ਜਲੰਧਰ (ਸ਼ੈਲੀ ਐਲਬਰਟ, ਸੁਰਿੰਦਰ ਕੁਮਾਰ)
ਆਮ ਆਦਮੀ ਪਾਰਟੀ ਪੰਜਾਬ ਨੇ ਜਲੰਧਰ ਪੱਛਮੀ ਤੋਂ ਕਾਂਗਰਸ ਦੀ ਉਮੀਦਵਾਰ ਸੁਰਿੰਦਰ ਕੌਰ ਨੂੰ ਘੇਰਦਿਆਂ ਕਿਹਾ ਕਿ ਬਤੌਰ ਡਿਪਟੀ ਮੇਅਰ ਸੁਰਿੰਦਰ ਕੌਰ ਨੇ ਜਲੰਧਰ ਪੱਛਮੀ ਜਾਂ ਜਲੰਧਰ ਸ਼ਹਿਰ ਲਈ ਕੁਝ ਨਹੀਂ ਕੀਤਾ। ਜ਼ਿਆਦਾਤਰ ਸਮਾਂ ਉਹਨਾ ਦੇ ਦਫ਼ਤਰ ਨੂੰ ਤਾਲਾ ਲੱਗਿਆ ਰਹਿੰਦਾ ਸੀ ਅਤੇ ਜਲੰਧਰ ਸਮਾਰਟ ਸਿਟੀ ਫੰਡਾਂ ਦੇ ਘੁਟਾਲੇ ਵਿਚ ਵੀ ਉਨ੍ਹਾ ਦੀ ਸ਼ਮੂਲੀਅਤ ਸੀ।
ਬੁੱਧਵਾਰ ਜਲੰਧਰ ’ਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ‘ਆਪ’ ਆਗੂ ਤੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਮੀਡੀਆ ਰਾਹੀਂ ਕਾਂਗਰਸੀ ਉਮੀਦਵਾਰ ਨੂੰ ਪੰਜ ਸਵਾਲ ਪੁੱਛੇ। ਬੈਂਸ ਨੇ ਕਿਹਾ ਕਿ ਸੁਰਿੰਦਰ ਕੌਰ 5 ਸਾਲ ਜਲੰਧਰ ਦੀ ਡਿਪਟੀ ਮੇਅਰ ਅਤੇ ਕਰੀਬ 20 ਸਾਲ ਐੱਮ ਸੀ ਰਹੀ, ਪਰ ਸਵਾਲ ਇਹ ਹੈ ਕਿ ਐੱਮ ਸੀ ਅਤੇ ਡਿਪਟੀ ਮੇਅਰ ਰਹਿੰਦਿਆਂ ਉਨ੍ਹਾ ਜਲੰਧਰ ਪੱਛਮੀ ਅਤੇ ਇੱਥੋਂ ਦੇ ਲੋਕਾਂ ਲਈ ਕੀ ਕੀਤਾ? ‘ਆਪ’ ਆਗੂ ਨੇ ਕਾਂਗਰਸੀ ਉਮੀਦਵਾਰ ਨੂੰ ਪੁੱਛਿਆ ਕਿ ਜਦੋਂ ਉਹ ਡਿਪਟੀ ਮੇਅਰ ਸੀ ਤਾਂ ਉਹਨਾ ਦੇ ਦਫ਼ਤਰ ਨੂੰ ਜ਼ਿਆਦਾਤਰ ਤਾਲਾ ਕਿਉ ਲੱਗਿਆ ਰਹਿੰਦਾ ਸੀ। ਉਹ ਲੋਕਾਂ ਵਿੱਚ ਕਿਉ ਨਹੀਂ ਗਈ, ਉਨ੍ਹਾਂ ਦੀਆਂ ਸਮੱਸਿਆਵਾਂ ਕਿਉਂ ਨਹੀਂ ਸੁਣੀਆਂ ਅਤੇ ਉਨ੍ਹਾਂ ਦਾ ਹੱਲ ਕਿਉ ਨਹੀਂ ਕੀਤਾ?
ਆਪ ਆਗੂ ਨੇ ਕਿਹਾ ਕਿ ਸੁਰਿੰਦਰ ਕੌਰ ਨੇ ਡਿਪਟੀ ਮੇਅਰ ਹੁੰਦਿਆਂ ਜਲੰਧਰ ਪੱਛਮੀ ਨੂੰ ਸਿਰਫ਼ ਇੱਕ ਤੋਹਫ਼ਾ ਦਿੱਤਾ ਹੈ, ਜੋ ਵਰਿਆਣਾ ਵਿੱਚ ਕੂੜੇ ਦਾ ਵੱਡਾ ਪਹਾੜ ਹੈ। ਬੈਂਸ ਨੇ ਕਿਹਾ ਕਿ ਉਹਨਾ ਇਸ ਬਾਰੇ ਕੁਝ ਕਿਉ ਨਹੀਂ ਕੀਤਾ। ਉਨ੍ਹਾ ਕਿਹਾ ਕਿ ਅੱਜ ਵਰਿਆਣਾ ਵਿੱਚ ਹਾਲਾਤ ਜਿਉ ਦੇ ਤਿਉ ਬਣੇ ਹੋਏ ਹਨ, ਇਸ ਦੀ ਜ਼ਿੰਮੇਵਾਰੀ ਕਿਸਦੀ ਹੈ? ਉਨ੍ਹਾ ਕਿਹਾ ਕਿ ਇਲਾਕਾ ਪੀਣ ਯੋਗ ਪਾਣੀ ਦੀ ਵੀ ਘਾਟ ਨਾਲ ਜੂਝ ਰਿਹਾ ਹੈ, ਇਸ ਲਈ ਉਨ੍ਹਾ ਇਸ ਹਲਕੇ ਨੂੰ ਕਿੰਨੇ ਜਲਘਰ ਜਾਂ ਟਿਊਬਵੈੱਲ ਦਿੱਤੇ ਹਨ।





