25.8 C
Jalandhar
Monday, September 16, 2024
spot_img

ਪੀ ਆਰ ਟੀ ਸੀ ਕਾਮਿਆਂ ਨੂੰ 3 ਦੇ ਧਰਨੇ ’ਚ ਵੱਡੀ ਗਿਣਤੀ ’ਚ ਪੁੱਜਣ ਦੀ ਅਪੀਲ

ਪਟਿਆਲਾ : ਪੀ ਆਰ ਟੀ ਸੀ ਵਰਕਰਜ਼ ਐਕਸ਼ਨ ਕਮੇਟੀ ਦੀ ਮੀਟਿੰਗ ਸ਼ਨੀਵਾਰ ਨਿਰਮਲ ਸਿੰਘ ਧਾਲੀਵਾਲ ਦੀ ਕਨਵੀਨਰਸ਼ਿਪ ਹੇਠ ਹੋਈ। ਮੀਟਿੰਗ ਵਿੱਚ ਬਲਦੇਵ ਰਾਜ ਬੱਤਾ, ਹਰਪ੍ਰੀਤ ਸਿੰਘ ਖੱਟੜਾ, ਰਾਕੇਸ਼ ਕੁਮਾਰ ਦਾਤਾਰਪੁਰੀ, ਮਨਜਿੰਦਰ ਕੁਮਾਰ ਬੱਬੂ ਅਤੇ ਉਤਮ ਸਿੰਘ ਬਾਗੜੀ ਅਤੇ ਹੋਰ ਪ੍ਰਮੁੱਖ ਆਗੂ ਸ਼ਾਮਲ ਹੋਏ। ਮੀਟਿੰਗ ਵਿੱਚ ਮੈਨੇਜਮੈਂਟ ਨੂੰ ਐਕਸ਼ਨ ਕਮੇਟੀ ਵੱਲੋਂ ਦਿੱਤੇ ਤਿੰਨ ਮੰਗ ਪੱਤਰਾਂ ਦੇ ਸੰਬੰਧ ਵਿਚ ਮੈਨੇਜਮੈਂਟ ਨਾਲ 27 ਜੂਨ ਨੂੰ ਹੋਈ ਮੀਟਿੰਗ ਦਾ ਗੰਭੀਰਤਾ ਨਾਲ ਲੇਖਾ-ਜੋਖਾ ਕੀਤਾ ਗਿਆ।ਵਿਚਾਰ-ਵਟਾਂਦਰਾ ਕਰਨ ਉਪਰੰਤ ਐਕਸ਼ਨ ਕਮੇਟੀ ਨੇ ਫੈਸਲਾ ਕੀਤਾ ਕਿ ਭਾਵੇਂ ਬਹੁਤ ਸਾਰੀਆਂ ਮੰਗਾਂ ਪ੍ਰਤੀ ਮੈਨੇਜਮੈਂਟ ਨੇ ਠੋਸ ਤਰੀਕੇ ਨਾਲ ਮੰਗਾਂ ਮੰਨ ਕੇ ਲਾਗੂ ਕਰਨ ਦਾ ਭਰੋਸਾ ਦਿੱਤਾ ਹੈ, ਪਰ ਕਾਫੀ ਮੰਗਾਂ ’ਤੇ ਤਿੰਨ ਘੰਟੇ ਚੱਲੀ ਮੀਟਿੰਗ ਵਿੱਚ ਐਕਸ਼ਨ ਕਮੇਟੀ ਵੱਲੋਂ ਤੱਥਾਂ ਦੇ ਆਧਾਰ ’ਤੇ ਅਤੇ ਕਾਨੂੰਨੀ ਪਹਿਲੂਆਂ ਤੋਂ ਦਮਦਾਰ ਬਹਿਸ ਕਰਨ ਦੇ ਬਾਵਜੂਦ ਸਾਰਥਕ ਸਿੱਟਾ ਨਹੀਂ ਨਿਕਲ ਸਕਿਆ, ਭਾਵੇਂ ਮੈਨੇਜਮੈਂਟ ਨੇ ਇਹ ਤਾਂ ਕਿਹਾ ਕਿ ਜਤਨ ਕੀਤੇ ਜਾਣਗੇ ਕਿ ਇਨ੍ਹਾਂ ਮੰਗਾਂ ਦਾ ਵੀ ਹੱਲ ਹੋ ਜਾਵੇਗਾ। ਮੀਟਿੰਗ ਦੇ ਸਮੁੱਚੇ ਵਿਚਾਰ-ਵਟਾਂਦਰੇ ਦਾ ਮੁਲਾਂਕਣ ਕਰਦਿਆਂ ਐਕਸ਼ਨ ਕਮੇਟੀ ਨੇ ਫੈਸਲਾ ਕੀਤਾ ਹੈ ਕਿ 3 ਜੁਲਾਈ ਦਾ ਰੋਸ ਧਰਨਾ ਮੁਲਤਵੀ ਨਹੀਂ ਕੀਤਾ ਜਾਵੇਗਾ। ਧਰਨੇ ਵਿੱਚ ਇੱਕ ਹਜ਼ਾਰ ਤੋਂ ਵੱਧ ਕਰਮਚਾਰੀ ਸ਼ਮੂਲੀਅਤ ਕਰਨਗੇ।ਐਕਸ਼ਨ ਕਮੇਟੀ ਨੇ ਇਹ ਵੀ ਤਹਿ ਕੀਤਾ ਕਿ ਜਿਨ੍ਹਾਂ ਚਿਰ ਸਾਰੀਆਂ ਮੰਗਾਂ ਦਾ ਨਿਆਂਪੂਰਨ ਨਿਪਟਾਰਾ ਨਹੀਂ ਹੁੰਦਾ, ਓਨਾ ਚਿਰ ਪੜਾਅਵਾਰ ਸੰਘਰਸ਼ ਲਗਾਤਾਰ ਜਾਰੀ ਰੱਖਿਆ ਜਾਵੇਗਾ।ਐਕਸ਼ਨ ਕਮੇਟੀ ਨੇ ਦੱਸਿਆ ਕਿ ਜਿਨ੍ਹਾਂ ਮੰਗਾਂ ਸੰਬੰਧੀ ਮੈਨੇਜਮੈਂਟ ਦਾ ਹਾਂ-ਪੱਖੀ ਰਵੱਈਆ ਸੀ ਅਤੇ ਲਾਗੂ ਕਰਨ ਦੀ ਇੱਛਾ ਜਤਾਈ ਗਈ। ਉਨ੍ਹਾਂ ਵਿੱਚ ਮੁੱਖ ਤੌਰ ਤੇ ਐਜੀਟੇਸ਼ਨ ਦੌਰਾਨ ਕੰਟਰੈਕਟ ਪੀ ਆਰ ਟੀ ਸੀ ਵਰਕਰਜ਼ ਯੂਨੀਅਨ ਨਾਲ ਸੰਬੰਧਤ ਵਰਕਰਾਂ ਨੂੰ ਜੋ ਨੌਕਰੀਆਂ ਤੋਂ ਕੱਢਿਆ ਗਿਆ ਸੀ, ਉਨ੍ਹਾਂ ਵਿਚੋਂ ਜਿਹੜੇ 60-70 ਵਰਕਰ ਅਜੇ ਵੀ ਡਿਊਟੀਆਂ ’ਤੇ ਨਹੀਂ ਪਾਏ ਗਏ, ਉਨ੍ਹਾਂ ਵਿੱਚੋਂ 30-35 ਵਰਕਰਾਂ ਨੂੰ ਤੁਰੰਤ ਡਿਊਟੀ ’ਤੇ ਲੈਣਾ ਮੰਨਿਆ ਗਿਆ, ਕਿਸੇ ਵੀ ਕਰਮਚਾਰੀ ਦੀ ਹਾਦਸੇ ਵਿੱਚ ਮੌਤ ਹੋ ਜਾਣ ਦੀ ਸੂਰਤ ਵਿੱਚ 40 ਲੱਖ ਰੁਪਏ ਮੁਆਵਜ਼ਾ ਰਾਸ਼ੀ ਦੇਣਾ ਮੰਨ ਲਿਆ ਗਿਆ, ਜਿਨ੍ਹਾਂ ਆਊਟਸੋਰਸ ਕਾਮਿਆਂ ਨੂੰ ਡਿਊਟੀ ’ਤੇ ਲਿਆ ਜਾਣਾ ਹੈ, ਉਹਨਾਂ ਤੋਂ ਸਕਿਉਰਟੀ ਦੀ ਰਕਮ ਇਕੱਠੀ ਜਮ੍ਹਾਂ ਕਰਵਾਉਣ ਦੀ ਬਜਾਏ ਤਨਖਾਹ ਵਿਚੋਂ ਕਿਸ਼ਤਾਂ ਕਰਕੇ ਜਮ੍ਹਾਂ ਕਰਾਈ ਜਾਵੇਗੀ।