ਅਮਰੀਕੀ ਵਿਦੇਸ਼ ਵਿਭਾਗ ਨੇ ਭਾਰਤ ਵਿੱਚ ਧਰਮ ਤਬਦੀਲੀ ਵਿਰੋਧੀ ਕਾਨੂੰਨਾਂ, ਨਫ਼ਰਤੀ ਭਾਸ਼ਣਾਂ ਤੇ ਘੱਟਗਿਣਤੀ ਫਿਰਕਿਆਂ ਦੇ ਧਰਮ ਸਥਾਨਾਂ ਤੇ ਘਰਾਂ ਨੂੰ ਤਹਿਸ-ਨਹਿਸ ਕਰਨ ਦੀਆਂ ਘਟਨਾਵਾਂ ‘ਤੇ ਚਿੰਤਾ ਪ੍ਰਗਟ ਕੀਤੀ ਹੈ |
ਕੌਮਾਂਤਰੀ ਧਾਰਮਿਕ ਅਜ਼ਾਦੀ ਬਾਰੇ ਵਿਦੇਸ਼ ਵਿਭਾਗ ਦੀ ਸਾਲਾਨਾ ਰਿਪੋਰਟ ਜਾਰੀ ਕਰਦਿਆਂ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਿਲੰਕਨ ਨੇ ਕਿਹਾ ਕਿ ਦੁਨੀਆ ਭਰ ਵਿੱਚ ਲੋਕ ਆਪਣੀ ਧਾਰਮਿਕ ਅਜ਼ਾਦੀ ਦੀ ਰਾਖੀ ਲਈ ਸਖ਼ਤ ਸੰਘਰਸ਼ ਕਰ ਰਹੇ ਹਨ | ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਅਮਰੀਕੀ ਅਧਿਕਾਰੀ ਭਾਰਤ ਸਰਕਾਰ ਤੇ ਉਸ ਦੇ ਮੰਤਰੀਆਂ ਕੋਲ ਧਾਰਮਿਕ ਅਜ਼ਾਦੀ ਦੇ ਮੁੱਦੇ ਉੱਤੇ ਚਿੰਤਾ ਪ੍ਰਗਟ ਕਰਦੇ ਰਹੇ ਹਨ | ਇਸ ਦੇ ਬਾਵਜੂਦ ਭਾਰਤ ਵਿੱਚ 2024 ਦੀਆਂ ਲੋਕ ਸਭਾ ਚੋਣਾਂ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਾਸ਼ਣ ਵਿਵਾਦਪੂਰਨ ਰਹੇ ਹਨ | ਮੋਦੀ ਨੇ ਆਪਣੇ ਚੋਣ ਭਾਸ਼ਣਾਂ ਵਿੱਚ ਸਿੱਧੇ ਤੌਰ ‘ਤੇ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਇਆ ਸੀ | ਉਸ ਨੇ ਉਨ੍ਹਾਂ ਨੂੰ ਵੱਧ ਬੱਚੇ ਪੈਦਾ ਕਰਨ ਵਾਲੇ ਤੇ ਘੁਸਪੈਠੀਏ ਤੱਕ ਕਿਹਾ ਸੀ | ਹਿੰਦੂਆਂ ਵਿੱਚ ਮੁਸਲਮਾਨਾਂ ਬਾਰੇ ਘਿ੍ਣਾ ਪੈਦਾ ਕਰਨ ਲਈ ਹਿੰਦੂ ਔਰਤਾਂ ਦੇ ਮੰਗਲ ਸੂਤਰ ਤੋਂ ਲੈ ਕੇ ਹਿੰਦੂਆਂ ਦੀਆਂ ਮੱਝਾਂ ਤੱਕ ਨੂੰ ਮੁਸਲਮਾਨਾਂ ਤੋਂ ਖਤਰਾ ਦੱਸਿਆ ਸੀ | ਭਾਰਤ ਦੇ ਚੋਣ ਕਮਿਸ਼ਨ ਨੇ ਇਨ੍ਹਾਂ ਭਾਸ਼ਣਾਂ ‘ਤੇ ਕੋਈ ਰੋਕ ਨਾ ਲਾਈ | ਭਾਰਤ ਦੀਆਂ ਅਦਾਲਤਾਂ ਵੀ ਚੁੱਪ ਰਹੀਆਂ, ਜਦੋਂ ਕਿ ਉਨ੍ਹਾਂ ਨੇ ਨਫ਼ਰਤੀ ਭਾਸ਼ਣਾਂ ਬਾਰੇ ਆਦੇਸ਼ ਜਾਰੀ ਕੀਤਾ ਹੋਇਆ ਸੀ |
ਇਸ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਭਾਰਤ ਦੇ 28 ਵਿੱਚੋਂ 10 ਰਾਜਾਂ ਵਿੱਚ ਧਰਮ ਤਬਦੀਲੀ ਕਾਨੂੰਨ ਬਣੇ ਹੋਏ ਹਨ | ਕੁਝ ਰਾਜਾਂ ਵਿੱਚ ਵਿਆਹ ਲਈ ਧਰਮ ਤਬਦੀਲੀ ਕਰਨ ‘ਤੇ ਸਜ਼ਾਵਾਂ ਵੀ ਦਿੱਤੀਆਂ ਜਾਂਦੀਆਂ ਹਨ | ਇਸ ਦੀ ਵਰਤੋਂ ਘੱਟਗਿਣਤੀਆਂ ਵਿਰੁੱਧ ਕੀਤੀ ਜਾਂਦੀ ਹੈ | ਧਾਰਮਿਕ ਘੱਟਗਿਣਤੀਆਂ ਦੇ ਕੁਝ ਮੈਂਬਰਾਂ ਨੇ ਹਿੰਸਾ ਤੋਂ ਬਚਣ ਤੇ ਆਪਣੀ ਧਾਰਮਿਕ ਆਸਥਾ ਦੀ ਅਜ਼ਾਦੀ ਦੀ ਰਾਖੀ ਲਈ ਅਦਾਲਤਾਂ ਦਾ ਬੂਹਾ ਦੀ ਖੜਕਾਇਆ ਹੈ | ਉਨ੍ਹਾਂ ਦਾ ਦੋਸ਼ ਹੈ ਕਿ ਸਰਕਾਰ ਹਿੰਦੂ ਗੁੰਡਾ ਗਰੋਹਾਂ ਕੋਲੋਂ ਉਨ੍ਹਾਂ ਦੀ ਰਾਖੀ ਨਹੀਂ ਕਰ ਰਹੀ |
ਭਾਰਤ ਨੇ ਧਾਰਮਿਕ ਅਜ਼ਾਦੀ ਬਾਰੇ ਅਮਰੀਕਾ ਵੱਲੋਂ ਜਾਰੀ ਕੀਤੀ ਜਾਣ ਵਾਲੀ ਹਰ ਰਿਪੋਰਟ ਨੂੰ ਖਾਰਜ ਕੀਤਾ ਹੈ, ਹਾਲਾਂਕਿ ਵਿਦੇਸ਼ੀ ਮੀਡੀਆ ਸਮੇਂ-ਸਮੇਂ ਉੱਤੇ ਭਾਰਤ ਵਿੱਚ ਘੱਟਗਿਣਤੀਆਂ ਉੱਤੇ ਹੁੰਦੇ ਜਬਰ ਦੀਆਂ ਖ਼ਬਰਾਂ ਪ੍ਰਕਾਸ਼ਤ ਕਰਦਾ ਰਿਹਾ ਹੈ | ਮਨੀਪੁਰ ਜਾਤੀ ਹਿੰਸਾ ਦੌਰਾਨ ਜਦੋਂ ਈਸਾਈਆਂ ਦੇ 300 ਤੋਂ ਵੱਧ ਚਰਚ ਸਾੜ ਦਿੱਤੇ ਗਏ ਸਨ ਤਾਂ ਸਰਕਾਰ ਉਸ ਸੰਬੰਧੀ ਛਪੀਆਂ ਰਿਪੋਰਟਾਂ ਦਾ ਖੰਡਨ ਨਹੀਂ ਸੀ ਕਰ ਸਕੀ |
ਅਮਰੀਕੀ ਵਿਦੇਸ਼ ਵਿਭਾਗ ਵੱਲੋਂ ਜਦੋਂ ਇਹ ਰਿਪੋਰਟ ਜਾਰੀ ਕੀਤੀ ਜਾ ਰਹੀ ਸੀ ਤਾਂ ਦੇਸ਼ ਵਿੱਚ ਮੁੜ ਬੁਲਡੋਜ਼ਰ ਰਾਜ ਦੀ ਵਾਪਸੀ ਹੋ ਰਹੀ ਸੀ | ਮੱਧ ਪ੍ਰਦੇਸ਼ ਵਿੱਚ ਮੁਸਲਮਾਨਾਂ ਦੇ ਘਰਾਂ ਉੱਤੇ ਫਰਿੱਜ ਵਿੱਚ ਗਊ ਮਾਸ ਦਾ ਦੋਸ਼ ਲਾ ਕੇ ਬੁਲਡੋਜ਼ਰ ਚਲਾਇਆ ਜਾ ਰਿਹਾ ਸੀ | ਕੇਂਦਰ ਵਿੱਚ ਮੁੜ ਮੋਦੀ ਦੀ ਸਰਕਾਰ ਬਣਨ ਤੋਂ ਬਾਅਦ 15 ਦਿਨਾਂ ਅੰਦਰ ਭੀੜਤੰਤਰ ਦੀਆਂ ਚਾਰ ਘਟਨਾਵਾਂ ਹੋ ਚੁੱਕੀਆਂ ਸਨ, ਜਿਨ੍ਹਾਂ ਵਿੱਚ ਮੁਸਲਮਾਨ ਵਿਅਕਤੀਆਂ ਨੂੰ ਮਾਰ ਦਿੱਤਾ ਗਿਆ ਸੀ |
ਅਮਰੀਕੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੱਖਰੇ-ਵੱਖਰੇ ਫਿਰਕਿਆਂ ਦੇ ਧਾਰਮਿਕ ਕਾਨੂੰਨਾਂ ਦੀ ਥਾਂ ਕੌਮੀ ਪੱਧਰ ‘ਤੇ ਸਮਾਨ ਨਾਗਰਿਕ ਕੋਡ ਲਾਗੂ ਕਰਨ ਦਾ ਫੈਸਲਾ ਲਿਆ ਹੈ | ਮੁਸਲਿਮ, ਸਿੱਖ, ਈਸਾਈ ਤੇ ਆਦਿਵਾਸੀ ਸਮੂਹਾਂ ਦੇ ਆਗੂਆਂ ਨੇ ਇਸ ਕੋਸ਼ਿਸ਼ ਦਾ ਇਹ ਕਹਿ ਕੇ ਵਿਰੋਧ ਕੀਤਾ ਹੈ ਕਿ ਇਹ ਮੋਦੀ ਸਰਕਾਰ ਦੇ ਦੇਸ਼ ਨੂੰ ਹਿੰਦੂ ਰਾਸ਼ਟਰ ਵਿੱਚ ਬਦਲਣ ਦੀ ਯੋਜਨਾ ਦਾ ਹਿੱਸਾ ਹੈ |



