ਨਵੀਂ ਦਿੱਲੀ : ਰਾਜਧਾਨੀ ਦਿੱਲੀ ਸਮੇਤ ਦੇਸ਼ ਦੇ ਵੱਖ-ਵੱਖ ਸੂਬਿਆਂ ’ਚ ਲੋਕ ਕਹਿਰ ਦੀ ਗਰਮੀ ਤੋਂ ਬੇਹਾਲ ਹਨ। ਮੌਸਮ ਵਿਭਾਗ ਨੇ 16 ਜੂਨ ਤੱਕ ਯੂ ਪੀ, ਹਰਿਆਣਾ, ਪੰਜਾਬ, ਝਾਰਖੰਡ ਅਤੇ ਦਿੱਲੀ ਦੇ ਕੁਝ ਇਲਾਕਿਆਂ ’ਚ ਲੂ ਚੱਲਣ ਦਾ ਅਨੁਮਾਨ ਲਾਇਆ ਹੈ। ਰਾਜਧਾਨੀ ਦਿੱਲੀ ’ਚ 18 ਜੂਨ ਤੱਕ ਮੌਸਮ ਵਿਭਾਗ ਨੇ ਲੂ ਚੱਲਣ ਦੀ ਚੇਤਾਵਨੀ ਦਿੱਤੀ ਹੈ। ਮੌਸਮ ਵਿਭਾਗ ਨੇ ਕਿਹਾ ਕਿ ਮਾਨਸੂਨ ਨੇ ਸਮੇਂ ਤੋਂ ਪਹਿਲਾਂ ਐਂਟਰੀ ਲੈ ਲਈ ਹੈ। ਅਨੁਮਾਨ ਹੈ ਕਿ ਮੱਧ ਪ੍ਰਦੇਸ਼ ’ਚ 20 ਜੂਨ ਤੱਕ ਮਾਨਸੂਨ ਆਪਣੀ ਦਸਤਕ ਦੇ ਸਕਦਾ ਹੈ। ਉਥੇ ਹੀ ਪੂਰੇ ਸੂਬੇ ’ਚ 25 ਜੂਨ ਤੱਕ ਮਾਨਸੂਨ ਦਾ ਅਸਰ ਦੇਖਣ ਨੂੰ ਮਿਲ ਸਕਦਾ ਹੈ।
ਉੱਤਰ ਪ੍ਰਦੇਸ਼, ਬਿਹਾਰ ਤੇ ਝਾਰਖੰਡ ਦੇ ਲੋਕਾਂ ਨੂੰ ਉਮੀਦ ਸੀ ਕਿ ਸਮੇਂ ਤੋਂ ਪਹਿਲਾਂ ਮਾਨਸੂਨ ਆ ਸਕਦੀ ਹੈ, ਪਰ ਇਸ ਵਾਰ ਬੰਗਾਲ ਦੀ ਖਾੜੀ ਤੋਂ ਉਠਣ ਵਾਲੀ ਮਾਨਸੂਨ ਲਗਾਤਾਰ ਦੂਜੇ ਸਾਲ ਵੀ ਓਨੀ ਮਜ਼ਬੂਤ ਨਹੀਂ , ਜਿਸ ਦਾ ਨਤੀਜਾ ਇਹ ਹੈ ਕਿ ਇਨ੍ਹਾਂ ਸੂਬਿਆਂ ’ਚ ਮਾਨਸੂਨ ਨੇ ਹਾਲੇ ਤੱਕ ਹਲਕਾ ਜਿਹਾ ਵੀ ਅਸਰ ਨਹੀਂ ਦਿਖਾਇਆ।
ਜ਼ਿਕਰਯੋਗ ਹੈ ਕਿ ਭਾਰਤ ’ਚ ਮਾਨਸੂਨ ਦੋ ਪਸਿਓਂ ਆਉਂਦਾ ਹੈ, ਜਿਸ ’ਚ ਪਹਿਲਾ ਹੈ ਬੰਗਾਲ ਦੀ ਖਾੜੀ ਅਤੇ ਦੂਜਾ ਹੈ ਅਰਬ ਸਾਗਰ। ਅਰਬ ਸਾਗਰ ਵਾਲੀ ਮਾਨਸੂਨ ਮਜ਼ਬੂਤੀ ਨਾਲ ਗੁਜਰਾਤ ਵੱਲ ਵਧ ਰਹੀ ਹੈ। ਮੌਸਮ ਵਿਭਾਗ ਨੇ ਕਿਹਾ ਕਿ 