ਗ੍ਰਾਸ ਆਈਲੈੱਟ (ਸੇਂਟ ਲੂਸੀਆ) : ਵੈੱਸਟ ਇੰਡੀਜ਼ ਦੇ ਨਿਕੋਲਸ ਪੂਰਨ ਨੇ ਮੰਗਲਵਾਰ ਅਫਗਾਨਿਸਤਾਨ ਵਿਰੁੱਧ ਖੇਡਦਿਆਂ ਇਕ ਓਵਰ ਵਿਚ ਛੇ ਛੱਕੇ ਮਾਰ ਕੇ ਟੀ-20 ਵਰਲਡ ਕੱਪ ’ਚ ਭਾਰਤ ਦੇ ਯੁਵਰਾਜ ਸਿੰਘ ਦੀ ਬਰਾਬਰੀ ਕਰ ਲਈ। ਪੂਰਨ ਨੇ ਵਰਲਡ ਕੱਪ ਦੇ ਆਪਣੇ ਆਖਰੀ ਗਰੁੱਪ ਮੈਚ ਵਿਚ ਅਜ਼ਮਤਉਲ੍ਹਾ ਦੇ ਚੌਥੇ ਓਵਰ ਵਿਚ ਛੇ ਛੱਕੇ ਜੜੇ। ਯੁਵਰਾਜ ਨੇ 2007 ਵਿਚ ਇੰਗਲੈਂਡ ਦੇ ਸਟੂਅਰਟ ਬਰੌਡ ਦੇ ਇਕ ਓਵਰ ਵਿਚ ਛੇ ਛੱਕੇ ਜੜੇ ਸਨ। ਪੂਰਨ ਦੀਆਂ 98 ਦੌੜਾਂ ਦੀ ਬਦੌਲਤ ਵੈੱਸਟ ਇੰਡੀਜ਼ ਨੇ 20 ਓਵਰਾਂ ਵਿਚ ਪੰਜ ਵਿਕਟਾਂ ’ਤੇ 218 ਦੌੜਾਂ ਬਣਾਈਆਂ, ਜਦਕਿ ਅਫਗਾਨਿਸਤਾਨ ਦੀ ਟੀਮ 16.2 ਓਵਰਾਂ ਵਿਚ 114 ਦੌੜਾਂ ’ਤੇ ਆਊਟ ਹੋ ਗਈ। ਪੂਰਨ ਨੇ ਆਪਣੀ ਪਾਰੀ ਵਿਚ 8 ਛੱਕੇ ਤੇ 6 ਚੌਕੇ ਮਾਰੇ। ਪੂਰਨ ਟੀ 20 ’ਚ ਇਕ ਓਵਰ ਵਿਚ ਛੇ ਛੱਕੇ ਮਾਰਨ ਵਾਲਾ ਚੌਥਾ ਖਿਡਾਰੀ ਬਣ ਗਿਆ ਹੈ।
ਯੁਵਰਾਜ ਤੋਂ ਇਲਾਵਾ ਵੈੱਸਟ ਇੰਡੀਜ਼ ਦੇ ਕੀਰੋਨ ਪੋਲਾਰਡ ਨੇ 2021 ਵਿਚ ਸ੍ਰੀਲੰਕਾ ਦੇ ਅਕੀਲਾ ਧਨੰਜਯ ਦੇ ਇਕ ਓਵਰ ’ਚ ਛੇ ਛੱਕੇ ਜੜੇ ਸਨ। ਨੇਪਾਲ ਦੇ ਦੀਪੇਂਦਰ ਸਿੰਘ ਐਰੀ ਨੇ ਵਰਤਮਾਨ ਟੀ-20 ਵਰਲਡ ਕੱਪ ਵਿਚ ਪਿਛਲੇ ਦਿਨੀਂ ਕਤਰ ਦੇ ਕਾਮਰਾਨ ਖਾਨ ਦੇ ਇਕ ਓਵਰ ’ਚ ਛੇ ਛੱਕੇ ਜੜੇ।





