ਚੰਡੀਗੜ੍ਹ/ਅੰਮਿ੍ਰਤਸਰ (ਗੁਰਜੀਤ ਬਿੱਲਾ)-ਪੰਜਾਬ ਪੁਲਸ ਨੇ 6 ਵਿਅਕਤੀਆਂ ਨੂੰ 8 ਕਿਲੋਗ੍ਰਾਮ ਹੈਰੋਇਨ ਅਤੇ ਤਿੰਨ ਪਿਸਤੌਲਾਂ ਸਮੇਤ ਗਿ੍ਰਫਤਾਰ ਕਰਕੇ ਪਾਕਿਸਤਾਨ ਦੀ ਹਮਾਇਤ ਵਾਲੇ ਨਸ਼ਾ ਤਸਕਰੀ ਦੇ ਦੋ ਹੋਰ ਰੈਕੇਟਾਂ ਦਾ ਪਰਦਾ ਫਾਸ਼ ਕੀਤਾ ਹੈ। ਡੀ ਜੀ ਪੀ ਪੰਜਾਬ ਗੌਰਵ ਯਾਦਵ ਨੇ ਦੱਸਿਆ ਕਿ ਇਹ ਸਫ਼ਲਤਾ ਅੰਮਿ੍ਰਤਸਰ ਕਮਿਸ਼ਨਰੇਟ ਪੁਲਸ ਵੱਲੋਂ ਪਾਕਿਸਤਾਨ ਅਧਾਰਤ ਤਸਕਰਾਂ ਦੁਆਰਾ ਚਲਾਏ ਜਾ ਰਹੇ ਸਰਹੱਦ ਪਾਰੋਂ ਨਸ਼ਾ ਤਸਕਰੀ ਦੇ ਦੋ ਰੈਕੇਟਾਂ ਦਾ ਪਰਦਾ ਫਾਸ਼ ਕਰਕੇ ਤਿੰਨ ਨਸ਼ਾ ਤਸਕਰਾਂ ਨੂੰ 9.2 ਕਿਲੋਗ੍ਰਾਮ ਹੈਰੋਇਨ (8.2 ਕਿਲੋ + 1 ਕਿਲੋਗ੍ਰਾਮ) ਸਮੇਤ ਗਿ੍ਰਫਤਾਰ ਕਰਨ ਤੋਂ ਇੱਕ ਦਿਨ ਬਾਅਦ ਹਾਸਲ ਹੋਈ ਹੈ। ਯਾਦਵ ਨੇ ਦੱਸਿਆ ਕਿ ਪੁਲਸ ਨੂੰ ਖੁਫੀਆ ਜਾਣਕਾਰੀ ਮਿਲੀ ਸੀ ਕਿ ਹੀਰੋ ਸਪਲੈਂਡਰ ਮੋਟਰਸਾਈਕਲ ’ਤੇ ਸਵਾਰ ਦੋ ਵਿਅਕਤੀ ਨਸ਼ੀਲੇ ਪਦਾਰਥਾਂ ਦੀ ਖੇਪ ਲੈ ਕੇ ਜਾ ਰਹੇ ਹਨ, ਜਿਸ ’ਤੇ ਕਾਰਵਾਈ ਕਰਦਿਆਂ ਅੰਮਿ੍ਰਤਸਰ ਦਿਹਾਤੀ ਦੀਆਂ ਪੁਲਸ ਟੀਮਾਂ ਨੇ ਪਿੰਡ ਬਚੀਵਿੰਡ ਵਿਖੇ ਭੱਠੇ ਨੇੜੇ ਉਨ੍ਹਾਂ ਨੂੰ ਘੇਰ ਲਿਆ ਅਤੇ ਅੰਮਿ੍ਰਤਸਰ ਦੇ ਪਿੰਡ ਮੰਝ ਦੇ ਰਹਿਣ ਵਾਲੇ ਗੁਰਭੇਜ ਸਿੰਘ ਅਤੇ ਜਸਕਰਨ ਸਿੰਘ ਨਾਮੀ ਦੋ ਨਸ਼ਾ ਤਸਕਰਾਂ ਨੂੰ ਗਿ੍ਰਫ਼ਤਾਰ ਕਰਨ ਤੋਂ ਬਾਅਦ ਉਨ੍ਹਾਂ ਦੇ ਕਬਜ਼ੇ ਵਿੱਚੋਂ 6 ਕਿਲੋ ਹੈਰੋਇਨ ਅਤੇ ਤਿੰਨ ਪਿਸਤੌਲ, ਜਿਨ੍ਹਾਂ ਵਿੱਚ ਇੱਕ 9 ਐੱਮ ਐੱਮ ਗਲੌਕ ਅਤੇ ਦੋ.32 ਬੋਰ ਪਿਸਤੌਲ ਸ਼ਾਮਲ ਹਨ, ਬਰਾਮਦ ਕਰਕੇ ਮੁਲਜ਼ਮਾਂ ਦਾ ਮੋਟਰਸਾਈਕਲ ਵੀ ਜ਼ਬਤ ਕਰ ਲਿਆ ਹੈ।