ਮਾਨ ਨੇ ਜਲੰਧਰ ਪੱਛਮੀ ਜ਼ਿਮਨੀ ਚੋਣ ਪ੍ਰਚਾਰ ਦੀ ਸੰਭਾਲੀ ਕਮਾਨ

0
243

ਜਲੰਧਰ (ਸ਼ੈਲੀ ਐਲਬਰਟ)-ਆਮ ਆਦਮੀ ਪਾਰਟੀ (ਆਪ) ਨੇ ਇੱਕ ਵਾਰ ਫਿਰ ਜਲੰਧਰ ਪੱਛਮੀ ਵਿਧਾਨ ਸਭਾ ਸੀਟ ਜਿੱਤਣ ਲਈ ਕਮਰ ਕੱਸ ਲਈ ਹੈ।
ਐਤਵਾਰ ਮੁੱਖ ਮੰਤਰੀ ਭਗਵੰਤ ਮਾਨ ਨੇ ਜ਼ਿਮਨੀ ਚੋਣ ਪ੍ਰਚਾਰ ਦੀ ਕਮਾਨ ਸੰਭਾਲੀ ਅਤੇ ਜਲੰਧਰ ਪੱਛਮੀ ਦੇ ਆਗੂਆਂ ਤੇ ਪਾਰਟੀ ਦੇ ਅਹੁਦੇਦਾਰਾਂ ਨਾਲ ਮੀਟਿੰਗ ਕੀਤੀ, ਜਿੱਥੇ ਉਨ੍ਹਾ ‘ਆਪ’ ਆਗੂਆਂ ਨਾਲ ਆਪਣੀ ਜਿੱਤ ਦਾ ਮੰਤਰ ਸਾਂਝਾ ਕੀਤਾ।‘ਆਪ’ ਪੰਜਾਬ ਪ੍ਰਧਾਨ ਨੇ ਆਗੂਆਂ ਨੂੰ ਇਸ ਜ਼ਿਮਨੀ ਚੋਣ ਲਈ ਘਰ-ਘਰ ਪ੍ਰਚਾਰ ਕਰਨ ਲਈ ਕਿਹਾ ਅਤੇ ਲੋਕਾਂ ਨੂੰ ‘ਆਪ’ ਸਰਕਾਰ ਦੀਆਂ ਦੋ ਸਾਲਾਂ ਦੀਆਂ ਪ੍ਰਾਪਤੀਆਂ ਤੋਂ ਜਾਣੂ ਕਰਵਾਉਣ ਦੀ ਸਲਾਹ ਦਿੱਤੀ। ਮਾਨ ਨੇ ਕਿਹਾ ਕਿ ਜਲੰਧਰ ਪੱਛਮੀ ਦੇ ਲੋਕ ਸਾਡੇ ਨਾਲ ਹਨ, ਉਹ ‘ਆਪ’ ਸਰਕਾਰ ਦੇ ਕੰਮਾਂ ਤੋਂ ਖੁਸ਼ ਹਨ, ਪਰ ਸਾਨੂੰ (ਆਪ) ਅਤੇ ਇੱਥੋਂ ਦੇ ਲੋਕਾਂ ਨੂੰ ਉਸ ਵਿਅਕਤੀ ਨੇ ਧੋਖਾ ਦਿੱਤਾ ਹੈ, ਜੋ ਲੋਕਾਂ ਦੇ ਫਤਵੇ ਦੀ ਅਣਦੇਖੀ ਕਰਕੇ ਪੰਜਾਬ ਵਿਰੋਧੀ ਪਾਰਟੀ ’ਚ ਸ਼ਾਮਲ ਹੋ ਗਿਆ।
ਮਾਨ ਨੇ ਕਿਹਾ ਕਿ ਮਹਿੰਦਰ ਭਗਤ ਅਤੇ ਉਨ੍ਹਾ ਦੇ ਪਰਵਾਰ ਦਾ ਜਲੰਧਰ ਵਿੱਚ ਸਾਫ਼ ਅਕਸ ਹੈ। ਉਹ ਅਤੇ ਉਨ੍ਹਾ ਦਾ ਪਰਵਾਰ ਪਿਛਲੇ ਕਈ ਸਾਲਾਂ ਤੋਂ ਜਲੰਧਰ ਦੇ ਲੋਕਾਂ ਲਈ ਕੰਮ ਕਰ ਰਹੇ ਹਨ। ਮਾਨ ਨੇ ਇਸ ਮੁਹਿੰਮ ਦੌਰਾਨ ਸਭ ਨੂੰ ਭਗਤ ਦੀ ਅਗਵਾਈ ’ਚ ਚੱਲਣ ਲਈ ਕਿਹਾ। ਉਹ ਖੁਦ ਇਸ ਵਿਧਾਨ ਸਭਾ ਹਲਕੇ ਦੀ ਸਮੁੱਚੀ ਮੁਹਿੰਮ ਦੀ ਨਿਗਰਾਨੀ ਅਤੇ ਮਾਰਗ-ਦਰਸ਼ਨ ਕਰਨਗੇ।