ਕੰਟਰੈਕਟ/ਆਊਟਸੋਰਸ ਕਰਮਚਾਰੀਆਂ ਦੀ ਤਨਖਾਹ ਵਿੱਚ ਇਕਸਾਰਤਾ ਲਿਆਉਣਾ ਮੰਨਿਆ ਗਿਆ, ਤਿੰਨ ਸਾਲ ਤੋਂ ਮੁੱਢਲੀ ਬੇਸਿਕ ਪੇ ’ਤੇ ਨਿਯੁਕਤ ਹੋਏ ਰੈਗੂਲਰ ਕਰਮਚਾਰੀਆਂ ਨੂੰ ਜਲਦੀ ਹੀ ਪੂਰੀ ਤਨਖਾਹ ਦੇਣੀ ਸ਼ੁਰੂ ਕਰ ਦਿੱਤੀ ਜਾਵੇਗੀ। 600 ਕਰਮਚਾਰੀਆਂ ਨੂੰ ਥੋੜ੍ਹੀ ਜਿਹੀ ਰਹਿੰਦੀ ਦਫਤਰੀ ਕਾਰਵਾਈ ਮੁਕੰਮਲ ਕਰਨ ਉਪਰੰਤ ਪੈਨਸ਼ਨ ਦੇ ਹੱਕਦਾਰ ਬਣਾ ਦਿੱਤਾ ਜਾਵੇਗਾ।ਇਸ ਮੰਗ ਵਿੱਚ ਹੁਣ ਕੋਈ ਅੜਿੱਕੇ ਵਾਲੀ ਗੱਲ ਬਾਕੀ ਨਹੀਂ ਰਹਿੰਦੀ, ਵਰਕਸ਼ਾਪ ਸਟਾਫ ਨੂੰ ਕਾਨੂੰਨ ਮੁਤਾਬਕ ਸੈਮੀ ਸਕਿਲਡ, ਸਕਿਲਡ ਅਤੇ ਹਾਈ ਸਕਿਲਡ ਦੇ ਆਧਾਰ ’ਤੇ ਤਨਖਾਹ ਦਿੱਤੀ ਜਾਵੇਗੀ, ਨਾ ਕਿ ਹਰ ਇੱਕ ਨੂੰ ਅਣਸਕਿਲਡ ਵਾਲੀ, ਸਾਰੀਆਂ ਕੈਟਾਗਰੀਆਂ ਦੀਆਂ ਬਣਦੀਆਂ ਤਰੱਕੀਆਂ ਦਾ ਅਮਲ ਤੁਰੰਤ ਸ਼ੁਰੂ ਕਰ ਦਿੱਤਾ ਜਾਵੇਗਾ।ਸਬ-ਇੰਸਪੈਕਟਰ, ਇੰਸਪੈਕਟਰ ਅਤੇ ਚੀਫ ਇੰਸਪੈਕਟਰਾਂ ਦੀਆਂ ਲੰਮੇ ਸਮੇਂ ਤੋਂ ਲੰਬਿਤ ਚਲੀਆਂ ਆ ਰਹੀਆਂ ਮੁਸ਼ਕਲਾਂ ’ਤੇ ਨਿੱਠ ਕੇ ਬਹਿਸ ਚਰਚਾ ਹੋਈ ਤਾਂ ਕੁਝ ਮਸਲੇ ਹੱਲ ਵੀ ਹੋਏ, ਕੁਝ ਨੂੰ ਹੱਲ ਕਰਨ ਵਿੱਚ ਤਰੀਕਾਕਾਰ ਪੂਰਾ ਕਰਕੇ ਹੱਲ ਕਰਨ ’ਤੇ ਸਹਿਮਤੀ ਬਣੀ, ਜਿਵੇਂ ਕਿ 5000 ਰੁਪਏ ਪ੍ਰਤੀ ਮਹੀਨਾ ਵਿਸ਼ੇਸ਼ ਭੱਤੇ ਦਾ ਏਜੰਡਾ ਬੋਰਡ ਆਫ ਡਾਇਰੈਕਟਰਜ਼ ਵਿੱਚ ਲੈ ਕੇ ਜਾਣ, ਉਡਣ ਦਸਤੇ ਲਈ ਕਾਰਾਂ ਦੀ ਗਿਣਤੀ ਪੂਰੀ ਕਰਨ ਦੀ ਪ੍ਰਕਿਰਿਆ ਚੱਲ ਰਹੀ ਹੈ, ਦਿੱਲੀ ਹੈੱਡਕੁਆਰਟਰ ’ਤੇ ਦਿੱਲੀ ਦਾ ਹਾਊਸ ਰੈਂਟ ਦੇਣਾ ਜਾਂ ਫਿਰ 6 ਮਹੀਨੇ ਤੱਕ ਦਾ ਟੀ ਏ ਤੇ ਉਸ ਉਪਰੰਤ ਹਾਊਸ ਰੈਂਟ ਦੇਣਾ ਮੰਨਿਆ ਗਿਆ ਹੈ, ਜਿਹੜਾ ਚੈਕਿੰਗ ਸਟਾਫ ਫਲਾਇੰਗ ਲਈ ਪਟਿਆਲੇ ਤਾਇਨਾਤ ਕੀਤਾ ਜਾਂਦਾ ਹੈ, ਉਸ ਦੀ ਲੀਗਲ ਪੁਜ਼ੀਸ਼ਨ ਚੈੱਕ ਕਰਕੇ ਪਟਿਆਲੇ ਦਾ ਹਾਊਸ ਰੈਂਟ ਦੇ ਦਿੱਤਾ ਜਾਵੇਗਾ।1992 ਦੀ ਪੈਨਸ਼ਨ ਸਕੀਮ ਤੋਂ ਵਾਂਝੇ ਰਹਿੰਦੇ ਬਜ਼ੁਰਗ ਸੇਵਾ-ਮੁਕਤ ਕਰਮਚਾਰੀਆਂ ਨੂੰ ਪੈਨਸ਼ਨ ਦਾ ਹੱਕ ਦੇਣ ਲਈ ਮੈਨੇਜਮੇਂਟ ਨੇ ਦੱਸਿਆ ਕਿ ਬਜ਼ੁਰਗ ਕਰਮਚਾਰੀ ਵੀ ਲਗਾਤਾਰ ਪਹੁੰਚ ਕਰ ਰਹੇ ਹਨ, ਇਸ ਬਾਰੇ ਦੱਸਿਆ ਗਿਆ ਕਿ ਇਹ ਮਾਮਲਾ ਬਹੁਤ ਗੰਭੀਰਤਾ ਨਾਲ ਵਿਚਾਰ ਅਧੀਨ ਚੱਲ ਰਿਹਾ ਹੈ। ਮੁੱਖ ਲੇਖਾ ਅਫਸਰ ਨੂੰ ਆਰਥਕ ਲੋੜ ਦਾ ਅੰਕੜਾ ਜਲਦੀ ਤਿਆਰ ਕਰਨ ਦੀ ਹਦਾਇਤ ਕੀਤੀ ਗਈ ਹੈ, ਸੇਵਾ-ਮੁਕਤ ਕਰਮਚਾਰੀਆਂ ਨੂੰ ਹਰ 2 ਸਾਲ ਬਾਅਦ ਇੱਕ ਬੇਸਿਕ ਪੇ ਬਤੌਰ ਸਫਰੀ ਭੱਤਾ ਦੇ ਸਰਕੂਲਰ ਨੂੰ ਘੋਖਣ ਲਈ ਮੁੱਖ ਲੇਖਾ ਅਫਸਰ ਨੂੰ ਕਿਹਾ ਗਿਆ ਹੈ। ਏ ਸੀ ਪੀ, ਮੈਡੀਕਲ ਬਿੱਲ ਅਤੇ ਕੁਝ ਹੋਰ ਫੁਟਕਲ ਬਕਾਏ ਅਦਾ ਕਰਨ ਲਈ 2 ਕਰੋੜ ਤੋਂ ਵੱਧ ਦੀ ਰਾਸ਼ੀ ਜਾਰੀ ਕਰਨ ਲਈ ਕਹਿ ਦਿੱਤਾ ਗਿਆ।ਜਿਹਨਾਂ ਮੰਗਾਂ ’ਤੇ ਅਜੇ ਅਨਿਸਚਿਤਤਾ ਬਣੀ ਹੋਈ ਹੈ ਅਤੇ ਪੇਚ ਫਸਿਆ ਹੋਇਆ ਹੈ, ਉਹਨਾਂ ਵਿੱਚ ਕੱਚੇ ਕਰਮਚਾਰੀਆਂ ਨੂੰ ਰੈਗੂਲਰ ਕਰਨ ਦੀ ਮੰਗ ਨੂੰ ਕਿਸੇ ਜਥੇਬੰਦੀ ਵੱਲੋਂ ਸਰਕਾਰ ਵੱਲੋਂ ਕਮੇਟੀ ਬਣਾਉਣ ਦੇ ਸੁਝਾਅ ਨੂੰ ਮੰਨ ਕੇ ਕਮੇਟੀ ਨਾਲ ਨਰੜ ਦਿੱਤਾ ਗਿਆ ਹੈ, ਜਦ ਕਿ ਸਾਡੀ ਮੰਗ ਹੈ ਕਿ ਪੀ ਆਰ ਟੀ ਸੀ ਦੇ ਰੂਲਾਂ ਤਹਿਤ 600 ਤੋਂ ਵੱਧ ਸਿੱਧੇ ਠੇਕੇ ਅਧੀਨ ਕੰਮ ਕਰਦੇ ਵਰਕਰਾਂ ਨੂੰ ਤੁਰੰਤ ਰੈਗੂਲਰ ਕੀਤਾ ਜਾਵੇ ਅਤੇ ਰੂਲਾਂ ਅਨੁਸਾਰ ਹੀ ਆਊਟਸੋਰਸ ਵਰਕਰਾਂ ਨੂੰ ਰੈਗੂਲਰ ਕਰਨ ਦਾ ਅਮਲ ਸ਼ੁਰੂ ਕੀਤਾ ਜਾਵੇ, ਪਰ ਮੈਨੇਜਮੈਂਟ ਸਰਕਾਰ ਦੀ ਕਮੇਟੀ ਦੇ ਫੈਸਲੇ ਦੀ ਉਡੀਕ ਕਰਨ ’ਤੇ ਜ਼ੋਰ ਦੇ ਰਹੀ ਹੈ। ਇਸੇ ਤਰ੍ਹਾਂ ਐੱਨ ਪੀ ਐੱਸ ਸਕੀਮ ਪੀ ਆਰ ਟੀ ਸੀ ਵਿੱਚ ਲਾਗੂ ਕਰਨ ਅਤੇ ਫਿਰ ਜੇਕਰ ਸਰਕਾਰ ਪੁਰਾਣੀ ਪੈਨਸ਼ਨ ਬਹਾਲ ਕਰਨ ਦਾ ਫੈਸਲਾ ਕਰਦੀ ਹੈ ਤਾਂ ਉਹ ਲਾਗੂ ਕਰਨਾ, ਅਜਿਹਾ ਕਰਨਾ ਤਾਂ ਮੈਨੇਜਮੈਂਟ ਮੰਨਦੀ ਹੈ, ਪਰ ਐੱਨ ਪੀ ਐੱਸ ਪਹਿਲਾਂ ਲਾਗੂ ਨਾ ਕਰਨ ਦੇ ਸੁਆਲ ਨੂੰ ਟਾਲ-ਮਟੋਲ ਕਰਦੀ ਹੈ, ਬੱਸਾਂ ਨਵੀਂਆਂ ਪਾਉਣ ਨੂੰ ਭਾਵੇਂ ਮੈਨੇਜਮੈਂਟ ਭਰੋਸੇ ਨਾਲ ਕਹਿ ਰਹੀ ਹੈ ਕਿ ਜਲਦੀ ਪਾਈਆਂ ਜਾਣਗੀਆਂ, ਪਰ ਅਜੇ ਤੱਕ ਅਜਿਹੀ ਕੋਈ ਕਾਰਵਾਈ ਨਾ ਅਰੰਭਣਾ ਭਾਰੀ ਚਿੰਤਾ ਦਾ ਵਿਸ਼ਾ ਹੈ। ਕਿਲੋਮੀਟਰ ਬੱਸਾਂ ਨਾ ਪਾਉਣ ’ਤੇ ਵੀ ਟਾਲ-ਮਟੋਲ ਵਾਲੀ ਨੀਤੀ ਹੈ, ਪਰ ਇਹ ਜ਼ਰੂਰ ਕਿਹਾ ਜਾ ਰਿਹਾ ਹੈ ਕਿ ਜੇਕਰ ਕਦੇ ਪਾਈਆਂ ਤਾਂ ਥੋੜ੍ਹੀਆਂ ਹੀ ਪਾਵਾਂਗੇ। ਅਡਵਾਂਸ ਬੁਕਰਜ਼ ਦਾ ਕਮਿਸ਼ਨ ਵਧਾਉਣ ਦਾ ਮਸਲਾ ਜ਼ੋਰ ਨਾਲ ਚੁੱਕਿਆ ਗਿਆ, ਪਰ ਇਸ ’ਤੇ ਵੀ ਮੈਨੇਜਮੈਂਟ ਨੇ ਵਿਚਾਰ ਕਰਨ ਦਾ ਸਮਾਂ ਮੰਗਿਆ ਹੈ।