ਨੀਟ ਪੇਪਰ ਲੀਕ ਦੇ ਸਰਗਣੇ ਦਾ ਨਿਤੀਸ਼ ਕੁਮਾਰ ਨਾਲ ਵੀ ਲਿੰਕ

0
184

ਪਟਨਾ : ਨੀਟ ਪੇਪਰ ਲੀਕ ਮਾਮਲੇ ਵਿਚ ਹੋ ਰਹੀ ਸਿਆਸਤ ਨੇ ਸੋਮਵਾਰ ਇਕ ਹੋਰ ਮੋੜ ਕੱਟਿਆ, ਜਦੋਂ ਰਾਸ਼ਟਰੀ ਜਨਤਾ ਦਲ (ਰਾਜਦ) ਨੇ ਮਾਮਲੇ ਵਿਚ ਕਿੰਗਪਿੰਨ ਸੰਜੀਵ ਮੁਖੀਆ ਦੀ ਪਤਨੀ ਦੀ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਤੇ ਐੱਨ ਡੀ ਏ ਦੇ ਹੋਰ ਆਗੂਆਂ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ। ਬਿਹਾਰ ਦੇ ਉਪ ਮੁੱਖ ਮੰਤਰੀ ਵਿਜੇ ਸਿਨਹਾ ਨੇ 20 ਜੂਨ ਨੂੰ ਦੋਸ਼ ਲਾਇਆ ਸੀ ਕਿ ਨੀਟ-ਯੂ ਜੀ ਪੇਪਰ ਲੀਕ ਮਾਮਲੇ ਵਿਚ ਰਾਜਦ ਆਗੂ ਤੇਜਸਵੀ ਯਾਦਵ ਦੇ ਨਿੱਜੀ ਸਕੱਤਰ ਪ੍ਰੀਤਮ ਕੁਮਾਰ ਸ਼ਾਮਲ ਹੈ। ਪ੍ਰੀਤਮ ਕੁਮਾਰ ਨੇ ਨੀਟ ਮਾਮਲੇ ਦੇ ਮੁਲਜ਼ਮ ਸਿਕੰਦਰ ਕੁਮਾਰ ਯਾਦਵੇਂਦੂ ਲਈ ਕਮਰਾ ਬੁੱਕ ਕਰਵਾਇਆ ਸੀ। ਰਾਜਦ ਨੇ ਹੁਣ ਮੁਖੀਆ ਦੀ ਪਤਨੀ ਮਮਤਾ ਦੇਵੀ ਦੀਆਂ ਨਿਤੀਸ਼ ਕੁਮਾਰ, ਕੈਬਨਿਟ ਮੰਤਰੀ ਸ਼੍ਰਵਣ ਕੁਮਾਰ, ਜਨਤਾ ਦਲ (ਯੂ) ਦੇ ਵਿਧਾਨ ਪ੍ਰੀਸ਼ਦ ਮੈਂਬਰ ਨੀਰਜ ਕੁਮਾਰ ਤੇ ਹੋਰਨਾਂ ਨਾਲ ਤਸਵੀਰਾਂ ਸਾਹਮਣੇ ਲਿਆਂਦੀਆਂ ਹਨ। ਉਸ ਨੇ ਪੁੱਛਿਆ ਹੈ ਕਿ ਇਨ੍ਹਾਂ ਦੇ ਸੰਜੀਵ ਮੁਖੀਆ ਨਾਲ ਕੀ ਰਿਸ਼ਤੇ ਹਨ? ਕਿੰਗਪਿਨ ਸੰਜੀਵ ਮੁਖੀਆ ਨੂੰ ਕੌਣ ਬਚਾ ਰਿਹਾ ਹੈ? ਕੀ ਇਹ ਸੱਚ ਨਹੀਂ ਕਿ ਮਮਤਾ ਨੇ ਐੱਨ ਡੀ ਏ ਦੀ ਟਿਕਟ ’ਤੇ ਚੋਣ ਲੜੀ ਤੇ ਉਹ ਜਨਤਾ ਦਲ (ਯੂ) ਦੀ ਆਗੂ ਹੈ? ਕੀ ਇਹ ਸੱਚ ਨਹੀਂ ਕਿ ਸੰਜੀਵ ਮੁਖੀਆ ਦੇ ਪਰਵਾਰ ਦੀ ਮੁੱਖ ਮੰਤਰੀ ਦੀ ਰਿਹਾਇਸ਼ ਤੱਕ ਸਿੱਧੀ ਪਹੁੰਚ ਹੈ ਅਤੇ ਉਹ ਮੁੱਖ ਮੰਤਰੀ ਤੇ ਇਕ ਹੋਰ ਤਾਕਤਵਰ ਮੰਤਰੀ ਦਾ ਕਰੀਬੀ ਹੈ। ਕੀ ਇਹ ਸੱਚ ਨਹੀਂ ਕਿ ਸੰਜੀਵ ਮੁਖੀਆ ਦੇ ਮੁੱਖ ਮੰਤਰੀ ਦਫਤਰ ਦੇ ਇਕ ਤਾਕਤਵਰ ਅਫਸਰ ਨਾਲ ਚੰਗੇ ਸੰਬੰਧ ਹਨ? ਨਾਲੰਦਾ ਦਾ ਸੰਜੀਵ ਖੰਨਾ ਇਸ ਵੇਲੇ ਮਫਰੂਰ ਹੈ, ਉਸ ਦੀ ਪਤਨੀ ਮਮਤਾ ਦੇਵੀ ਨੇ 2020 ਵਿਚ ਲੋਕ ਜਨ ਸ਼ਕਤੀ ਪਾਰਟੀ ਦੇ ਉਮੀਦਵਾਰ ਵਜੋਂ ਅਸੰਬਲੀ ਚੋਣ ਲੜੀ ਸੀ।

LEAVE A REPLY

Please enter your comment!
Please enter your name here