ਨਵੀਂ ਦਿੱਲੀ : ਏਅਰ ਕੰਡੀਸ਼ਨਰਾਂ ਦੀ ਜ਼ਬਰਦਸਤ ਮੰਗ ਨੂੰ ਪੂਰੀ ਕਰਨ ਲਈ ਕੰਪਨੀਆਂ ਕੰਪ੍ਰੈਸਰ, ਕਰਾਸ ਫਲੋ ਫੈਨ/ ਮੋਟਰਾਂ ਤੇ ਪਿੰ੍ਰਟਿਡ ਸਰਕਟ ਬੋਰਡ (ਪੀ ਸੀ ਬੀ) ਹਵਾਈ ਜਹਾਜ਼ਾਂ ਰਾਹੀਂ ਮੰਗਵਾ ਰਹੀਆਂ ਹਨ। ਸਮੁੰਦਰੀ ਰਸਤੇ ਪੁਰਜ਼ੇ ਆਉਣ ਵਿਚ ਕਈ ਦਿਨ ਲੱਗ ਜਾਂਦੇ ਹਨ, ਪਰ ਹੁਣ ਹੰਗਾਮੀ ਹਾਲਤ ਵਿਚ ਚੀਨ, ਤਾਇਵਾਨ, ਥਾਈਲੈਂਡ, ਮਲੇਸ਼ੀਆ ਤੇ ਜਾਪਾਨ ਆਦਿ ਤੋਂ ਹਵਾਈ ਜਹਾਜ਼ਾਂ ਰਾਹੀਂ ਮੰਗਵਾਏ ਜਾ ਰਹੇ ਹਨ। ਕਾਪਰ ਤੇ ਅਲੂਮੀਨੀਅਮ ਦੀਆਂ ਕੀਮਤਾਂ ਵਧਣ ਕਾਰਨ ਕੁਝ ਕੰਪਨੀਆਂ ਨੇ ਰੇਟ 4-5 ਫੀਸਦੀ ਵਧਾ ਦਿੱਤੇ ਹਨ। ਮੰਗ ਏਨੀ ਵਧ ਗਈ ਹੈ ਕਿ ਏ ਸੀ ਲਾਉਣ ਵਿਚ ਹਫਤੇ ਜਾਂ ਉਸ ਤੋਂ ਵੀ ਵੱਧ ਸਮਾਂ ਲੱਗ ਰਿਹਾ ਹੈ। ਕੁਝ ਕੰਪਨੀਆਂ ਮੁਤਾਬਕ ਉਨ੍ਹਾਂ ਦਾ ਵਰਤਮਾਨ ਸਰਵਿਸ ਨੈੱਟਵਰਕ ਤੁਰੰਤ ਨਵੇਂ ਕੁਨੈਕਸ਼ਨ ਜੋੜਨ ਜਾਂ ਸਰਵਿਸ ਦੇਣ ਦੇ ਸਮਰੱਥ ਨਹੀਂ। ਡੈਕਿਨ ਏਅਰ ਕੰਡੀਸ਼ਨਿੰਗ ਇੰਡੀਆ ਦੇ ਚੇਅਰਮੈਨ ਤੇ ਮੈਨੇਜਿੰਗ ਡਾਇਰੈਕਟਰ ਕੰਵਲਜੀਤ ਜਾਵਾ ਨੇ ਦੱਸਿਆ ਕਿ ਰੂਮ ਏਅਰ-ਕੰਡੀਸ਼ਨਿੰਗ ਇੰਡਸਟਰੀ ਨੇ ਪਿਛਲੇ ਤਿੰਨ ਮਹੀਨਿਆਂ ’ਚ ਲਗਭਗ 50 ਫੀਸਦੀ ਵੱਧ ਉਤਪਾਦਨ ਕੀਤਾ ਹੈ। ਇਹ ਕਿਆਸ ਤੋਂ ਬਾਹਰਾ ਹੈ। ਬਲਿਊ ਸਟਾਰ ਦੇ ਮੈਨੇਜਿੰਗ ਡਾਇਰੈਕਟਰ ਬੀ ਥੰਗਰਾਜਨ ਨੇ ਕਿਹਾ ਕਿ ਇੰਡਸਟਰੀ ਜਿੰਨੇ ਏ ਸੀ ਇੱਕ ਸਾਲ ਵਿਚ ਵੇਚਦੀ ਹੈ, ਉਹ ਪਿਛਲੇ ਤਿੰਨ ਮਹੀਨਿਆਂ ਵਿਚ ਵਿਕ ਗਏ ਹਨ। ਮਾਰਚ ਵਿਚ ਮੰਗ 40 ਫੀਸਦੀ, ਅਪ੍ਰੈਲ ਵਿਚ 80 ਫੀਸਦੀ ਤੇ ਮਈ ਵਿਚ 70 ਫੀਸਦੀ ਵਧੀ ਹੈ। ਜੂਨ ਵਿਚ ਵੀ 70 ਫੀਸਦੀ ਵਧਣ ਦੀ ਉਮੀਦ ਹੈ।
ਇੰਡਸਟਰੀ ਵਾਲਿਆਂ ਦਾ ਕਹਿਣਾ ਹੈ ਕਿ ਆਮ ਤੌਰ ’ਤੇ ਤਿੰਨ ਮਹੀਨਿਆਂ ਦਾ ਸਟਾਕ ਬਣਾ ਕੇ ਰੱਖਿਆ ਜਾਂਦਾ ਹੈ, ਪਰ ਅਚਾਨਕ ਮੰਗ ਵਧਣ ਕਾਰਨ ਬਾਹਰੋਂ ਪੁਰਜ਼ੇ ਹਵਾਈ ਜਹਾਜ਼ਾਂ ’ਚ ਮੰਗਾਉਣੇ ਪੈ ਰਹੇ ਹਨ। ਏ ਸੀ ਇੰਡਸਟਰੀ ਅਜੇ ਵੀ 60-65 ਫੀਸਦੀ ਪੁਰਜ਼ੇ ਬਾਹਰੋਂ ਹੀ ਮੰਗਾਉਦੀ ਹੈ। ਗੋਦਰੇਜ ਐਪਲਾਇੰਸ ਬਿਜ਼ਨਸ ਦੇ ਮੁਖੀ ਕਮਲ ਨੰਦੀ ਨੇ ਦੱਸਿਆ ਕਿ ਕਾਪਰ ਤੇ ਅਲੂਮੀਨੀਅਮ ਦੀਆਂ ਕੀਮਤਾਂ 20 ਫੀਸਦੀ ਵਧ ਗਈਆਂ ਹਨ। ਪਿਛਲਾ ਮਾਲ ਹੋਣ ਕਰਕੇ ਅਜੇ ਇਹ ਕੀਮਤਾਂ ਨਹੀਂ ਜੋੜੀਆਂ ਗਈਆਂ, ਪਰ ਆਉਣ ਵਾਲੇ ਦਿਨਾਂ ਵਿਚ ਏ ਸੀ ਦੀ ਕੀਮਤ 2-3 ਫੀਸਦੀ ਵਧ ਜਾਵੇਗੀ। ਇੰਡਸਟਰੀ ਬਾਡੀ ਸੀ ਏ ਏ ਐੱਮ ਏ ਦਾ ਅੰਦਾਜ਼ਾ ਹੈ ਕਿ ਇਸ ਸਾਲ ਕਰੀਬ ਇਕ ਕਰੋੜ 40 ਲੱਖ ਏ ਸੀ ਬਣਨਗੇ।