16 ਤੋਂ 18 ਜੂਨ ਤੱਕ ਬਿਹਾਰ ਅਤੇ ਝਾਰਖੰਡ ’ਚ ਅਤੇ 20 ਤੋਂ 30 ਜੂਨ ਤੱਕ ਉਤਰ ਪ੍ਰਦੇਸ਼ ਅਤੇ 27 ਜੂਨ ਤੱਕ ਦਿੱਲੀ ’ਚ ਮਾਨਸੂਨ ਪਹੁੰਚਣ ਦੀ ਉਮੀਦ ਹੈ। ਉਤਰਾਖੰਡ ’ਚ 25 ਜੂਨ ਤੋਂ ਬਾਅਦ ਹੀ ਮਾਨਸੂਨ ਦਾ ਆਗਾਜ਼ ਹੋਵੇਗਾ। ਕਸ਼ਮੀਰ ’ਚ ਮਾਨਸੂਨ ਦੀ ਬਾਰਿਸ਼ 25 ਜੂਨ ਤੋਂ ਬਾਅਦ ਹੋ ਸਕਦੀ ਹੈ। ਅਗਲੇ ਤਿੰਨ ਦਿਨ ਤੱਕ ਓਡੀਸ਼ਾ, ਛੱਤੀਸਗੜ੍ਹ, ਮਹਾਰਾਸ਼ਟਰ, ਆਂਧਰਾ ਪ੍ਰਦੇਸ਼, ਅਸਾਮ, ਸਿੱਕਮ ਸਮੇਤ 12 ਸੂਬਿਆਂ ’ਚ ਬਾਰਿਸ਼ ਹੋ ਸਕਦੀ ਹੈ।
ਅਗਲੇ ਤਿੰਨ ਤੋਂ ਚਾਰ ਦਿਨਾਂ ’ਚ ਮਾਨਸੂਨ ਓਡੀਸ਼ਾ, ਤੱਟਵਰਤੀ ਆਂਧਰਾ ਪ੍ਰਦੇਸ਼ ਅਤੇ ਬੰਗਾਲ ਦੀ ਖਾੜੀ ਦੇ ਉੱਤਰ-ਪੱਛਮੀ ਖੇਤਰਾਂ ਨੂੰ ਕਵਰ ਕਰ ਸਕਦਾ ਹੈ। ਮਾਨਸੂਨ ’ਤੇ ਨਜ਼ਰ ਰੱਖਣ ਵਾਲਿਆਂ ਨੇ ਕਿਹਾ ਕਿ ਉੱਤਰ-ਪੱਛਮ ਤੋਂ ਆਉਣ ਵਾਲੀਆਂ ਘੱਟ ਪੱਧਰ ਦੀਆਂ ਗਰਮ ਹਵਾਵਾਂ ਬੰਗਾਲ ਦੀ ਖਾੜੀ ’ਤੇ ਕਮਜ਼ੋਰ ਮਾਨਸੂਨ ਨੂੰ ਪ੍ਰਭਾਵਤ ਕਰ ਰਹੀਆਂ ਹਨ ਅਤੇ ਮੱਧ ਅਤੇ ਉੱਤਰੀ ਭਾਰਤ ਦੇ ਕੁਝ ਹਿੱਸਿਆਂ ’ਚ ਗਰਮ ਮੌਸਮ ਦੀ ਸਥਿਤੀ ਨੂੰ ਵਧਾ ਰਹੀਆਂ ਹਨ।
ਇਹੀ ਕਾਰਨ ਹੈ ਕਿ ਗਰਮੀ ਦਾ ਕਹਿਰ ਜਾਰੀ ਹੈ।ਆਈ ਐੱਮ ਡੀ ਦੀ ਭਵਿੱਖਬਾਣੀ ਮੁਤਾਬਕ ਇਸ ਮੌਸਮ ’ਚ ਹੁਣ ਤੱਕ ਪੂਰੇ ਦੇਸ਼ ’ਚ ਮਾਨਸੂਨ ਦੀ ਬਾਰਿਸ਼ ਆਮ ਨਾਲੋਂ 4 ਫ਼ੀਸਦੀ ਘਟ ਰਹੀ ਹੈ। ਖਾਸ ਤੌਰ ’ਤੇ ਉੱਤਰ-ਪੱਛਮੀ ਭਾਰਤ ’ਚ 53 ਫੀਸਦੀ ਬਾਰਿਸ਼ ਦੀ ਕਮੀ ਦੇਖੀ ਗਈ ਹੈ।



