25.3 C
Jalandhar
Thursday, October 17, 2024
spot_img

ਮੜ੍ਹੀਆਂ ਵੱਲ ਜਾਂਦਾ ਰਾਹ

ਪਿਛਲੇ ਲਗਾਤਾਰ ਤਿੰਨ ਸਾਲਾਂ ਤੋਂ ਸਾਡਾ ਦੇਸ਼ ਭਿਆਨਕ ਗਰਮੀ ਦਾ ਸਾਹਮਣਾ ਕਰ ਰਿਹਾ ਹੈ। 2022 ਤੋਂ ਸ਼ੁਰੂ ਹੋਈ ਹੀਟ ਵੇਵ ਹਰ ਸਾਲ ਵਧ ਰਹੀ ਹੈ। ਭਾਰਤ ਵਿੱਚ ਹੀਟ ਵੇਵ ਦਾ ਮਤਲਬ ਮੈਦਾਨੀ ਇਲਾਕਿਆਂ ਵਿੱਚ ਤਾਪਮਾਨ 40 ਡਿਗਰੀ ਸੈਲਸ਼ੀਅਸ ਤੇ ਪਹਾੜੀ ਇਲਾਕਿਆਂ ਵਿੱਚ 30 ਡਿਗਰੀ ਸੈਲਸ਼ੀਅਸ ਤੋਂ ਵੱਧ ਹੋਣਾ ਹੁੰਦਾ ਹੈ। ਹੁਣ ਇਸ ਗੱਲ ਤੋਂ ਕੋਈ ਅਣਜਾਣ ਨਹੀਂ ਕਿ ਭਾਰਤ ਸਮੇਤ ਸਾਰੀ ਦੁਨੀਆ ਵਿੱਚ ਗਰਮੀ ਕਿਉਂ ਵਧ ਰਹੀ ਹੈ।
ਧਰਤੀ ’ਤੇ ਜੀਵਨ ਦੀ ਹੋਂਦ ਗਰੀਨ ਹਾਊਸ ਗੈਸਾਂ ਕਾਰਨ ਹੋਈ ਸੀ। ਇਸ ਸਮੇਂ ਗਰੀਨ ਹਾਊਸ ਗੈਸਾਂ ਲੋੜ ਤੋਂ ਵੱਧ ਹੋ ਚੁੱਕੀਆਂ ਹਨ। ਇਹ ਗੈਸਾਂ ਧਰਤੀ ਨੂੰ ਏਨਾ ਗਰਮ ਕਰ ਰਹੀਆਂ ਹਨ ਕਿ ਹੁਣ ਜੀਵਨ ਹੀ ਖਤਰੇ ਵਿੱਚ ਪੈ ਗਿਆ ਹੈ। ਸਨਅਤੀ ਇਨਕਲਾਬ ਤੋਂ ਪਹਿਲਾਂ ਧਰਤੀ ਦਾ ਤਾਪਮਾਨ ਖੁਦ-ਬ-ਖੁਦ ਕੰਟਰੋਲ ਹੋ ਰਿਹਾ ਸੀ। 1850 ਤੋਂ ਬਾਅਦ ਜਿਓਂ ਹੀ ਸਨਅਤਾਂ ਲਗਦੀਆਂ ਰਹੀਆਂ, ਸਨਅਤੀ ਧੂੰਏਂ ਤੇ ਸਨਅਤੀ ਉਤਪਾਦਾਂ ਦੀ ਵਰਤੋਂ ਕਾਰਨ ਧਰਤੀ ਦਾ ਤਾਪਮਾਨ ਵਧਣ ਲੱਗ ਗਿਆ ਸੀ। ਸਨਅਤੀਕਰਨ, ਰਹਿਣ-ਸਹਿਣ ਵਿੱਚ ਤਬਦੀਲੀ ਤੇ ਬੇਤਹਾਸ਼ਾ ਬਾਲਣ ਦੀ ਵਰਤੋਂ ਕਾਰਨ ਤਾਪਮਾਨ ਵਧਾਉਣ ਵਾਲੀਆਂ ਗੈਸਾਂ ਦਾ ਪੱਧਰ ਲਗਾਤਾਰ ਵਧਦਾ ਰਿਹਾ ਹੈ। ਪਿਛਲੇ ਪੰਜਾਹ ਸਾਲਾਂ ਵਿੱਚ ਧਰਤੀ ਦਾ ਔਸਤ ਤਾਪਮਾਨ 1.5 ਡਿਗਰੀ ਸੈਲਸ਼ੀਅਸ ਵਧ ਚੁੱਕਾ ਹੈ।
