ਰਾਹੁਲ ਨੇ ਮੋਦੀ ਨੂੰ ਸੰਵਿਧਾਨ ਦੀ ਕਾਪੀ ਦਿਖਾਈ

0
259

ਨਵੀਂ ਦਿੱਲੀ : 18ਵੀਂ ਲੋਕ ਸਭਾ ਦੇ ਨਵੇਂ ਚੁਣੇ ਗਏ ਮੈਂਬਰਾਂ ਵੱਲੋਂ ਸਹੁੰ ਚੁੱਕਣ ਦੌਰਾਨ ਆਪੋਜ਼ੀਸ਼ਨ ਆਗੂਆਂ ਨੇ ਸੰਸਦ ਦੇ ਬਾਹਰ ਪ੍ਰੋਟੈੱਸਟ ਕੀਤਾ। ਉਨ੍ਹਾਂ ਸੰਵਿਧਾਨ ਦੀਆਂ ਕਾਪੀਆਂ ਚੁੱਕੀਆਂ ਹੋਈਆਂ ਸਨ। ਮੈਂਬਰਾਂ ਨੂੰ ਸਹੁੰ ਚੁਕਾਉਣ ਲਈ ਭਾਜਪਾ ਸਾਂਸਦ ਭਰਤਹਰੀ ਮਹਿਤਾਬ ਨੂੰ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਪ੍ਰੋ-ਟੈੱਮ ਸਪੀਕਰ ਵਜੋਂ ਸਹੁੰ ਚੁਕਾਈ। ਭਰਤਹਰੀ ਨੇ ਸਭ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਹੁੰ ਚੁਕਾਈ। ਇਸ ਦੌਰਾਨ ਰਾਹੁਲ ਨੇ ਮੋਦੀ ਨੂੰ ਸੇਵਿਧਾਨ ਦੀ ਕਾਪੀ ਦਿਖਾਈ। ਸਹੁੰ ਚੁਕਾਉਣ ਵਾਲੇ ਪੈਨਲ ਵਿਚ ਸ਼ਾਮਲ ਕੀਤੇ ‘ਇੰਡੀਆ’ ਗੱਠਜੋੜ ਦੇ ਸਾਂਸਦ ਇਸ ਰਸਮ ਵਿਚ ਸ਼ਾਮਲ ਨਹੀਂ ਹੋਏ। ਇੰਡੀਆ ਦਾ ਇਤਰਾਜ਼ ਸੀ ਕਿ ਅੱਠਵੀਂ ਵਾਰ ਮੈਂਬਰ ਚੁਣੇ ਗਏ ਕਾਂਗਰਸ ਦੇ ਕੇ. ਸੁਰੇਸ਼ ਦੀ ਥਾਂ ਸੱਤਵੀਂ ਵਾਰ ਚੁਣੇ ਗਏ ਮਹਿਤਾਬ ਨੂੰ ਪ੍ਰੋ-ਟੈੱਮ ਸਪੀਕਰ ਕਿਉ ਬਣਾਇਆ ਗਿਆ।
ਕਾਂਗਰਸ ਸੰਸਦੀ ਦਲ ਦੀ ਮੁਖੀ ਸੋਨੀਆ ਗਾਂਧੀ, ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ, ਸਾਬਕਾ ਪ੍ਰਧਾਨ ਰਾਹੁਲ ਗਾਂਧੀ ਅਤੇ ਵਿਰੋਧੀ ਗੱਠਜੋੜ ਇੰਡੀਅਨ ਨੈਸ਼ਨਲ ਡਿਵੈੱਲਪਮੈਂਟਲ ਇਨਕਲੂਸਿਵ ਅਲਾਇੰਸ (ਇੰਡੀਆ) ਦੇ ਕਈ ਭਾਈਵਾਲ ਦਲਾਂ ਦੇ ਨੇਤਾ 18ਵੀਂ ਲੋਕ ਸਭਾ ਦੀ ਬੈਠਕ ਦੇ ਪਹਿਲੇ ਦਿਨ ਸੰਵਿਧਾਨ ਦੀ ਕਾਪੀ ਲੈ ਕੇ ਸੰਸਦ ਪਹੁੰਚੇ ਅਤੇ ਕਿਹਾ ਕਿ ਉਹ ਸੰਵਿਧਾਨ ਦੀ ਰੱਖਿਆ ਕਰਨਗੇ। ਕਾਂਗਰਸ ਤੋਂ ਇਲਾਵਾ ਡੀ ਐੱਮ ਕੇ, ਤਿ੍ਰਣਮੂਲ ਕਾਂਗਰਸ ਅਤੇ ਕੁਝ ਹੋਰ ਵਿਰੋਧੀ ਪਾਰਟੀਆਂ ਦੇ ਸੰਸਦ ਮੈਂਬਰਾਂ ਨੇ ਵੀ ਸੰਸਦ ਕੰਪਲੈਕਸ ’ਚ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਉਨ੍ਹਾਂ ‘ਅਸੀਂ ਸੰਵਿਧਾਨ ਦੀ ਰੱਖਿਆ ਕਰਾਂਗੇ’ ਅਤੇ ‘ਤਾਨਾਸ਼ਾਹੀ ਨਹੀਂ ਚੱਲੇਗੀ’ ਦੇ ਨਾਅਰੇ ਲਾਏ।

LEAVE A REPLY

Please enter your comment!
Please enter your name here