ਉਹਨਾ ਕਿਹਾ ਕਿ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਜਾਂ ਵਰਕਰਾਂ ਵਿੱਚ ਕੋਈ ਮਤਭੇਦ ਨਹੀਂ। ਅਜਿਹੀਆਂ ਕਈ ਅਫਵਾਹਾਂ ਆਲੇ-ਦੁਆਲੇ ਘੁੰਮ ਰਹੀਆਂ ਹਨ, ਪਰ ਉਹ ਬੇਬੁਨਿਆਦ ਅਤੇ ਫਰਜ਼ੀ ਹਨ। ਮਾਨ ਨੇ ਵਿਰੋਧੀ ਧਿਰ ਦੇ ਆਗੂਆਂ ਨੂੰ ਚਿੰਤਾ ਨਾ ਕਰਨ ਲਈ ਕਿਹਾ ਅਤੇ ਦਾਅਵਾ ਕੀਤਾ ਕਿ ਸਾਲ ਦੇ ਅੰਤ ਤੱਕ ਪੰਜਾਬ ਵਿਧਾਨ ਸਭਾ ਵਿੱਚ ‘ਆਪ’ ਦੇ 95 ਵਿਧਾਇਕ ਹੋਣਗੇ।ਇਹ ਸੀਟ ਆਮ ਆਦਮੀ ਪਾਰਟੀ ਦੇ ਵਿਧਾਇਕ ਸ਼ੀਤਲ ਅੰਗੂਰਾਲ ਦੇ ਪਾਰਟੀ ਛੱਡਣ ਕਾਰਨ ਖਾਲੀ ਹੋਈ ਹੈ। ਅੰਗੂਰਾਲ ਇਸ ਸਮੇਂ ਭਾਜਪਾ ਵਿੱਚ ਹਨ। ਜ਼ਿਮਨੀ ਚੋਣ ਲਈ ਵੋਟਿੰਗ 10 ਜੁਲਾਈ ਨੂੰ ਹੋਣੀ ਹੈ। ਮਾਨ ਨੇ ‘ਆਪ’ ਆਗੂਆਂ ਨੂੰ ਜ਼ਮੀਨੀ ਪੱਧਰ ’ਤੇ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾ ਕਿਹਾ ਕਿ ‘ਆਪ’ ਵਰਕਰ ਸਭ ਤੋਂ ਵੱਧ ਮਿਹਨਤੀ ਵਲੰਟੀਅਰ ਹਨ ਅਤੇ ਪਾਰਟੀ ਨੂੰ ਉਨ੍ਹਾਂ ’ਤੇ ਪੂਰਾ ਭਰੋਸਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ‘ਆਪ’ ਸਰਕਾਰ ਨੂੰ ਲੋਕਾਂ ਦਾ ਪੂਰਾ ਸਮਰਥਨ ਹੈ ਅਤੇ ਅਸੀਂ ਪੰਜਾਬ ਨੂੰ ਫਿਰ ਤੋਂ ਰੰਗਲਾ ਬਣਾਉਣ ਲਈ ਆਪਣੇ ਟੀਚੇ ਵੱਲ ਕੰਮ ਕਰ ਰਹੇ ਹਾਂ। ਅਸੀਂ ਜਲੰਧਰ ਪੱਛਮੀ ਦੀ ਸੀਟ ਵੱਡੇ ਫਰਕ ਨਾਲ ਜਿੱਤ ਕੇ ਜਲੰਧਰ ਦੇ ਲੋਕਾਂ ਦੀ ਸੇਵਾ ਕਰਾਂਗੇ।

LEAVE A REPLY

Please enter your comment!
Please enter your name here