ਅੰਮਿ੍ਰਤਸਰ ਦਿਹਾਤੀ ਪੁਲਸ ਦੀਆਂ ਪੈਟਰੋਲਿੰਗ ਟੀਮਾਂ ਨੇ ਥਾਣਾ ਲੋਪੋਕੇ ਦੀ ਹਦੂਦ ਅੰਦਰ ਪੈਂਦੇ ਪਿੰਡ ਨੂਰਪੁਰ ਨੇੜੇ 2 ਕਿਲੋ ਹੈਰੋਇਨ ਦੀ ਖੇਪ ਦੀ ਡੀਲ ਕਰਦਿਆਂ ਪਿਉ-ਪੁੱਤ ਸਮੇਤ ਚਾਰ ਵਿਅਕਤੀਆਂ ਨੂੰ ਗਿ੍ਰਫ਼ਤਾਰ ਕੀਤਾ ਹੈ। ਨਸ਼ਿਆਂ ਦੀ ਖੇਪ ਪਹੁੰਚਾਉਣ ਜਾ ਰਹੇ ਦੋਵੇਂ ਵਿਅਕਤੀਆਂ ਦੀ ਪਛਾਣ ਬਲਬੀਰ ਸਿੰਘ ਅਤੇ ਉਸ ਦਾ ਪੁੱਤਰ ਆਕਾਸ਼ਦੀਪ ਸਿੰਘ ਦੋਵੇਂ ਵਾਸੀ ਕੋਹਾਲੀ, ਅੰਮਿ੍ਰਤਸਰ ਵਜੋਂ ਹੋਈ ਹੈ, ਜਦੋਂਕਿ ਗਿ੍ਰਫਤਾਰ ਕੀਤੇ ਗਏ ਦੋ ਹੋਰ ਵਿਅਕਤੀਆਂ, ਜੋ ਖੇਪ ਲੈਣ ਆਏ ਸਨ, ਦੀ ਪਛਾਣ ਫਿਲਪਸ ਅਤੇ ਜੋਬਨਜੀਤ ਸਿੰਘ ਵਾਸੀ ਪਿੰਡ ਮੂਲ ਚੱਕ, ਅੰਮਿ੍ਰਤਸਰ ਵਜੋਂ ਹੋਈ ਹੈ। ਮੁਲਜ਼ਮਾਂ ਕੋਲੋਂ 2 ਕਿਲੋ ਹੈਰੋਇਨ ਬਰਾਮਦ ਕਰਨ ਤੋਂ ਇਲਾਵਾ ਉਨ੍ਹਾਂ ਦੇ ਕਬਜ਼ੇ ’ਚੋਂ 30,000 ਰੁਪਏ ਦੀ ਡਰੱਗ ਮਨੀ ਅਤੇ ਉਨ੍ਹਾਂ ਦੀ ਐਕਟਿਵਾ ਤੇ ਇੱਕ ਮੋਟਰਸਾਈਕਲ ਵੀ ਜ਼ਬਤ ਕਰ ਲਿਆ ਹੈ।ਐੱਸ ਐੱਸ ਪੀ ਅੰਮਿ੍ਰਤਸਰ ਦਿਹਾਤੀ ਸਤਿੰਦਰ ਸਿੰਘ ਨੇ ਦੱਸਿਆ ਕਿ ਮੁੱਢਲੀ ਤਫਤੀਸ਼ ਅਨੁਸਾਰ ਦੋਵਾਂ ਮਾਮਲਿਆਂ ਵਿੱਚ ਫੜੇ ਗਏ ਸਾਰੇ ਮੁਲਜ਼ਮ ਸਿੱਧੇ ਤੌਰ ’ਤੇ ਪਾਕਿਸਤਾਨ ਅਧਾਰਤ ਤਸਕਰਾਂ ਦੇ ਸੰਪਰਕ ਵਿੱਚ ਸਨ, ਜੋ ਪਾਕਿਸਤਾਨ ਤੋਂ ਡਰੋਨ ਰਾਹੀਂ ਨਸ਼ਾ ਮੰਗਵਾ ਕੇ ਸੂਬੇ ਭਰ ਵਿੱਚ ਸਪਲਾਈ ਕਰਦੇ ਸਨ।