ਨਵੀਂ ਦਿੱਲੀ : ਦਿੱਲੀ ਦੇ ਸਾਬਕਾ ਸਮਾਜ ਕਲਿਆਣ ਮੰਤਰੀ ਰਾਜਕੁਮਾਰ ਆਨੰਦ ਨੂੰ ਦਿੱਲੀ ਵਿਧਾਨ ਸਭਾ ਦੀ ਮੈਂਬਰਸ਼ਿਪ ਤੋਂ ਅਯੋਗ ਕਰਾਰ ਦੇ ਦਿੱਤਾ ਗਿਆ ਹੈ | ਇਸ ਦੀ ਪੁਸ਼ਟੀ ਵਿਧਾਨ ਸਭਾ ਦੇ ਸਪੀਕਰ ਰਾਮਨਿਵਾਸ ਗੋਇਲ ਨੇ ਸ਼ੁੱਕਰਵਾਰ ਨੂੰ ਕੀਤੀ | ਉਨ੍ਹਾਂ ਆਨੰਦ ਨੂੰ ਬੁਲਾਇਆ ਸੀ ਪਰ ਉਨ੍ਹਾ ਵੱਲੋਂ ਕੋਈ ਜਵਾਬ ਨਹੀਂ ਮਿਲਿਆ |
ਆਨੰਦ ਨੇ ਬਸਪਾ ‘ਚ ਸ਼ਾਮਲ ਹੋਣ ਲਈ ਅਪ੍ਰੈਲ ‘ਚ ਆਮ ਆਦਮੀ ਪਾਰਟੀ ਅਤੇ ਦਿੱਲੀ ਸਰਕਾਰ ਦੇ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ | ਗੋਇਲ ਅਨੁਸਾਰ ਆਨੰਦ ਨੂੰ ਨੋਟਿਸ ਦਾ ਜਵਾਬ ਦੇਣ ਲਈ 10 ਜੂਨ ਦੀ ਤਰੀਕ ਦਿੱਤੀ ਗਈ ਸੀ ਪਰ ਉਨ੍ਹਾ ਜਵਾਬ ਨਹੀਂ ਦਿੱਤਾ | ਫਿਰ 11 ਜੂਨ ਨੂੰ ਨਿੱਜੀ ਤੌਰ ‘ਤੇ ਪੇਸ਼ ਹੋਣ ਲਈ ਕਿਹਾ ਗਿਆ ਸੀ ਪਰ ਉਹ ਪੇਸ਼ ਨਹੀਂ ਹੋਏ | ਇਸ ਤੋਂ ਬਾਅਦ 14 ਜੂਨ ਨੂੰ ਹਾਜ਼ਰ ਹੋਣ ਦਾ ਹੋਰ ਮੌਕਾ ਦਿੱਤਾ ਗਿਆ ਪਰ ਉਹ ਨਹੀਂ ਆਏ | ਇਸਤੋਂ ਬਾਅਦ ਵਿਧਾਨ ਸਭਾ ਤੋਂ ਉਨ੍ਹਾ ਦੀ ਮੈਂਬਰਸ਼ਿਪ ਰੱਦ ਕਰ ਦਿੱਤੀ ਗਈ ਹੈ | ਆਨੰਦ 2020 ਦੀਆਂ ਚੋਣਾਂ ‘ਚ ਪਟੇਲ ਨਗਰ ਰਾਖਵੇਂ ਵਿਧਾਨ ਸਭਾ ਹਲਕੇ ਤੋਂ ਚੁਣੇ ਗਏ ਸਨ | ਆਨੰਦ ਨੇ ਪਾਰਟੀ ‘ਚ ਜਥੇਬੰਦਕ ਨਿਯੁਕਤੀਆਂ ‘ਚ ਭਿ੍ਸ਼ਟਾਚਾਰ ਅਤੇ ਦਲਿਤ ਆਗੂਆਂ ਤੇ ਵਲੰਟੀਅਰਾਂ ਦੀ ਅਣਦੇਖੀ ਦੇ ਦੋਸ਼ ਲਾਉਂਦਿਆਂ ‘ਆਪ’ ਛੱਡ ਦਿੱਤੀ ਸੀ |



