ਫਾਜ਼ਿਲਕਾ (ਕਿ੍ਸ਼ਨ ਸਿੰਘ)-ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਦੀ ਭੁੱਖ ਹੜਤਾਲ 19ਵੇਂ ਦਿਨ ‘ਚ ਦਾਖਲ ਹੋ ਕੇ ਸਮਾਪਤ ਹੋ ਗਈ | ਇਸ ਭੁੱਖ ਹੜਤਾਲ ਨੂੰ ਸਮਾਪਤ ਕਰਨ ਲਈ ਸੀ ਪੀ ਆਈ ਦੇ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਅਰਸ਼ੀ ਵਿਸ਼ੇਸ਼ ਤੌਰ ‘ਤੇ ਪਹੁੰਚੇ | ਇਸ ਦੌਰਾਨ ਡੀ ਸੀ ਫਾਜ਼ਿਲਕਾ ਦੇ ਭਰੋਸੇ ਤੋਂ ਬਾਅਦ ਭੁੱਖ ਹੜਤਾਲ ਖਤਮ ਕਰਵਾਈ ਗਈ | ਇਸ ਮੌਕੇ ਭਾਰਤੀ ਕਮਿਊਨਿਸਟ ਪਾਰਟੀ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਹੰਸਰਾਜ ਗੋਲਡਨ ਅਤੇ ਕੱੁਲ ਹਿੰਦ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਕਾਮਰੇਡ ਸੁਰਿੰਦਰ ਢੰਡੀਆਂ ਵੀ ਮੌਜੂਦ ਸਨ | ਆਗੂਆਂ ਕਿਹਾ ਕਿ ਨਰੇਗਾ ਮਜ਼ਦੂਰਾਂ ਵੱਲੋਂ ਸ਼ੁਰੂ ਕੀਤੀ ਭੁੱਖ ਹੜਤਾਲ ਡੀ ਸੀ ਮੈਡਮ ਅਤੇ ਨਰੇਗਾ ਤੇ ਹੋਰ ਅਧਿਕਾਰੀਆਂ ਲਈ ਸਿਰਦਰਦੀ ਬਣ ਗਈ ਸੀ | ਜਿਸ ਤੋਂ ਬਾਅਦ ਡੀ ਸੀ ਫਾਜ਼ਿਲਕਾ ਨੇ ਸੀ ਪੀ ਆਈ ਦੇ ਸਾਬਕਾ ਵਿਧਾਇਕ ਹਰਦੇਵ ਅਰਸ਼ੀ ਨੂੰ ਬੇਨਤੀ ਕੀਤੀ | ਜਿਸ ‘ਤੇ ਹਰਦੇਵ ਅਰਸ਼ੀ ਡੀ ਸੀ ਨੂੰ ਮਿਲੇ ਅਤੇ ਉਨ੍ਹਾ ਨੂੰ ਨਰੇਗਾ ਮਜ਼ਦੂਰਾਂ ਦੀਆਂ ਮੰਗਾਂ ਤੋਂ ਜਾਣੂ ਕਰਵਾਇਆ | ਆਗੂਆਂ ਕਿਹਾ ਕਿ ਡੀ ਸੀ ਫਾਜ਼ਿਲਕਾ ਨੇ ਨਰੇਗਾ ਮਜ਼ਦੂਰਾਂ ਦੀਆਂ ਮੰਗਾਂ, ਜਿਵੇਂ ਨਵੇਂ ਕੰਮ ਲਈ ਨਵੇਂ ਮਸਟਰੋਲ ਜਾਰੀ ਕਰਨਾ ਅਤੇ ਨਿਯਮਾਂ ਅਨੁਸਾਰ ਪਿੰਡਾਂ ‘ਚ ਨਵੇਂ ਮੈਟ ਬਣਾਉਣ ਆਦਿ ਮੰਗਾਂ ਮੰਨ ਲਈਆਂ | ਡੀ ਸੀ ਵੱਲੋਂ ਦਿੱਤੇ ਭਰੋਸੇ ਤੋਂ ਬਾਅਦ ਉਨ੍ਹਾਂ ਵੱਲੋਂ ਭੁੱਖ ਹੜਤਾਲ 19ਵੇਂ ਦਿਨ ਸਮਾਪਤ ਕਰ ਦਿੱਤੀ | ਇਸ ਦੌਰਾਨ ਕਾਮਰੇਡ ਅਰਸ਼ੀ ਨੇ ਭੁੱਖ ਹੜਤਾਲ ‘ਤੇ ਬੈਠੇ ਨਰੇਗਾ ਮਜ਼ਦੂਰਾਂ ਨੂੰ ਜੂਸ ਪਿਲਾ ਕੇ ਭੁੱਖ ਹੜਤਾਲ ਸਮਾਪਤ ਕਰਵਾਈ | ਨਰੇਗਾ ਮਜ਼ਦੂਰਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ 28 ਮਈ ਤੋਂ ਡੀ ਸੀ ਦਫਤਰ ਫਾਜ਼ਿਲਕਾ ਦੇ ਸਾਹਮਣੇ ਅਣਮਿੱਥੇ ਸਮੇਂ ਲਈ ਹੜਤਾਲ ਸ਼ੁਰੂ ਕਰ ਦਿੱਤੀ ਸੀ | ਇਸ ਦੌਰਾਨ ਆਗੂਆਂ ਨੇ ਪਾਰਟੀਬਾਜ਼ੀ ਕਰਦੇ ਹੋਏ ਨਰੇਗਾ ਮਜ਼ਦੂਰਾਂ ਨੂੰ ਕੰਮ ਨਾ ਦੇਣ ਅਤੇ ਕੰਮ ਮਿਲਣ ਦੇ ਬਾਵਜੂਦ ਨਰੇਗਾ ਮਜ਼ਦੂਰਾਂ ਨੂੰ ਉਨ੍ਹਾਂ ਦੀ ਬਕਾਇਆ ਉਜਰਤ ਨਾ ਦੇਣ ਦੇ ਦੋਸ਼ ਲਗਾਏ | ਜਿਸ ਤੋਂ ਬਾਅਦ ਉਨ੍ਹਾਂ 28 ਮਈ ਤੋਂ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਸੀ | ਜਿਸ ਨੂੰ ਹੁਣ ਡੀ ਸੀ ਦੇ ਭਰੋਸੇ ਤੋਂ ਬਾਅਦ ਖਤਮ ਕਰ ਦਿੱਤਾ ਗਿਆ | ਇਸ ਦੌਰਾਨ ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਨਰਿੰਦਰ ਢਾਬਾ, ਕਾਮਰੇਡ ਸੁਬੇਗ ਝੰਗੜ ਭੈਣੀ, ਸੀਨੀਅਰ ਆਗੂ ਗੁਰਦਿਆਲ ਸਿੰਘ, ਕਾਮਰੇਡ ਬਲਵਿੰਦਰ ਮਹਾਲਮ, ਜਰਨੈਲ ਢਾਬਾ, ਕਾਮਰੇਡ ਜਗਸੀਰ ਸਿੰਘ ਜੱਗਾ ਟਾਹਲੀਵਾਲਾ, ਕਾਮਰੇਡ ਕੁਲਦੀਪ ਬੱਖੂ ਸ਼ਾਹ, ਸੁਨੀਲ ਝੰਗੜ ਭੈਣੀ, ਸੀਤਾ ਸਿੰਘ, ਰਾਜਵਿੰਦਰ ਸਿੰਘ ਨਿਓਲਾ, ਗੁਰਬਚਨ ਸੈਦੋਕਾ ਹਿਠਾੜ, ਸੰਦੀਪ ਤੇਜਾ ਰੁਹੇਲਾ, ਜੋਗਿੰਦਰ ਮਹਾਲਮ, ਮੰਗਤ ਮਹਾਲਮ ਆਦਿ ਹਾਜ਼ਰ ਸਨ |



