ਜੋਧਪੁਰ : ਰਾਜਸਥਾਨ ’ਚ ਜੋਧਪੁਰ ਦੇ ਸੂਰਸਾਗਰ ਇਲਾਕੇ ’ਚ ਸ਼ੁੱਕਰਵਾਰ ਰਾਤ ਫਿਰਕੂ ਹਿੰਸਾ ਭੜਕ ਗਈ ਤੇ ਪੁਲਸ ਨੇ 51 ਲੋਕਾਂ ਨੂੰ ਹਿਰਾਸਤ ’ਚ ਲਿਆ ਹੈ। ਪੁਲਸ ਮੁਤਾਬਕ ਰਾਜਾਰਾਮ ਸਰਕਲ ਨੇੜੇ ਈਦਗਾਹ ਦੀ ਪਿਛਲੀ ਕੰਧ ਵਿਚ ਦੋ ਗੇਟ ਲਾਉਣ ਕਾਰਨ ਸਥਿਤੀ ਵਿਗੜੀ। ਪੁਲਸ ਕਮਿਸ਼ਨਰ ਰਜਿੰਦਰ ਸਿੰਘ ਨੇ ਦੱਸਿਆ ਕਿ ਇਕ ਗਰੁੱਪ ਵੱਲੋਂ ਦੂਜੇ ’ਤੇ ਪਥਰਾਅ ਕਾਰਨ ਹਿੰਸਾ ਭੜਕ ਗਈ। ਭੜਕੇ ਲੋਕਾਂ ਨੇ ਇਕ ਪੁਲਸ ਵੈਨ ਤੇ ਇਕ ਕਾਰ ਦੀ ਭੰਨਤੋੜ ਕਰ ਦਿੱਤੀ ਤੇ ਝਾੜੂਆਂ ਵਾਲੀ ਦੁਕਾਨ ਨੂੰ ਅੱਗ ਲਾ ਦਿੱਤੀ।ਸ਼ੁੱਕਰਵਾਰ ਰਾਤ ਗੇਟਾਂ ਦੇ ਉਦਘਾਟਨ ਦਾ ਇਕ ਧਿਰ ਦੇ ਲੋਕਾਂ ਨੇ ਵਿਰੋਧ ਕੀਤਾ। ਪੁਲਸ ਤੇ ਮਿਊਂਸਪਲ ਅਧਿਕਾਰੀਆਂ ਨੇ ਮੌਕੇ ’ਤੇ ਪੁੱਜ ਕੇ ਦੋਹਾਂ ਧਿਰਾਂ ਦੇ ਪੰਜ ਨੁਮਾਇੰਦਿਆਂ ਦੀ ਮੌਜੂਦਗੀ ਵਿਚ ਸਮਝੌਤਾ ਕਰਵਾ ਦਿੱਤਾ। ਗੇਟ ਬੰਦ ਕਰ ਦਿੱਤੇ ਗਏ ਤੇ ਲੋਕ ਚਲੇ ਗਏ। 10-15 ਲੋਕਾਂ ਵੱਲੋਂ ਵਿਉਪਾਰੀਆਂ ਕਾ ਮੁਹੱਲਾ ਵਿਚ ਅਚਾਨਕ ਪਥਰਾਅ ਸ਼ੁਰੂ ਕਰ ਦੇਣ ਕਾਰਨ ਸਥਿਤੀ ਫਿਰ ਵਿਗੜ ਗਈ। ਇਸ ਦੌਰਾਨ ਦੋ ਪੁਲਸ ਵਾਲੇ ਜ਼ਖਮੀ ਹੋ ਗਏ। ਪਥਰਾਅ ਤੋਂ ਬਾਅਦ ਲੋਕਾਂ ਨੇ ਅਗਜ਼ਨੀ ਸ਼ੁਰੂ ਕਰ ਦਿੱਤੀ। ਸੁਭਾਸ਼ ਚੌਕ ਨੇੜੇ ਇਕ ਟਰੈਕਟਰ ਤੇ ਇਕ ਪੁਲਸ ਵੈਨ ਨੂੰ ਅੱਗ ਲਾ ਦਿੱਤੀ। ਪੁਲਸ ਨੇ ਲਾਠੀਚਾਰਜ ਕਰਕੇ ਤੇ ਹੰਝੂ ਗੈਸ ਛੱਡ ਕੇ ਸਥਿਤੀ ਸੰਭਾਲੀ।
ਪਿਛਲੇ ਪੰਜ ਸਾਲਾਂ ਵਿਚ ਇਲਾਕੇ ਵਿਚ ਇਹ ਪੰਜਵੀਂ ਫਿਰਕੂ ਹਿੰਸਾ ਹੈ। ਅਪ੍ਰੈਲ 2019 ਵਿਚ ਰਾਮ ਨੌਮੀ ਦੀ ਸ਼ੋਭਾ ਯਾਤਰਾ ਸਮੇਂ ਝੜਪਾਂ ਹੋ ਗਈਆਂ ਸਨ। ਦੁਕਾਨਾਂ ਤੇ ਵਾਹਨਾਂ ਨੂੰ ਅੱਗ ਲਾ ਦਿੱਤੀ ਗਈ ਸੀ। ਜੂਨ 2022 ਵਿਚ ਵੀ ਫਿਰਕੂ ਹਿੰਸਾ ਹੋਈ ਸੀ।