1972 ਵਿੱਚ ਇਸ ਸੰਬੰਧੀ ‘ਕਲੱਬ ਆਫ ਰੋਮ’ ਸੰਸਥਾ ਦੀ ਆਈ ਇੱਕ ਰਿਪੋਰਟ ਤੋਂ ਬਾਅਦ ਸੰਸਾਰ ਇਸ ਸੰਬੰਧੀ ਸੋਚਣ ਲਈ ਮਜਬੂਰ ਹੋਇਆ ਸੀ। ਸੰਯੁਕਤ ਰਾਸ਼ਟਰ ਵੱਲੋਂ ਵੱਖ-ਵੱਖ ਸੰਮੇਲਨਾਂ ਰਾਹੀਂ ਸਥਿਤੀ ਨੂੰ ਸੰਭਾਲਣ ਲਈ ਕੋਸ਼ਿਸਾਂ ਅਰੰਭੀਆਂ ਗਈਆਂ ਸਨ। ਇਹ ਸਭ ਕੋਸ਼ਿਸ਼ਾਂ ਵੀ ਖਾਨਾਪੂਰਤੀ ਹੀ ਸਿੱਧ ਹੋਈਆਂ ਹਨ। ਜਿਸ ਤੇਜ਼ੀ ਨਾਲ ਤਾਪਮਾਨ ਵਧ ਰਿਹਾ ਹੈ, ਜੇ ਇਹ 2 ਡਿਗਰੀ ਸੈਲਸ਼ੀਅਸ ਤੱਕ ਵੱਧ ਗਿਆ ਤਾਂ ਅਰਬਾਂ ਜਾਨਾਂ ਚਲੀਆਂ ਜਾਣਗੀਆਂ।
ਮੌਤਾਂ ਦਾ ਇਹ ਸਿਲਸਿਲਾ ਸ਼ੁਰੂ ਹੋ ਚੁੱਕਾ ਹੈ। ਸੰਸਾਰ ਵਿੱਚ 1990 ਤੋਂ 2019 ਤੱਕ ਹਰ ਸਾਲ 1 ਲੱਖ 53 ਹਜ਼ਾਰ ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ। ਸਾਊਦੀ ਅਰਬ ਵਿੱਚ ਇਸੇ ਹਫ਼ਤੇ ਭਿਆਨਕ ਗਰਮੀ ਨਾਲ 1300 ਹੱਜ ਯਾਤਰੀਆਂ ਦੀ ਮੌਤ ਹੋ ਗਈ। ਭਾਰਤ ਵਿੱਚ ਮਾਰਚ ਤੋਂ ਹੁਣ ਤੱਕ 150 ਵਿਅਕਤੀ ਹੀਟ ਵੇਵ ਨਾਲ ਮਰ ਚੁੱਕੇ ਹਨ। 1990 ਤੋਂ 2019 ਤੱਕ ਭਾਰਤ ਅੰਦਰ ਪ੍ਰਤੀ ਸਾਲ 30 ਹਜ਼ਾਰ ਮੌਤਾਂ ਹੀਟ ਵੇਵ ਨਾਲ ਹੋਈਆਂ ਸਨ।
ਇਸ ਸਮੇਂ ਜਲਵਾਯੂ ਤਬਦੀਲੀ ਦਾ ਮੁੱਦਾ ਜੀਵਨ ਦੀ ਹੋਂਦ ਨਾਲ ਜੁੜ ਚੁੱਕਾ ਹੈ। ਲੋਕ ਜਾਗ ਰਹੇ ਹਨ, ਪਰ ਸਰਕਾਰਾਂ ਸੁੱਤੀਆਂ ਹੋਈਆਂ ਹਨ। ਸੰਯੁਕਤ ਰਾਸ਼ਟਰ ਦੀ ਇੱਕ ਏਜੰਸੀ ਵੱਲੋਂ ਕੀਤੇ ਸਰਵੇ ਅਨੁਸਾਰ 77 ਫੀਸਦੀ ਭਾਰਤੀ ਚਾਹੁੰਦੇ ਹਨ ਕਿ ਇਸ ਸੰਬੰਧੀ ਸਰਕਾਰ ਠੋਸ ਕਾਰਵਾਈ ਕਰੇ। ਦੁਨੀਆ ਦੇ ਬਾਕੀ ਦੇਸ਼ਾਂ ਦੇ ਲੋਕਾਂ ਵਿੱਚ ਵੀ ਜਲਵਾਯੂ ਤਬਦੀਲੀ ਪ੍ਰਤੀ ਜਾਗਰੂਕਤਾ ਵਧੀ ਹੈ।
