ਪਟਿਆਲਾ : ਹਲਕਾ ਘਨੌਰ ’ਚ ਪਿੰਡ ਚਤਰ ਨਗਰ ਨੌਗਾਵਾਂ ਦੀ 30 ਏਕੜ ਵਾਹੀਯੋਗ ਜ਼ਮੀਨ ’ਤੇ ਕਬਜ਼ੇ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਗੋਲੀਬਾਰੀ ਦੌਰਾਨ ਪਿਓ-ਪੁੱਤ ਸਣੇ 3 ਵਿਅਕਤੀਆਂ ਦੀ ਮੌਤ ਹੋ ਗਈ ਤੇ 3 ਜ਼ਖਮੀ ਹੋ ਗਏ। ਮਿ੍ਰਤਕਾਂ ਦੀ ਪਛਾਣ ਪਿੰਡ ਚਤਰ ਨਗਰ ਨੌਗਾਵਾਂ ਦੇ ਦਿਲਬਾਗ ਸਿੰਘ ਤੇ ਉਸ ਦੇ ਪੁੱਤਰ ਜਸਵਿੰਦਰ ਸਿੰਘ ਜੱਸੀ ਅਤੇ ਸਤਵਿੰਦਰ ਸਿੰਘ ਪੁੱਤਰ ਧਰਮ ਸਿੰਘ ਵਜੋਂ ਹੋਈ ਹੈ। ਸਰਪੰਚ ਨੇ ਦੱਸਿਆ ਕਿ ਦੋਵੇਂ ਧਿਰਾਂ ਦਾਅਵਾ ਕਰ ਰਹੀਆਂ ਸਨ ਕਿ ਜ਼ਮੀਨ ਦਾ ਠੇਕਾ ਉਨ੍ਹਾਂ ਨੇ ਭਰਿਆ।
ਦਿਲਬਾਗ ਸਿੰਘ ਤੇ ਜਸਵਿੰਦਰ ਸਿੰਘ ਜੱਸੀ ਠੇਕੇ ’ਤੇ ਲਈ ਜ਼ਮੀਨ ’ਤੇ ਪੁੱਜੇ ਤਾਂ ਉਥੇ ਪਹਿਲਾਂ ਤੋਂ ਹੀ ਦੂਜੀ ਧਿਰ ਦੇ ਵਿਅਕਤੀ ਸਤਵਿੰਦਰ ਸਿੰਘ, ਹਰਜਿੰਦਰ ਸਿੰਘ ਤੇ ਹਰਪ੍ਰੀਤ ਸਿੰਘ ਵਾਸੀ ਚਤਰ ਨਗਰ ਮੌਜੂਦ ਸਨ। ਦੋਵਾਂ ਵਿਚਾਲੇ ਤਕਰਾਰ ਤੇ ਹੱਥੋਪਾਈ ਤੋਂ ਬਾਅਦ ਗੋਲੀਬਾਰੀ ਹੋਈ। ਮਰਨ ਵਾਲਿਆਂ ਵਿਚ ਸਤਵਿੰਦਰ ਸਿੰਘ ਦੂਜੀ ਧਿਰ ਦਾ ਸੀ। ਉਸ ਦੇ ਨਾਲ ਦੇ ਸਾਥੀ ਹਰਪ੍ਰੀਤ ਸਿੰਘ ਅਤੇ ਹਰਜਿੰਦਰ ਸਿੰਘ ਰਜਿੰਦਰਾ ਹਸਪਤਾਲ ਪਟਿਆਲਾ ਵਿਚ ਦਾਖਲ ਹਨ।