ਐਕਸ਼ਨ ਕਮੇਟੀ ਦੇ ਆਗੂਆਂ ਨੇ ਦਿ੍ਰੜ੍ਹ ਸੰਕਲਪ ਹੋ ਕੇ ਫੈਸਲਾ ਕੀਤਾ ਕਿ ਹੁਣ ਮੰਗਾਂ ਨੂੰ ਲਮਕਾਉਣ ਦੀ ਨੀਤੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਜਿਨ੍ਹਾਂ ਚਿਰ ਬਾਦਲੀਲ ਅਤੇ ਕਾਨੂੰਨੀ ਤੌਰ ’ਤੇ ਵਾਜਬ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਓਨਾ ਚਿਰ ਪੜਾਅਵਾਰ ਸੰਘਰਸ਼ਾਂ ਦੇ ਪ੍ਰੋਗਰਾਮ ਲਗਾਤਾਰ ਦਿੱਤੇ ਜਾਂਦੇ ਰਹਿਣਗੇ। ਐਕਸ਼ਨ ਕਮੇਟੀ ਮੀਟਿੰਗ ਵਿੱਚ ਕੰਟਰੈਕਟ ਪੀ ਆਰ ਟੀ ਸੀ ਵਰਕਰਜ ਯੂਨੀਅਨ (ਅਜ਼ਾਦ) ਦੇ ਜੋ 600 ਵਰਕਰਾਂ ਦੀ ਤਜਰਬੇਕਾਰ ਅਤੇ ਦਿ੍ਰੜ੍ਹ ਇਰਾਦੇ ਵਾਲੀ ਜਥੇਬੰਦੀ ਮਨਜਿੰਦਰ ਕੁਮਾਰ, ਬੱਬੂ ਸ਼ਰਮਾ, ਗੁਰਧਿਆਨ ਸਿੰਘ, ਜਾਨਪਾਲ ਸਿੰਘ, ਗੁਰਦੀਪ ਸਿੰਘ ਅਤੇ ਹੋਰ ਪ੍ਰਮੁੱਖ ਆਗੂਆਂ ਦੀ ਰਹਿਨੁਮਾਈ ਵਿੱਚ ਐਕਸ਼ਨ ਵਿੱਚ ਸ਼ਾਮਲ ਹੋਈ ਹੈ, ਉਸ ਲਈ ਉਨ੍ਹਾਂ ਦਾ ਤਹਿ ਦਿਲੋ ਧੰਨਵਾਦ ਕੀਤਾ ਗਿਆ ਅਤੇ ਉਨ੍ਹਾਂ ਦੀ ਏਕਤਾ ਦੀ ਸੋਚ ਦੀ ਸਰਾਹਨਾ ਕੀਤੀ ਗਈ।ਐਕਸ਼ਨ ਕਮੇਟੀ ਨੇ ਪੀ ਆਰ ਟੀ ਸੀ ਦੇ ਸਮੁੱਚੇ ਵਰਕਰਾਂ ਨੂੰ ਅਪੀਲ ਕੀਤੀ ਕਿ 3 ਜੁਲਾਈ ਦੇ ਧਰਨੇ ਵਿੱਚ ਵੱਡੀ ਗਿਣਤੀ ਵਿੱਚ ਹੁੰਮ-ਹੁਮਾ ਕੇ ਪੁੱਜਣ ਵਿੱਚ ਕੋਈ ਕਸਰ ਬਾਕੀ ਨਾ ਛੱਡੀ ਜਾਵੇ। ਇੱਕ ਬੁਖਲਾਹਟ ਭਰਿਆ ਗੁੰਮਰਾਹਕੁੰਨ ਪ੍ਰਚਾਰ ਧਰਨੇ ਨੂੰ ਸਾਬੋਤਾਜ ਕਰਨ ਲਈ ਚੱਲ ਰਿਹਾ ਹੈ, ਉਸ ਤੋਂ ਪੂਰੀ ਤਰ੍ਹਾਂ ਸੁਚੇਤ ਰਹਿਣਾ ਹੋਵੇਗਾ।

Related Articles

LEAVE A REPLY

Please enter your comment!
Please enter your name here

Latest Articles