ਭਾਰਤ ਸਰਕਾਰ ਨੇ 2030 ਤੱਕ ਭਾਰਤ ਨੂੰ ਕਾਰਬਨ ਨਿਊਟ੍ਰਲ ਬਣਾਉਣ ਦਾ ਸੰਕਲਪ ਲਿਆ ਹੈ, ਪਰ ਕਿਵੇਂ? ਪ੍ਰਧਾਨ ਮੰਤਰੀ ਜਨਤਾ ਨੂੰ ਵਾਤਾਵਰਣ ਅਨੁਕੂਲ ਜੀਵਨ-ਜਾਚ ਅਪਨਾਉਣ ਦਾ ਸੱਦਾ ਦਿੰਦੇ ਹਨ, ਪਰ ਉਨ੍ਹਾ ਦਾ ਮਿੱਤਰ ਗੌਤਮ ਅਡਾਨੀ ਹਸਦੇਵ ਜੰਗਲ ਨੂੰ ਬਰਬਾਦ ਕਰ ਰਿਹਾ ਹੈ। 1973 ਵਿੱਚ ਬੇਂਗਲੁਰੂ ਵਿੱਚ 68.7 ਫ਼ੀਸਦੀ ਹਰਿਆਲੀ ਸੀ, ਅੱਜ ਉਹ 2.5 ਫੀਸਦੀ ਰਹਿ ਗਈ ਹੈ। ਕੇਂਦਰ ਸਰਕਾਰ ਦੇ ਮੁੱਢ ਵਿੱਚ ਅਰਾਵਲੀ ਪਹਾੜੀਆਂ ’ਤੇ ਕਬਜ਼ਾ ਹੋ ਰਿਹਾ ਹੈ ਤੇ ਲਗਾਤਾਰ ਰੁੱਖ ਕੱਟੇ ਜਾ ਰਹੇ ਹਨ। ਸਰਕਾਰ ’ਤੇ ਤਾਂ ਭਾਰਤ ਨੂੰ ਵਿਸ਼ਵ ਗੁਰੂ ਬਣਾਉਣ ਦਾ ਜਨੂੰਨ ਚੜ੍ਹਿਆ ਹੋਇਆ ਹੈ। ਕਿਤੇ ਸੜਕਾਂ ਬਣਾਉਣ ਲਈ ਰੁੱਖ ਕੱਟੇ ਜਾ ਰਹੇ ਹਨ ਤੇ ਕਿਤੇ ਮੈਟਰੋ ਲਈ ਰੁੱਖਾਂ ਦੀ ਬਲੀ ਦਿੱਤੀ ਜਾ ਰਹੀ ਹੈ। ਇਹੋ ਰੁੱਖ ਹਜ਼ਾਰਾਂ-ਲੱਖਾਂ ਟਨ ਕਾਰਬਨ ਡਾਇਆਕਸਾਈਡ ਸੋਖ ਕੇ ਧਰਤੀ ਨੂੰ ਠੰਢਾ ਕਰ ਰਹੇ ਸਨ। ਸਰਕਾਰ ਜਿਸ ਰਸਤੇ ਉੱਤੇ ਚੱਲ ਰਹੀ ਹੈ, ਉਹ ਵਿਕਸਤ ਭਾਰਤ ਵੱਲ ਨਹੀਂ, ਮੜ੍ਹੀਆਂ ਵੱਲ ਜਾਂਦਾ ਹੈ।

Related Articles

LEAVE A REPLY

Please enter your comment!
Please enter your name here

Latest Articles