ਵਰਕਿੰਗ ਕਮੇਟੀ ਨੇ ਸੁਖਬੀਰ ’ਤੇ ਮੁੜ ਭਰੋਸਾ ਪ੍ਰਗਟਾਇਆ

0
256

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਆਗੂਆਂ ਦੇ ਇਕ ਵਰਗ ਵੱਲੋਂ ਪ੍ਰਧਾਨ ਸੁਖਬੀਰ ਸਿੰਘ ਬਾਦਲ ਖਿਲਾਫ ਬਗਾਵਤ ਕਰਨ ਤੋਂ ਇਕ ਦਿਨ ਬਾਅਦ ਬੁੱਧਵਾਰ ਦਲ ਨੇ ਕਿਹਾ ਕਿ ਇਸ ਦੀ ਵਰਕਿੰਗ ਕਮੇਟੀ ਨੇ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਮੁੜ ਭਰੋਸਾ ਪ੍ਰਗਟਾਇਆ ਹੈ। ਵਰਕਿੰਗ ਕਮੇਟੀ ਨੇ ਬਾਗੀਆਂ ਨੂੰ ਕਿਹਾ ਕਿ ਉਹ ਪੰਥ ਦੇ ਦੁਸ਼ਮਣਾਂ ਦੇ ਹੱਥਾਂ ’ਚ ਨਾ ਖੇਡਣ। ਵਰਕਿੰਗ ਕਮੇਟੀ ਨੇ ਸੁਖਬੀਰ ਨੂੰ ਕਿਹਾ ਕਿ ਉਹ ਪਾਰਟੀ, ਪੰਥ ਤੇ ਪੰਜਾਬ ਖਿਲਾਫ ਸਾਜ਼ਿਸ਼ਾਂ ਨੂੰ ਬੇਨਕਾਬ ਕਰਨ ਦੀਆਂ ਕੋਸ਼ਿਸ਼ਾਂ ਦੀ ਅਗਵਾਈ ਕਰਨ।
ਮੀਟਿੰਗ ਵਿਚ ਸੁਖਬੀਰ ਤੋਂ ਇਲਾਵਾ ਬਲਵਿੰਦਰ ਸਿੰਘ ਭੂੰਦੜ, ਦਲਜੀਤ ਸਿੰਘ ਚੀਮਾ, ਮਹੇਸ਼ ਇੰਦਰ ਸਿੰਘ ਗਰੇਵਾਲ, ਹੀਰਾ ਸਿੰਘ ਗਾਬੜੀਆ ਤੇ ਪਰਮਜੀਤ ਸਿੰਘ ਸਰਨਾ ਸ਼ਾਮਲ ਹੋਏ।
ਜਲੰਧਰ ਵਿਚ ਮੀਟਿੰਗ ਕਰਕੇ ਆਗੂਆਂ ਨੇ ਕਿਹਾ ਸੀ ਕਿ ਲੋਕ ਸਭਾ ਚੋਣਾਂ ਵਿਚ ਹਾਰ ਤੋਂ ਬਾਅਦ ਸੁਖਬੀਰ ਪ੍ਰਧਾਨਗੀ ਛੱਡ ਦੇਣ। ਇਸੇ ਦੌਰਾਨ ਜਲੰਧਰ ਦੀ ਮੀਟਿੰਗ ਵਿਚ ਸ਼ਾਮਲ ਹੋਣ ਵਾਲੇ ਸਾਬਕਾ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਨੇ ਕਿਹਾ ਕਿ ਬੜਾ ਮੰਦਭਾਗਾ ਹੈ ਕਿ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਥੀਆਂ ਵੱਲੋਂ ਉਨ੍ਹਾ ਵਿਰੁੱਧ ਪਾਰਟੀ ਤੋੜਨ ਦੇ ਬਿਆਨ ਦਿੱਤੇ ਜਾ ਰਹੇ ਹਨ। ਉਨ੍ਹਾ ਕਿਹਾ ਕਿ ਜਲੰਧਰ ’ਚ ਪੰਥ-ਦਰਦੀਆਂ ਤੇ ਪੰਜਾਬ ਹਿਤੈਸ਼ੀਆਂ ਦੀ ਮੀਟਿੰਗ ’ਚ ਮਾਸਟਰ ਤਾਰਾ ਸਿੰਘ ਦਾ ਪਰਵਾਰ, ਤੁੜ ਪਰਵਾਰ, ਗਿਆਨੀ ਕਰਤਾਰ ਸਿੰਘ ਦਾ ਪਰਵਾਰ, ਤਲਵੰਡੀ ਸਾਹਿਬ ਦਾ ਪਰਵਾਰ, ਟੌਹੜਾ ਸਾਹਿਬ ਦਾ ਪਰਵਾਰ ਆਦਿ ਸ਼ਾਮਲ ਸਨ। ਇਹ ਉਹ ਲੋਕ ਹਨ, ਜਿਨ੍ਹਾਂ ਨੇ ਪੰਥਕ ਸਫਾਂ ਦੇ ਨਾਲ-ਨਾਲ ਅਕਾਲੀ ਦਲ ਨੂੰ ਮਜ਼ਬੂਤ ਕਰਨ ’ਚ ਬੜਾ ਕੁਝ ਲਾਇਆ ਹੈ। ਉਨ੍ਹਾਂ ਪਰਵਾਰਾਂ ਉੱਪਰ ਅਜਿਹੇ ਦੋਸ਼ ਲਾ ਕੇ ਭੰਡਣਾ ਬਹੁਤ ਹੀ ਮੰਦਭਾਗਾ। ਸੋ ਅਜਿਹੇ ਬਿਆਨਾਂ ਦੇਣ ਤੋਂ ਪਹਿਲਾਂ ਸੋਚਣਾ ਚਾਹੀਦਾ ਹੈ ਕਿ ਪਹਿਲਾਂ ਹੀ ਪਾਰਟੀ ਬਹੁਤ ਨੀਵੇਂ ਪੱਧਰ ’ਤੇ ਜਾ ਚੁੱਕੀ ਹੈ ਤੇ ਹੋਰ ਨੁਕਸਾਨ ਹੋਵੇਗਾ। ਸੋ ਅਜਿਹੇ ਬਿਆਨਾਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਉਨ੍ਹਾ ਕਿਹਾ ਕਿ ਮੀਟਿੰਗ ਵਿਚ ਸਾਫ ਕੀਤਾ ਗਿਆ ਕਿ ਦਿੱਲੀ ਵਾਲੀ ਕਿਸੇ ਪਾਰਟੀ ਨਾਲ ਸਾਂਝ ਦੀ ਗੱਲ ਨਾ ਕੀਤੀ ਜਾਵੇ, ਸਗੋਂ ਪੰਥਕ ਮਸਲਿਆਂ ’ਤੇ ਪਹਿਰਾ ਦੇ ਕੇ ਤੇ ਨਾਲ ਪੰਜਾਬ ਦੇ ਮਸਲਿਆਂ ਨੂੰ ਜ਼ੋਰਦਾਰ ਢੰਗ ਨਾਲ ਉਠਾ ਕੇ ਹੱਲ ਕਰਾਉਣ ਦੀ ਗੱਲ ਕਰੀਏ।

LEAVE A REPLY

Please enter your comment!
Please enter your name here