ਨਵੀਂ ਦਿੱਲੀ : ਜਨਤਾ ਦਲ (ਯੂ) ਦੀ ਕੌਮੀ ਐਗਜ਼ੈਕਟਿਵ ਨੇ ਸ਼ਨੀਵਾਰ ਮਤਾ ਪਾਸ ਕਰਕੇ ਕੇਂਦਰ ਸਰਕਾਰ ਤੋਂ ਬਿਹਾਰ ਲਈ ਵਿਸ਼ੇਸ਼ ਰਾਜ ਦਾ ਦਰਜਾ ਜਾਂ ਸਪੈਸ਼ਲ ਆਰਥਕ ਪੈਕੇਜ ਦੇਣ ਦੀ ਮੰਗ ਕੀਤੀ। ਇਸ ਦੌਰਾਨ ਰਾਜ ਸਭਾ ਮੈਂਬਰ ਸੰਜੇ ਝਾਅ ਨੂੰ ਵਰਕਿੰਗ ਪ੍ਰਧਾਨ ਵੀ ਬਣਾਇਆ ਗਿਆ।
ਸੰਜੇ ਝਾਅ, ਕਈ ਸਾਲ ਪਹਿਲਾਂ ਭਾਜਪਾ ਵਿੱਚੋਂ ਹੀ ਜਨਤਾ ਦਲ (ਯੂ) ’ਚ ਆਏ ਸਨ। ਸਮਝਿਆ ਜਾਂਦਾ ਹੈ ਕਿ ਉਨ੍ਹਾ ਦੇ ਭਾਜਪਾ ਆਗੂਆਂ ਨਾਲ ਚੰਗੇ ਰਿਸ਼ਤੇ ਹਨ ਤੇ ਪਾਰਟੀ ਇਸ ਦਾ ਬਿਹਾਰ ਦੀਆਂ ਮੰਗਾਂ ਮੰਨਵਾਉਣ ਲਈ ਫਾਇਦਾ ਉਠਾਉਣਾ ਚਾਹੁੰਦੀ ਹੈ। ਇਕ ਹੋਰ ਮਤੇ ਵਿਚ ਬਿਹਾਰ ਵਿਚ ਰਿਜ਼ਰਵੇਸ਼ਨ ਦੀ ਹੱਦ ਵਧਾ ਕੇ 65 ਫੀਸਦੀ ਕਰਨ ਨੂੰ ਸੰਵਿਧਾਨ ਦੀ ਨੌਵੀਂ ਸੂਚੀ ਵਿਚ ਸ਼ਾਮਲ ਕਰਨ ਦੀ ਮੰਗ ਕੀਤੀ ਗਈ।
ਪਟਨਾ ਹਾਈ ਕੋਰਟ ਨੇ ਹੱਦ ਵਧਾਉਣ ਦਾ ਬਿਹਾਰ ਸਰਕਾਰ ਦਾ ਫੈਸਲਾ ਰੱਦ ਕਰ ਦਿੱਤਾ ਸੀ। ਇਸ ਨੂੰ ਨੌਵੀਂ ਸੂਚੀ ਵਿਚ ਸ਼ਾਮਲ ਕਰਕੇ ਹੀ ਬਚਾਇਆ ਜਾ ਸਕਦਾ ਹੈ। ਮੀਟਿੰਗ ਵਿਚ ਪ੍ਰਧਾਨ ਤੇ ਮੁੱਖ ਮੰਤਰੀ ਨਿਤਿਸ਼ ਕੁਮਾਰ, ਕੇਂਦਰੀ ਮੰਤਰੀ ਲੱਲਨ ਸਿੰਘ ਵੀ ਮੌਜੂਦ ਸਨ।