ਲਖਨਊ : ਬਸਪਾ ਸੁਪਰੀਮੋ ਮਾਇਆਵਤੀ ਨੇ ਮੁੜ ਤੋਂ ਆਕਾਸ਼ ਆਨੰਦ ਨੂੰ ਆਪਣਾ ਜਾਨਸ਼ੀਨ ਐਲਾਨਿਆ ਹੈ। ਇਹ ਫੈਸਲਾ ਕੌਮੀ ਕਾਰਜਕਾਰਨੀ ਦੀ ਮੀਟਿੰਗ ਵਿਚ ਲਿਆ ਗਿਆ। ਉਸ ਨੂੰ ਕੌਮੀ ਕੋਆਰਡੀਨੇਟਰ ਦੀ ਜ਼ਿੰਮੇਵਾਰੀ ਵੀ ਸੌਂਪੀ ਗਈ ਹੈ। ਹੁਣ ਉਹ ਦੇਸ਼ ਭਰ ਵਿਚ ਪਾਰਟੀ ਦਾ ਕੰਮਕਾਜ ਸੰਭਾਲੇਗਾ। ਇਸ ਤੋਂ ਬਾਅਦ ਉਸ ਨੇ ਮਾਇਆਵਤੀ ਦੇ ਪੈਰ ਛੂਹ ਕੇ ਆਸ਼ੀਰਵਾਦ ਲਿਆ। ਦੱਸਣਾ ਬਣਦਾ ਹੈ ਕਿ ਮਾਇਆਵਤੀ ਨੇ ਲੋਕ ਸਭਾ ਚੋਣਾਂ ਦਰਮਿਆਨ ਮਈ ਵਿਚ ਆਕਾਸ਼ ਨੂੰ ਕੌਮੀ ਕੋਆਰਡੀਨੇਟਰ ਦੇ ਅਹੁਦੇ ਤੋਂ ਤੇ ਜਾਨਸ਼ੀਨ ਦੇ ਤੌਰ ’ਤੇ ਹਟਾ ਦਿੱਤਾ ਸੀ। ਮਾਇਆਵਤੀ ਨੇ ਉਦੋਂ ਕਿਹਾ ਸੀ ਕਿ ਉਸ ਨੂੰ ਸਿਆਸੀ ਤੌਰ ’ਤੇ ਪੱਕਣ ਤੱਕ ਸਾਰੇ ਅਹੁਦਿਆਂ ਤੋਂ ਹਟਾਇਆ ਗਿਆ ਹੈ। ਮਾਇਆਵਤੀ ਨੇ ਕਿਹਾ ਸੀ ਕਿ ਆਕਾਸ਼ ਨੂੰ ਸਮਾਜੀ ਤਬਦੀਲੀ ਦੀ ਚੱਲ ਰਹੀ ਲਹਿਰ ਨੂੰ ਰਫਤਾਰ ਦੇਣ ਲਈ ਕੌਮੀ ਕੋਆਰਡੀਨੇਟਰ ਬਣਾਇਆ ਗਿਆ ਸੀ, ਪਰ ਪਾਰਟੀ ਤੇ ਲਹਿਰ ਦੇ ਵਡੇਰੇ ਹਿੱਤਾਂ ਖਾਤਰ ਉਸ ਨੂੰ ਉਦੋਂ ਤੱਕ ਲਈ ਅਹਿਮ ਜ਼ਿੰਮੇਵਾਰੀਆਂ ਤੋਂ ਹਟਾਇਆ ਜਾ ਰਿਹਾ ਹੈ, ਜਦੋਂ ਤੱਕ ਉਹ ਸਿਆਸੀ ਤੌਰ ’ਤੇ ਚੰਗੀ ਤਰ੍ਹਾਂ ਪੱਕ ਨਹੀਂ ਜਾਂਦਾ।
ਮਾਇਆਵਤੀ ਵੱਲੋਂ ਉਦੋਂ ਲਏ ਗਏ ਫੈਸਲੇ ਨੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਮਾਇਆਵਤੀ ਨੇ ਆਕਾਸ਼ ਨੂੰ ਹਟਾਉਣ ਲਈ ਕੋਈ ਖਾਸ ਕਾਰਨ ਨਹੀਂ ਦੱਸਿਆ ਸੀ। ਆਕਾਸ਼ ਨੂੰ 2019 ਵਿਚ ਕੌਮੀ ਕੋਆਰਡੀਨੇਟਰ ਬਣਾਇਆ ਗਿਆ ਸੀ, ਜਦੋਂ ਮਾਇਆਵਤੀ ਨੇ ਸਮਾਜਵਾਦੀ ਪਾਰਟੀ ਨਾਲ ਰਿਸ਼ਤੇ ਤੋੜਨ ਤੋਂ ਬਾਅਦ ਪਾਰਟੀ ਦਾ ਪੁਨਰਗਠਨ ਕੀਤਾ ਸੀ।
ਆਕਾਸ਼ ਨੂੰ ਮਾਇਆਵਤੀ ਨੇ ਪਿਛਲੇ ਦਸੰਬਰ ਵਿਚ ਆਪਣਾ ਜਾਨਸ਼ੀਨ ਥਾਪਿਆ ਸੀ। ਲੋਕ ਸਭਾ ਚੋਣਾਂ ਦੌਰਾਨ ਆਕਾਸ਼ ਨੂੰ ਯੂ ਪੀ ਦੀ ਇਕ ਚੋਣ ਰੈਲੀ ਵਿਚ ਇਤਰਾਜ਼ਯੋਗ ਭਾਸ਼ਾ ਵਰਤਣ ’ਤੇ ਚੋਣ ਜ਼ਾਬਤੇ ਦੀ ਉਲੰਘਣਾ ਦਾ ਦੋਸ਼ੀ ਠਹਿਰਾਇਆ ਗਿਆ ਸੀ। ਆਕਾਸ਼ ਨੇ ਰੈਲੀ ਵਿਚ ਕਿਹਾ ਸੀਇਹ ਸਰਕਾਰ (ਯੋਗੀ ਸਰਕਾਰ) ਬੁਲਡੋਜ਼ਰ ਸਰਕਾਰ ਹੈ ਤੇ ਧੋਖੇਬਾਜ਼ਾਂ ਦੀ ਸਰਕਾਰ ਹੈ। ਜਿਹੜੀ ਪਾਰਟੀ ਆਪਣੇ ਨੌਜਵਾਨਾਂ ਨੂੰ ਭੁੱਖੇ ਰੱਖਦੀ ਹੈ ਤੇ ਬਜ਼ੁਰਗਾਂ ਨਾਲ ਗੁਲਾਮਾਂ ਵਾਲਾ ਸਲੂਕ ਕਰਦੀ ਹੈ, ਉਸ ਦੀ ਸਰਕਾਰ ਦਹਿਸ਼ਤਗਰਦ ਹੈ। ਤਾਲਿਬਾਨ ਅਫਗਾਨਿਸਤਾਨ ਵਿਚ ਅਜਿਹੀ ਸਰਕਾਰ ਚਲਾਉਦੇ ਹਨ।
ਬਸਪਾ, ਜਿਸ ਨੇ 2019 ਵਿਚ 10 ਲੋਕ ਸਭਾ ਸੀਟਾਂ ਜਿੱਤੀਆਂ ਸਨ, ਐਤਕੀਂ ਇਕ ਵੀ ਨਹੀਂ ਜਿੱਤ ਸਕੀ। ਅਖਿਲੇਸ਼ ਯਾਦਵ ਦੀ ਸਮਾਜਵਾਦੀ ਪਾਰਟੀ 37 ਸੀਟਾਂ ਜਿੱਤ ਕੇ ਸਭ ਤੋਂ ਵੱਡੀ ਪਾਰਟੀ ਵਜੋਂ ਉਭਰੀ ਹੈ।



