੀਰ ਵਾਦੀ ਵਿਚ ਅਮਨ ਦਾ ਦਾਅਵਾ ਕਰਨ ਵਾਲੀ ਭਾਜਪਾ ਉੱਥੇ ਚੋਣਾਂ ਵੀ ਨਹੀਂ ਲੜੀ, ਜਿਸ ਤੋਂ ਬਾਅਦ ਲੱਗਦਾ ਹੈ ਕਿ ‘ਨਯਾ ਕਸ਼ਮੀਰ’ ਦੀ ਨੀਤੀ ਬੁਰੀ ਤਰ੍ਹਾਂ ਨਾਕਾਮ ਰਹੀ ਹੈ।

LEAVE A REPLY

Please enter your comment!
Please enter your name here