ਲਾਹੌਰ : ਪਾਕਿਸਤਾਨ ਦੇ ਜੇਲ੍ਹ ਵਿਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸਿਆਸੀ ਸਲਾਹਕਾਰ ਨੂੰ ਪੰਜਾਬ ਸੂਬੇ ਦੀ ਰਾਜਧਾਨੀ ਲਾਹੌਰ ਤੋਂ ਅਣਪਛਾਤਿਆਂ ਨੇ ਕਥਿਤ ਤੌਰ ’ਤੇ ਅਗਵਾ ਕਰ ਲਿਆ। ‘ਐੱਕਸਪ੍ਰੈੱਸ ਟਿ੍ਰਬਿਊਨ’ ਅਖਬਾਰ ਨੇ ਖਬਰ ਦਿੱਤੀ ਹੈ ਕਿ ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ ਆਗੂ ਸ਼ਾਹਬਾਜ਼ ਗਿੱਲ ਦੇ ਵੱਡੇ ਭਰਾ ਗੁਲਾਮ ਸ਼ਬੀਰ ਨੂੰ ਦੋ ਦਿਨ ਪਹਿਲਾਂ ਅਣਪਛਾਤਿਆਂ ਨੇ ਉਸ ਵੇਲੇ ਅਗਵਾ ਕਰ ਲਿਆ ਸੀ, ਜਦੋਂ ਉਹ ਇਸਲਾਮਾਬਾਦ ਜਾ ਰਿਹਾ ਸੀ। ਇਸ ਸੰਬੰਧੀ ਥਾਣਾ ਕਾਨ੍ਹ ਵਿਖੇ ਐੱਫ ਆਈ ਆਰ ਦਰਜ ਕੀਤੀ ਗਈ ਹੈ।
ਓਲਾ ਨੂੰ ਆਈ ਪੀ ਓ ਜਾਰੀ ਕਰਨ ਦੀ ਮਨਜ਼ੂਰੀ
ਨਵੀਂ ਦਿੱਲੀ : ਭਾਵਿਸ਼ ਅਗਰਵਾਲ ਦੀ ਕੰਪਨੀ ਓਲਾ ਨੂੰ ਆਈ ਪੀ ਓ ਲਈ ਸੇਬੀ ਨੇ ਮਨਜ਼ੂਰੀ ਦੇ ਦਿੱਤੀ ਹੈ। ਇਹ ਭਾਰਤ ’ਚ ਕਿਸੇ ਇਲੈਕਟਿ੍ਰਕ ਵਾਹਨ ਸਟਾਰਟਅਪ ਵੱਲੋਂ ਜਾਰੀ ਪਹਿਲਾ ਆਈ ਪੀ ਓ ਹੋਵੇਗਾ। ਓਲਾ ਇਲੈਕਟਿ੍ਰਕ ਦੇ ਜਨਤਕ ਇਸ਼ੂ ’ਚ 5500 ਕਰੋੜ ਰੁਪਏ ਦਾ ਨਵਾਂ ਇਸ਼ੂ ਅਤੇ 9.51 ਕਰੋੜ ਦੇ ਇਕੁਇਟੀ ਸ਼ੇਅਰ ਵਿਕਰੀ ਲਈ ਸ਼ਾਮਲ ਹਨ। ਸਰਕਾਰ ਦੇ ਪੋਰਟਲ ਅਨੁਸਾਰ ਮਈ ਵਿਚ ਓਲਾ ਇਲੈਕਟਿ੍ਰਕ ਨੇ 37,191 ਰਜਿਸਟ੍ਰੇਸ਼ਨਾਂ ਨਾਲ ਮਾਰਕੀਟ ’ਚ 49 ਫ਼ੀਸਦੀ ਹਿੱਸੇਦਾਰੀ ਦਰਜ ਕੀਤੀ ਹੈ।
ਰੇਲ ਡੱਬਿਆਂ ਨੂੰ ਅੱਗ
ਹੈਦਰਾਬਾਦ : ਤਿਲੰਗਾਨਾ ਦੇ ਸਿਕੰਦਰਾਬਾਦ ਵਿਚ ਨਿਲਾਯਮ ਨੇੜੇ ਓਵਰਬਿ੍ਰਜ ’ਤੇ ਰੇਲ ਦੇ ਖਾਲੀ ਡੱਬਿਆਂ ਨੂੰ ਅੱਗ ਲੱਗ ਗਈ। ਅਧਿਕਾਰੀਆਂ ਨੇ ਦੱਸਿਆ ਕਿ ਇਸ ਮੌਕੇ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ ਅਤੇ ਸੂਚਨਾ ਮਿਲਦਿਆਂ ਹੀ ਅੱਗ ਬੁਝਾਉਣ ਵਾਲੇ ਦੋ ਇੰਜਣ ਉੱਥੇ ਪੁੱਜ ਗਏ ਸਨ। ਅੱਗ ਲੱਗਣ ਦੇ ਕਾਰਨਾਂ ਪਤਾ ਨਹੀਂ ਲੱਗ ਸਕਿਆ ਹੈ।
ਜਹਾਜ਼ ਦੇ ਇੰਜਣ ’ਚ ਖਰਾਬੀ
ਹੈਦਰਾਬਾਦ : ਮਲੇਸ਼ੀਆ ਏਅਰਲਾਈਨਜ਼ ਦੇ ਜਹਾਜ਼ ਨੇ ਬੁੱਧਵਾਰ ਰਾਤ ਪੌਣੇ ਇੱਕ ਵਜੇ ਹੈਦਰਾਬਾਦ ਦੇ ਰਾਜੀਵ ਗਾਂਧੀ ਕੌਮਾਂਤਰੀ ਹਵਾਈ ਅੱਡੇ ਤੋਂ ਕੁਆਲਾਲੰਪੁਰ ਲਈ ਉਡਾਣ ਭਰੀ, ਪਰ ਕੁਝ ਸਮੇਂ ਬਾਅਦ ਇੰਜਣ ਵਿਚ ਖਰਾਬੀ ਕਾਰਨ ਪਾਇਲਟ ਨੂੰ ਜਹਾਜ਼ ਇੱਥੇ ਵਾਪਸ ਲਿਆਉਣਾ ਪਿਆ। ਜਹਾਜ਼ ’ਚ 138 ਯਾਤਰੀ ਸਵਾਰ ਸਨ।


